ਕਿਹਾ ਕਿ ਅਮਰਿੰਦਰ ਦੀ ਦੋ ਸਾਲ ਦੀ ਅਰਾਮਪ੍ਰਸਤੀ ਅਤੇ ਐਸ਼ਪ੍ਰਸਤੀ ਨੇ ਸੂਬੇ ਨੂੰ ਤਬਾਹ ਕਰ ਦਿੱਤਾ
ਕਿਹਾ ਕਿ ਰਾਹੁਲ ਨੂੰ ਬਰਗਾੜੀ ਬੁਲਾਉਣ ਮਗਰੋਂ ਅਮਰਿੰਦਰ ਅਬਦਾਲੀ ਦੇ ਵੰਸ਼ਜ਼ਾਂ ਨੂੰ ਅੰਮ੍ਰਿਤਸਰ ਬੁਲਾ ਸਕਦਾ ਹੈ
ਨਵਜੋਤ ਸਿੱਧੂ ਦੇ ਮਦਾਰੀਪੁਣੇ ਦੀ ਨਿਖੇਧੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਛਾਲਾਂ ਮਾਰਨ ਨਾਲ ਬਾਂਦਰ ਸ਼ੇਰ ਨਹੀਂ ਬਣ ਜਾਂਦਾ
ਬਠਿੰਡਾ/16 ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਦੋ ਸਾਲ ਦੀ ਆਰਾਮਪ੍ਰਸਤੀ ਅਤੇ ਐਸ਼ਪ੍ਰਸਤੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਅਜਿਹਾ ਆਗੂ ਹੈ, ਜਿਸ ਨੇ ਮੁੱਖ ਮੰਤਰੀ ਦੀ ਕੁਰਸੀ ਦੇ ਲਾਲਚ ਵਿਚ ਗੁਰੂ ਸਾਹਿਬਾਨ ਦੀ ਝੂਠੀ ਸਹੁੰ ਖਾਣ ਦੀ ਬੇਅਦਬੀ ਕੀਤੀ ਹੈ। ਉਹਨਾਂ ਖਾਲਸਾ ਪੰਥ ਦੇ ਨਾਮੀ ਦੁਸ਼ਮਣਾਂ ਨੂੰ ਸਿੱਖਾਂ ਦੇ ਮਾਮਲਿਆਂ ਵਿਚਦਖ਼ਲਅੰਦਾਜ਼ੀ ਕਰਨ ਲਈ ਬਰਗਾੜੀ ਵਿਖੇ ਲਿਆਉਣ ਵਾਸਤੇ ਮੁੱਖ ਮੰਤਰੀ ਦੀ ਸਖ਼ਤ ਨਿਖੇਧੀ ਕੀਤੀ।
ਸਰਦਾਰ ਬਾਦਲ ਨੇ ਕਿਹਾ ਕਿ ਆਪਰੇਸ਼ਨ ਬਲਿਊ ਸਟਾਰ ਅਤੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਦੇ ਵੰਸ਼ਜ਼ਾਂ ਨੂੰ ਬਰਗਾੜੀ ਵਿਖੇ ਲਿਆਉਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਗਲਾ ਕਦਮ ਇਹ ਜਾਪਦਾ ਹੈ ਕਿ ਉਹ ਅਹਿਮਦ ਸ਼ਾਹ ਅਬਦਾਲੀ ਦੇ ਵੰਸ਼ਜ਼ਾਂ ਨੂੰ ਅੰਮ੍ਰਿਤਸਰ ਲੈ ਕੇ ਆਵੇਗਾ, ਜਿਸ ਨੇ ਇੰਦਰਾ ਗਾਂਧੀ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਢੇਰੀ ਕੀਤਾ ਸੀ।
ਬੁਢਲਾਡਾ ਵਿਖੇ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਨਵਜੋਤ ਸਿੱਧੂ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਸਦਾ ਮਦਾਰੀਪੁਣਾ ਹੁਣ ਲੋਕਾਂ ਨੂੰ ਬੋਰ ਕਰਨ ਲੱਗ ਪਿਆ ਹੈ। ਉਹਨਾਂ ਕਿਹਾ ਕਿ ਜੇਕਰ ਇੱਕ ਬਾਂਦਰ ਅਤੇ ਮਦਾਰੀ ਬਠਿੰਡਾ ਵਿਚ 10 ਸ਼ੋਅ ਕਰ ਲਵੇ ਤਾਂ ਕੀ ਬਾਂਦਰ ਸ਼ੇਰ ਨੂੰ ਡਰਾ ਦੇਵੇਗਾ। ਇਸ ਤੋਂ ਬਾਅਦ ਉਹਨਾਂ ਨੇ ਭੁੱਚੋ ਮੰਡੀ, ਮੁਕਤਸਰ ਅਤੇ ਮਲੋਟ ਵਿਖੇ ਵੀ ਜਨਤਕ ਰੈਲੀਆਂ ਨੂੰ ਸੰਬੋਧਨ ਕੀਤਾ।
ਅਮਰਿੰਦਰ ਦੀ ਸਿੱਖ ਜ਼ਜ਼ਬਾਤਾਂ ਪ੍ਰਤੀ ਅਸੰਵੇਦਨਸ਼ੀਲਤਾ ਉੱਤੇ ਟਿੱਪਣੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਜੇਕਰ ਅਮਰਿੰਦਰ ਨੂੰ ਅਬਦਾਲੀ ਦੇ ਵੰਸ਼ਜ਼ ਨਾ ਲੱਭੇ ਤਾਂ ਉਹ ਆਪਣੇ ਦੋਸਤਾਂ ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਇਹ ਵਿਖਾਉਣ ਲਈ ਲਿਆ ਸਕਦਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤੇ ਫੌਜੀ ਹਮਲੇ ਨੂੰ ਲੈ ਕੇ ਉਹਨਾਂ ਦੇ ਦਿਲ ਵਿਚ ਸਿੱਖਾਂ ਲਈ ਕਿੰਨਾ ਦਰਦ ਹੈ। ਉਹਨਾਂ ਕਿਹਾ ਕਿ ਅਮਰਿੰਦਰ ਦਾ ਦਿਮਾਗ ਪੁੱਠਾ ਹੀ ਚੱਲਦਾ ਹੈ। ਨਹੀਂ ਤਾਂ ਕਿਹੜਾ ਸਿਆਣਾ ਵਿਅਕਤੀ ਸਿੱਖਾਂ ਦੇ ਧਾਰਮਿਕ ਮਸਲਿਆਂ ਬਾਰੇ ਚਰਚਾ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹੁਣ ਵਾਲੀ ਹੁਕਮਰਾਨ ਦੇ ਪੋਤੇ ਨੂੰ ਲਿਆਉਣ ਬਾਰੇ ਸੋਚ ਸਕਦਾ ਸੀ? ਉਹਨਾਂ ਕਿਹਾ ਕਿ ਜੇਕਰ ਕਾਂਗਰਸ ਇਸ ਨੂੰ ਖਾਲਸਾ
ਪੰਥ ਅਤੇ ਰਾਹੁਲ ਵਿਚਲਾ ਮੁਕਾਬਲਾ ਬਣਾਉਣਾ ਚਾਹੁੰਦੀ ਹੈ ਤਾਂ ਅਸੀਂ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹਾਂ।
ਦਾਦੂਵਾਲ ਵਰਗੇ ਅਖੌਤੀ ਪੰਥਕ ਆਗੂਆਂ ਦੀ ਨਿਖੇਧੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਉਹ ਸਿਰਫ ਕਾਂਗਰਸ ਦੇ ਝੋਲੀਚੁੱਕ ਹਨ, ਜਿਹਨਾਂ ਦਾ ਇੱਕੋ ਇੱਕ ਕੰਮ ਕਾਂਗਰਸ ਨੂੰ ਫਾਇਦਾ ਪਹੁੰਚਾਉਣ ਲਈ ਸਿੱਖ ਕੌਮ ਅੰਦਰ ਵੰਡੀਆਂ ਪਾਉਣਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਰਾਹੁਲ ਨੂੰ ਕਾਲੀਆਂ ਝੰਡੀਆਂ ਕਿਉਂ ਨਹੀਂ ਵਿਖਾਈਆਂ, ਜਿਸ ਦਾ ਪਰਿਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹੁਣ ਅਤੇ ਹਜ਼ਾਂਰਾਂ ਸਿੱਖਾਂ ਦੇ ਕਤਲੇਆਮ ਦਾ ਦੋਸ਼ੀ ਹੈ? ਉਹਨਾਂ ਨੇ ਪੈਸੇ ਦੇਣ ਵਾਲੇ ਆਪਣੇ ਕਾਂਗਰਸੀ ਆਕਾਵਾਂ ਦੇ ਕਹਿਣ ਉੱਤੇ ਧਰਨਾ ਲਾਇਆ ਅਤੇ ਖ਼ਤਮ ਕੀਤਾ ਸੀ। ਪਿਛਲੇ ਦੋ ਸਾਲਾਂ ਵਿਚ ਪੰਜਾਬ ਅੰਦਰ ਬੇਅਦਬੀ ਦੀਆਂ 80 ਘਟਨਾਵਾਂ ਹੋ ਚੁੱਕੀਆਂ ਹਨ। ਕੀ ਦਾਦੂਵਾਲ ਅਤੇ ਉਸ ਦੇ ਜੋੜੀਦਾਰਾਂ ਨੇ ਕਦੇ ਅਮਰਿੰਦਰ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਹਨ? ਉਹ ਕਦੇ ਨਹੀਂ ਵਿਖਾਉਣਗੇ, ਕਿਉਂਕਿ ਖਾਲਸਾ ਪੰਥ ਦੇ ਹਿੱਤਾਂ ਨੂੰ ਵੇਚਣ ਲਈ ਉਹ ਉਹਨਾਂ ਕੋਲੋਂ ਮੋਟੀ ਮਾਇਆ ਲੈ ਰਹੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਅਮਰਿੰਦਰ ਬੇਅਦਬੀ ਦੀ ਆੜ ਪਿੱਛੇ ਲੁਕ ਰਿਹਾ ਹੈ, ਕਿਉਂਕਿ ਬਤੌਰ ਮੁੱਖ ਮੰਤਰੀ ਆਪਣੀਆਂ ਨਾਕਾਮੀਆਂ ਲੁਕੋਣ ਲਈ ਉਸ ਨੂੰ ਲੋਕਾਂ ਦਾ ਧਿਆਨ ਵੰਡਾਉਣ ਵਾਲੇ ਹਥਕੰਡਿਆਂ ਦੀ ਲੋੜ ਹੈ।
ਸਰਦਾਰ ਬਾਦਲ ਨੇ ਅਮਰਿੰਦਰ ਨੂੰ ਚੁਣੌਤੀ ਦਿੱਤੀ ਕਿ ਉਹ ਬਤੌਰ ਮੁੱਖ ਮੰਤਰੀ ਆਪਣੀ ਕਾਰਗੁਜ਼ਾਰੀ ਦੇ ਸਿਰ ਤੇ ਲੋਕਾਂ ਤੋਂ ਫਤਵਾ ਮੰਗੇ ਅਤੇ ਪਿਛਲੇ ਢਾਈ ਸਾਲਾਂ ਦੌਰਾਨ ਉਸ ਦੀ ਮੌਜੂਦਾ ਸਰਕਾਰ ਵੱਲੋਂ ਅਤੇ ਉਸ ਦੀ ਸਰਕਾਰ ਦੀ ਪਿਛਲੀ ਪਾਰੀ ਦੌਰਾਨ ਕੀਤੇ ਕੰਮਾਂ ਦੀ ਸੂਚੀ ਵਿਖਾਏ। ਉਹਨਾਂ ਕਿਹਾ ਕਿ ਬਤੌਰ ਮੁੱਖ ਮੰਤਰੀ ਸਾਢੇ ਸੱਤ ਸਾਲ ਦੇ ਕਾਰਜਕਾਲ ਦੌਰਾਨ ਉਸ ਕੋਲ ਵਿਖਾਉਣ ਲਈ ਇੱਕ ਵੀ ਉਪਲੱਬਧੀ ਨਹੀਂ ਹੈ।
ਸਰਦਾਰ ਬਾਦਲ ਨੇ ਅਮਰਿੰਦਰ ਨੂੰ ਚੁਣੌਤੀ ਦਿੱਤੀ ਕਿ ਉਹ ਬਤੌਰ ਮੁੱਖ ਮੰਤਰੀ ਆਪਣੀ ਕਾਰਗੁਜ਼ਾਰੀ ਦੇ ਸਿਰ ਤੇ ਲੋਕਾਂ ਤੋਂ ਫਤਵਾ ਮੰਗੇ ਅਤੇ ਪਿਛਲੇ ਢਾਈ ਸਾਲਾਂ ਦੌਰਾਨ ਉਸ ਦੀ ਮੌਜੂਦਾ ਸਰਕਾਰ ਵੱਲੋਂ ਅਤੇ ਉਸ ਦੀ ਸਰਕਾਰ ਦੀ ਪਿਛਲੀ ਪਾਰੀ ਦੌਰਾਨ ਕੀਤੇ ਕੰਮਾਂ ਦੀ ਸੂਚੀ ਵਿਖਾਏ। ਉਹਨਾਂ ਕਿਹਾ ਕਿ ਬਤੌਰ ਮੁੱਖ ਮੰਤਰੀ ਸਾਢੇ ਸੱਤ ਸਾਲ ਦੇ ਕਾਰਜਕਾਲ ਦੌਰਾਨ ਉਸ ਕੋਲ ਵਿਖਾਉਣ ਲਈ ਇੱਕ ਵੀ ਉਪਲੱਬਧੀ ਨਹੀਂ ਹੈ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਭਾਰਤ ਨੂੰ ਇਕ ਮਜ਼ਬੂਤ ਅਤੇ ਨਿਰਣਾਇਕ ਪ੍ਰਧਾਨ ਮੰਤਰੀ ਦੀ ਲੋੜ ਹੈ। ਉਹਨਾਂ ਕਿਹਾ ਕਿ ਜੇਕਰ ਕਮਜ਼ੋਰ ਪ੍ਰਧਾਨ ਮੰਤਰੀ ਹੋਇਆ ਤਾਂ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਹੋਵੇਗਾ। ਪਾਕਿਸਤਾਨ ਇਸ ਸਰਹੱਦੀ ਸੂਬੇ ਅੰਦਰ ਗੜਬੜ ਫੈਲਾਉਣ ਵਾਲੀ ਆਪਣੀ ਅੱਸੀਵਿਆਂ ਦੀ ਸਾਜ਼ਿਸ਼ ਨੂੰ ਮੁੜ ਦੁਹਰਾਏਗਾ। ਸਾਨੂੰ ਇਕ ਅਜਿਹਾ ਪ੍ਰਧਾਨ ਮੰਤਰੀ ਚਾਹੀਦਾ ਹੈ, ਜਿਸ ਕੋਲੋਂ ਦੁਸ਼ਮਣ ਥਰ ਥਰ ਕੰਬੇ। ਉਹਨਾਂ ਕਿਹਾ ਕਿ ਸਿਰਫ ਮੋਦੀ ਹੀ ਇੱਕ ਅਜਿਹੇ ਆਗੂ ਹਨ, ਜਿਹਨਾਂ ਤੋਂ ਦੁਸ਼ਮਣ ਨੂੰ ਕਾਂਬਾ ਛਿੜਦਾ ਹੈ। ਉਹਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਅਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਮੋਦੀ ਵੱਲੋਂ ਸਿੱਖਾਂ ਨੂੰ ਦਿੱਤੇ ਗਏ ਤੋਹਫੇ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਹਲਕੇ ਦੇ ਵਿਕਾਸ ਲਈ ਬਹੁਤ ਸਖ਼ਤ ਮਿਹਨਤ ਕੀਤੀ ਹੈ। ਉਹਨਾਂ ਨੇ ਇਕੱਲਿਆਂ ਹੀ ਏਮਜ਼ ਦੇ ਰੂਪ ਵਿਚ ਬਠਿੰਡਾ ਅੰਦਰ ਸ਼ਾਨਦਾਰ ਮੈਡੀਕਲ ਸਹੂਲਤਾਂ ਦੀ ਝੜੀ ਲਾ ਦਿੱਤੀ ਹੈ, ਜਿੱਥੇ ਲੱਖਾਂ ਦਾ ਇਲਾਜ ਹੁਣ ਸਿਰਫ ਇੱਕ ਰੁਪਏ ਵਿਚ ਹੋਇਆ ਕਰੇਗਾ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਉਮੀਦਵਾਰ ਦਾ ਵਿਰੋਧੀ ਰਾਜਾ ਵੜਿੰਗ ਸ਼ਮਸ਼ਾਨਘਾਟ ਬਣਾਉਣ ਦਾ ਵਾਅਦਾ ਕਰਦਾ ਹੈ, ਜਿਸ ਬਾਰੇ ਉਸ ਦਾ ਕਹਿਣਾ ਹੈ ਕਿ ਸ਼ਮਸ਼ਾਨਘਾਟ ਵੇਖ ਕੇ ਬਜ਼ੁਰਗਾਂ ਦਾ ਮਰਨ ਨੂੰ ਜੀਅ ਲਲਚਾਏਗਾ। ਅਜਿਹੀਆਂ ਬੇਵਕੂਫ ਗੱਲਾਂ ਕਰਨ ਵਾਲਾ ਉਮੀਦਵਾਰ ਲੋਕਾਂ ਲਈ ਬਹੁਤ ਖਤਰਨਾਕ ਸਾਬਿਤ ਹੋਵੇਗਾ।