ਚੰਡੀਗੜ•, 14 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 1997 ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਫਤ ਬਿਜਲੀ ਦੀ ਸਹੂਲਤ ਬੰਦ ਕਰਨ ਵਿਰੁੱਧ ਚੇਤਾਵਨੀ ਦਿੱਤੀ ਤੇ ਕਿਹਾ ਕਿ ਜੇਕਰ ਤੁਸੀਂ ਕਿਸਾਨਾਂ ਲਈ ਮੁਫਤ ਬਿਜਲੀ ਸਹੂਲਤ ਬੰਦ ਕਰਨ ਵੱਲ ਇਕ ਵੀ ਕਦਮ ਚੁੱਕਿਆ ਤਾਂ ਤੁਸੀਂ ਅਤੇ ਤੁਹਾਡੀ ਸਰਕਾਰ ਪਹਿਲਾਂ ਹੀ ਮੁਸ਼ਕਿਲਾਂ ਵਿਚ ਘਿਰੀ ਕਿਸਾਨੀ ਦੇ ਹਿਤਾਂ ਦੀ ਰਾਖੀ ਵਾਸਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੇਮਿਸਾਲ ਲੋਕ ਲਹਿਰ ਦਾ ਸਾਹਮਣਾ ਕਰਨ ਲਈ ਤਿਆਰ ਰਹੋ।
ਸ੍ਰੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਹਲੂਵਾਲੀਆ ਕਮੇਟੀ ਦੀ ਰਿਪੋਰਟ ਨੂੰ ਰੱਦ ਕਰਦਾ ਹੈ ਕਿਉਂਕਿ ਇਹ ਕਿਸਾਨਾਂ ਦੇ ਹਿਤਾਂ ਲਈ ਨੁਕਸਾਨਦੇਹ ਹੈ ਅਤੇ ਇਸਦੀਆਂ ਸਿਫਾਰਸ਼ਾਂ ਪ੍ਰਵਾਨ ਕਰਨਾ ਕਿਸਾਨਾਂ ਲਈ ਮੌਤ ਦਾ ਵਾਰੰਟ ਹੋਣਗੀਆਂ।
ਉਹਨਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਮਾਮਲੇ ਦੀ ਗੰਭੀਰਤਾ ਨੂੰ ਸਮਝਣ ਅਤੇ ਕਾਂਗਰਸ ਦੇ ਪਸੰਦੀਦਾ ਅਰਥਸ਼ਾਸਤਰੀ ਮੋਨਟੇਕ ਸਿੰਘ ਆਹਲੂਵਾਲੀਆ ਦੀਆਂ ਸਿਫਾਰਸ਼ਾਂ ਅੱਜ ਹੀ ਰੱਦ ਕਰ ਦੇਣ ਕਿਉਂਕਿ ਉਹਨਾ ਨੇ ਕਿਸਾਨਾਂ ਲਈ ਮੁਫਤ ਬਿਜਲੀ ਦੀ ਸਹੂਲਤ ਨੂੰ ਪਿਛਲਪੈਰੀ ਕਰਾਰ ਦਿੰਦਿਆਂ ਸਰਕਾਰ ਨੂੰ ਇਸਨੂੰ ਬੰਦ ਕਰਨ ਵਾਸਤੇ ਆਖਿਆ ਹੈ।
ਸ੍ਰੀ ਬਾਦਲ ਪੰਜਾਬ ਸਰਕਾਰ ਵੱਲੋਂ ਬਣਾਈ ਤੇ ਆਹਲੂਵਾਲੀਆ ਦੀ ਅਗਵਾਈ ਵਾਲੀ ਕਮੇਟੀ ਜਿਸਨੂੰ ਕੋਰੋਨਾ ਲਾਕ ਡਾਊਨ ਦੇ ਕਾਰਨ ਪੰਜਾਬ ਦੇ ਅਰਥਚਾਰੇ ਨੂੰ ਸੁਰਜੀਤ ਕਰਨ ਲਈ ਸਿਫਾਰਸ਼ਾਂ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਦੀਆਂ ਸਿਫਾਰਸ਼ਾਂ ਬਾਰੇ ਪ੍ਰਕਾਸ਼ਤ ਰਿਪੋਰਟਾਂ 'ਤੇ ਪ੍ਰਤੀਕਰਮ ਦੇ ਰਹੇ ਸਨ।
ਸ੍ਰੀ ਬਾਦਲ ਨੇ ਮੋਨਟੇਕ ਸਿੰਘ ਆਹਲੂਵਾਲੀਆ ਦੀਆਂ ਹੋਰ ਸਿਫਾਰਸ਼ਾਂ ਦੀ ਵੀ ਜੰਮ ਕੇ ਨਿਖੇਧੀ ਕੀਤੀ ਕਿਉਂਕਿ ਉਹਨਾਂ ਨੇ ਸਰਕਾਰ ਨੂੰ ਸੂਬੇ ਵਿਚ ਝੋਨੇ ਦੀ ਖਰੀਦ ਦੀ ਰਫਤਾਰ ਘੱਟ ਕਰਨ ਦੀ ਸਲਾਹ ਦਿੱਤੀ ਹੈ। ਉਹਨਾਂ ਕਿਹਾ ਕਿ ਕਾਂਗਰਸ ਦੇ ਵਫਾਦਾਰ ਅਰਥਸ਼ਾਸਤਰੀ ਦੀ ਇਸ ਸਿਫਾਰਸ਼ ਨੇ ਬਿੱਲੀ ਥੈਲੇ ਵਿਚੋਂ ਬਾਹਰ ਲਿਆਂਦੀ ਹੈ ਤੇ ਇਹ ਦੱਸ ਦਿੱਤਾ ਹੈ ਕਿ ਕੌਣ ਸਰਕਾਰ ਵੱਲੋਂ ਕਿਸਾਨਾਂ ਦੀ ਜਿਣਸ ਦੀ ਯਕੀਨੀ ਖਰੀਦ ਨੂੰ ਰੋਕਣਾ ਚਾਹੁੰਦਾ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਇਹ ਸਿਫਾਰਸ਼ਾਂ ਸਿਰਫ ਮਹਾਰਾਜਿਆਂ ਵਾਲੀ ਮਾਨਸਿਕਤਾ ਵਾਲੇ ਕਾਂਗਸਰ ਦੇ ਸ਼ਾਸਕਾਂ ਨੂੰ ਖੁਸ਼ ਕਰਨ ਵਾਸਤੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਲਈ ਮੁਫਤ ਬਿਜਲੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਿਸਾਨਾਂ ਅਤੇ ਕੌਮੀ ਅਰਥਚਾਰੇ ਲਈ ਪਾਇਆ ਗਿਆ ਸਭ ਤੋਂ ਪ੍ਰਗਤੀਸ਼ੀਲ ਯੋਗਦਾਨ ਹੈ ਕਿਉਂਕਿ ਇਸਨੇ ਸਾਡੀ ਅਨਾਜ ਪੈਦਾਵਾਰ ਸੁਰੱਖਿਅਤ ਕੀਤੀ ਤੇ ਸਵੈ ਨਿਰਭਰਤਾ ਅਤੇ ਅਨਾਜ ਦੀ ਬਰਾਮਦ ਵਿਚ ਵਿਦੇਸ਼ੀ ਮੁਦਰਾ ਦੇ ਵਟਾਂਦਰੇ ਦੇ ਲੱਖਾਂ ਡਾਲਰ ਬਚਾਏ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕੁਝ ਵੱਡੇ ਸ਼ਹਿਰਾਂ ਵਿਚ ਏਅਰ ਕੰਡੀਸ਼ਨਡ ਕਮਰਿਆਂ ਵਿਚ ਬੈਠਣ ਵਾਲੇ ਅਖੌਤੀ ਅਰਥਸ਼ਾਸਤਰੀ ਕਿਸਾਨੀ ਅਰਥਚਾਰੇ ਨੂੰ ਉਹਨਾਂ ਕਿਸਾਨਾਂ ਨਾਲੋਂ ਵੱਧ ਸਮਝਣ ਦੇ ਦਾਅਵੇ ਕਰਦੇ ਹਨ ਜਿਹਨਾਂ ਦੀਆਂ ਪੀੜੀਆਂ ਨੇ ਆਪਣੇ ਜੀਵਨ ਖੇਤਾਂ ਵਿਚ ਸਿਖ਼ਰ ਦੁਪਹਿਰੇ ਮਿਹਨਤ ਕਰਦਿਆਂ ਬਤੀਤ ਕੀਤੇ ਹਨ।
ਸ੍ਰੀ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਕਿਸਾਨਾਂ ਲਈ ਮੁਫਤ ਬਿਜਲੀ ਸਹੂਲਤ ਬੰਦ ਕਰਨ ਲਈ ਬਹਾਨੇ ਭਾਲਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਅਸਲ ਵਿਚ ਉਹਨਾਂ ਨੇ 2002-07 ਦੌਰਾਨ ਮੁੱਖ ਮੰਤਰੀ ਹੁੰਦਿਆਂ ਇਹ ਸਹੂਲਤ ਵਾਪਸ ਲੈ ਲਈ ਸੀ ਤੇ ਅਕਾਲੀ ਦਲ ਨੇ ਲੋਕ ਲਹਿਰ ਖੜ•ੀ ਕਰ ਕੇ ਉਹਨਾਂ ਨੂੰ ਇਹ ਸਹੂਲਤ ਬਹਾਲ ਕਰਨ ਵਾਸਤੇ ਮਜਬੂਰ ਕੀਤਾ ਸੀ। ਉਹਨਾਂ ਕਿਹਾ ਕਿ ਹੁਣ ਉਹ ਮੋਨਟੇਕ ਸਿੰਘ ਆਹਲੂਵਾਲੀਆ ਦੀਆਂ ਸਿਫਾਰਸ਼ਾਂ ਦੇ ਰੂਪ ਵਿਚ ਕਿਸਾਨਾਂ ਲਈ ਜੀਵਨ ਬਚਾਊ ਰਾਹਤ ਜਿਸਨੂੰ ਉਹ ਪਸੰਦ ਨਹੀਂ ਕਰਦੇ, ਵਾਪਸ ਲੈਣ ਲਈ ਜ਼ਰੀਆ ਬਣਾ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਖੇਤੀਬਾੜੀ ਸੰਦਾਂ ਦੀ ਲਗਾਤਾਰ ਵੱਧ ਰਹੀ ਕੀਮਤ ਅਤੇ ਲਾਗਤ ਅਨੁਸਾਰ ਜਿਣਸ ਦੀ ਕੀਮਤ ਨਾ ਮਿਲਣ ਕਾਰਨ ਤਬਾਹੀ ਕੰਢੇ ਪੁੱਜੇ ਹੋਏ ਹਨ।