ਮੁੱਖ ਮੰਤਰੀ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣਾ ਯਕੀਨੀ ਬਣਾਉਣ : ਬਿਕਰਮ ਸਿੰਘ ਮਜੀਠੀਆ, ਵਿਰਸਾ ਸਿੰਘ ਵਲਟੋਹਾ
ਅੰਮ੍ਰਤਸਰ, 4 ਫਰਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਕਿ ਜੇਕਰ ਤਰਨਤਾਰਨ ਪੁਲਿਸ ਨੇ ਭਿਖੀਵਿੰਡ ਵਿਚ ਅਕਾਲੀ ਦਲ ਦੇ ਆਗੂ ਅਮਰਜੀਤ ਢਿੱਲੋਂ ਦੀ ਰਿਹਾਇਸ਼ ’ਤੇ ਹਮਲਾ ਕਰਨ ਵਾਲੇ ਕਾਂਗਰਸੀ ਉਮੀਦਵਾਰਾਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਨਿਆਂ ਹਾਸਲ ਕਰਨ ਵਾਸਤੇ ਐਸ ਡੀ ਐਮ ਦੇ ਦਫਤਰ ਮੂਹਰੇ ਧਰਨਾ ਦੇਵੇਗਾ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਬਿਕਰਮ ਸਿੰਘ ਮਜੀਠੀਆ ਤੇ ਸ੍ਰੀ ਵਿਰਸਾ ਸਿੰਘ ਵਲਟੋਹਾ ਨੇ ਕਿਹਾਕਿ ਕਾਂਗਰਸ ਦੇ ਨਗਰ ਪੰਚਾਇਤ ਦੇ ਉਮੀਦਵਾਰ ਜਿਹਨਾਂ ਵਿਚ ਸਿਤਾਰਾ ਸਿੰਘ ਦਿਲਾਰੀ, ਜਗਜੀਤ ਸਿੰਘ ਜੱਗਾ ਤੇ ਯਾਦਵਿੰਦਰ ਸਿੰਘ ਵੀ ਸ਼ਾਮਲ ਸਨ, ਨੇ ਅਕਾਲੀ ਦਲ ਦੇ ਆਗੂ ਅਮਰਜੀਤ ਸਿੰਘ ਢਿੱਲੋਂ ਦੀ ਰਿਹਾਇਸ਼ ’ਤੇ ਉਸ ਵੇਲੇ ਹਮਲਾ ਕਰ ਦਿੱਤਾ ਜਦੋਂ ਅਕਾਲੀ ਦਲ ਦੇ ਉਮੀਦਵਾਰ 2 ਫਰਵਰੀ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਸਤੇ ਇਕੱਤਰ ਹੋਏ ਸਨ। ਉਹਨਾਂ ਕਿਹਾ ਕਿ ਇੰਨੀ ਹੱਦ ਤੱਕ ਗੁੰਡਾਗਰਦੀ ਕੀਤੀ ਗਈ ਕਿ ਕਾਂਗਰਸੀਆਂ ਨੇ ਐਸ ਐਚ ਓ ਦੀ ਗੱਡੀ ਅੱਗੇ ਖੜ੍ਹ ਕੇ ਆਪਣੀਆਂ ਰਾਈਫਲਾਂ ਲੋਡ ਕੀਤੀਆਂ। ਉਹਨਾਂ ਕਿਹਾ ਕਿ ਪੁਲਿਸ ਫੋਰਸ ਲੋਕਤੰਤਰ ਦੇ ਇਸ ਕਤਲ ਅੱਗੇ ਮੂਕ ਦਰਸ਼ਕ ਬਣ ਕੇ ਵੇਖਦੀ ਰਹੀ।
ਹੋਰ ਵੇਰਵੇ ਸਾਂਝੇ ਕਰਦਿਆਂ ਸ੍ਰੀ ਮਜੀਠੀਆ ਤੇ ਸ੍ਰੀ ਵਲਟੋਹਾ ਨੇ ਕਿਹਾ ਕਿ ਇਸ ਹਿੰਸਾ ਤੋਂ ਬਾਅਦ ਵੀ ਤਰਨ ਤਾਰਨ ਪੁਲਿਸ ਨੇ 15 ਅਕਾਲੀ ਆਗੂਆਂ ਦੇ ਖਿਲਾਫ ਹੀ ਕੇਸ ਦਰਜ ਕੀਤਾ। ਉਹਨਾਂ ਕਿਹਾ ਕਿ ਅਸੀਂ ਧਰਨਾ ਵੀ ਦਿੱਤਾ ਤੇ ਸਾਨੂੰ ਪੁਲਿਸ ਨੇ ਭਰੋਸਾ ਵੀ ਦਿੱਤਾ ਕਿ ਕੇਸ ਵਿਚ ਨਿਅ ਪ੍ਰਦਾਨ ਕੀਤਾ ਜਾਵੇਗਾ ਪਰ ਇਸ ਦੀ ਥਾਂ ’ਤੇ ਉਲਟਾ ਤਰਨ ਤਾਰਨ ਪੁਲਿਸ ਨੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੇ ਘਰਾਂ ’ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ।
ਸ੍ਰੀ ਮਜੀਠੀਆ ਨੇ ਕਿਹਾ ਕਿ ਐਸ ਐਸ ਪੀ ਧਰੁਮਨ ਐਚ ਨਿੰਬਾਲੇ ਨੂੰ ਜਾਂ ਤਾਂ ਘਟਨਾ ਦੀ ਜਾਣਕਾਰੀ ਨਹੀਂ ਮਿਲੀ ਜਾਂ ਫਿਰ ਉਹ ਹਮਲਾਵਰਾਂ ਦੇ ਨਾਲ ਰਲੇ ਹੋਏ ਸਨ। ਉਹਨਾਂ ਕਿਹਾ ਕਿ ਮਿਉਂਸਲ ਚੋਣਾਂ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਮੇਵਾਰੀ ਹੈ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਖੇਮਕਰਨ ਦੇ ਵਿਧਾਇਕ ਸੁਖਪਾਲ ਭੁੱਲਰ ਅਤੇ ਤਰਨਤਾਰਨ ਪੁਲਿਸ ਇਲਾਕੇ ਵਿਚ ਸ਼ਾਂਤੀ ਭੰਗ ਕਰਨ ਲਈ ਆਪਸ ਵਿਚ ਰਲੇ ਹੋਏ ਹਨ। ਉਹਨਾਂ ਕਿਹਾ ਕਿ ਸਾਡੇ ਕੋਲ ਇਸ ਗੱਲ ਦੇ ਪੁਖ਼ਤਾ ਸਬੂਤ ਹਨ ਕਿ ਕਾਂਗਰਸ ਦੇ ਹਥਿਆਰਬੰਦ ਉਮੀਦਵਾਰਾਂ ਦਾ ਮਕਸਦ ਅਕਾਲੀ ਦਲ ਦੇ ਉਮੀਦਵਾਰਾਂ ’ਤੇ ਹਮਲਾ ਕਰਨਾ ਸੀ ਤਾਂ ਜੋ ਮਾਮਲੇ ਵਿਚ ਪੁਲਿਸ ਫੋਰਸ ਕੋਈ ਕਾਰਵਾਈ ਨਾ ਕਰ ਸਕੇ। ਉਹਨਾਂ ਕਿਹਾ ਕਿ ਜੇਕਰ ਇਹੀ ਹਾਲਾਤ ਬਣੇ ਰਹੇ ਤਾਂ ਫਿਰ ਅਸੀਂ ਐਸ ਐਸ ਪੀ ਦੇ ਖਿਲਾਫ ਹਾਈ ਕੋਰਟ ਕੋਲ ਪਹੁੰਚ ਕਰਨ ਲਈ ਮਜਬੂਰ ਹੋ ਜਾਵਾਂਗੇ।
ਇਸ ਦੌਰਾਨ ਸ੍ਰੀ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਿਖੀਵਿੰਡ ਦੇ ਤਹਿਸੀਲਦਾਰ ਨੂੰ ਦੱਸਿਆ ਸੀ ਕਿ ਕਾਂਗਰਸ ਪਾਰਟੀ ਇਲਾਕੇ ਵਿਚ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਤਹਿਸੀਲਦਾਰ ਨੇ ਅਕਾਲੀ ਦੇ ਉਮੀਦਵਾਰਾਂ ਨੂੰ 2 ਜਨਵਰੀ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਸਤੇ ਆਖਿਆ ਪਰ ਉਸੇ ਦਿਨ ਹਥਿਆਰਬੰਦ ਕਾਂਗਰਸੀ ਗੁੰਡੇ ਇਸਨੂੰ ਰੋਕਣ ਲਈ ਦਫਤਰ ਦੇ ਬਾਹਰ ਡੱਟ ਗਏ। ਉਹਨਾਂ ਕਿਹਾ ਕਿਅਸੀਂ ਇਹਨਾਂ ਗੰਭੀਰ ਹਾਲਾਤਾਂ ਪ੍ਰਤੀ ਐਸ ਐਸ ਪੀ ਨੂੰ ਜਾਣੂ ਕਰਵਾਇਆ ਤੇ ਉਹਨਾਂ ਨੇ ਇਕ ਡੀ ਐਸ ਦੀ ਡਿਊਟੀ ਇਸ ਮਾਮਲੇ ਵਿਚ ਲਗਾਈ ਪਰ ਬਜਾਏ ਮਸਲਾ ਹੱਲ ਕਰਨ ਦੇ ਉਲਟਾ ਡੀ ਐਸ ਪੀ ਨੇ ਸਾਨੂੰ ਹੀ ਇਹ ਆਖਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਆਪਣੇ ਕਾਗਜ਼ ਭਰਨ ਦਾ ਰੌਲਾ ਨਾ ਪਾਈਏ ਨਹੀਂ ਤਾਂ ਸਾਡੇ ਹੀ ਉਮੀਦਵਾਰਾਂ ਖਿਲਾਫ ਤੁਰੰਤ ਹਿੰਸਾ ਸ਼ੁਰੂ ਹੋ ਜਾਵੇਗੀ।
ਅਕਾਲੀ ਆਗੂਆਂ ਨੇ ਕਿਹਾ ਕਿ ਜੇਕਰ ਤਰਨ ਤਾਰਨ ਪੁਲਿਸ ਵਿਰੋਧੀ ਧਿਰ ਦੇ ਉਮੀਦਵਾਰਾਂ ਦੀ ਨਾਮਜ਼ਦਗੀ ਭਰਨ ਵੇਲੇ ਸੁਰੱਖਿਆ ਯਕੀਨੀ ਨਹੀਂ ਬਣਾ ਸਕਦੀ ਤਾਂ ਫਿਰ ਉਹ ਆਜ਼ਾਦ ਤੇ ਨਿਰਪੱਖਚੋਣਾਂ ਕਿਵੇਂ ਕਰਵਾ ਸਕਦੀ ਹੈ ? ਉਹਨਾਂ ਨੇ ਸੂਬਾ ਚੋਣ ਕਮਿਸ਼ਨ ਨੂੰ ਵੀ ਆਖਿਆ ਕਿ ਉਹ ਲੋੜੀਂਦੀ ਕਾਰਵਾਈ ਕਰੇ ਤਾਂ ਜੋ ਸੂਬੇ ਵਿਚ ਆਜ਼ਾਦ ਤੇ ਨਿਰਪੱਖ ਚੋਣਾਂ ਯਕੀਨੀ ਬਣਾਈਆਂ ਜਾ ਸਕਣ।