ਵੱਡੇ ਇਸ਼ਤਿਹਾਰ ਲਗਾ ਕੇ ਇੰਦਰਾ ਗਾਂਧੀ ਦਾ ਗੁਣਗਾਨ ਕਰਨ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਨਿਖੇਧੀ ਕੀਤੀ
ਹਰਸਿਮਰਤ ਬਾਦਲ ਸਮੇਤ ਤਸਵੀਰਾਂ ਰਾਹੀਂ 1984 ਕਤਲੇਆਮ ਨੂੰ ਵਿਖਾਉਂਦੀ ਫੋਟੋਗ੍ਰਾਫੀ ਪ੍ਰਦਰਸ਼ਨੀ ਵਿਚ ਭਾਗ ਲਿਆ
ਚੰਡੀਗੜ੍ਹ/01 ਨਵੰਬਰ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸਿੱਖ ਕੌਮ ਤਦ ਤਕ ਆਪਣੀ ਲੜਾਈ ਜਾਰੀ ਰੱਖੇਗੀ,ਜਦ ਤਕ 1984 ਸਿੱਖ ਕਤਲੇਆਮ ਲਈ ਜ਼ਿੰਮੇਵਾਰ ਹਰ ਕਾਂਗਰਸੀ ਨੂੰ ਸਜ਼ਾ ਨਹੀ ਹੋ ਜਾਂਦੀ। ਇਸ ਦੇ ਨਾਲ ਹੀ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਦੇ ਮੌਕੇ ਉੱਤੇ ਵੱਡੇ ਵੱਡੇ ਇਸ਼ਤਿਹਾਰ ਲਗਾ ਕੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਗੁਣਗਾਨ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਖ਼ਤ ਨਿਖੇਧੀ ਕੀਤੀ।
ਅੱਜ ਇੱਥੇ ਨਵੀਂ ਦਿੱਲੀ ਦੇ ਕਨਾਟ ਪਲੇਸ ਵਿਚ ਪਾਲਿਕਾ ਪਾਰਕ ਵਿਖੇ ਲੱਗੀ ਇੱਕ ਫੋਟੋਗ੍ਰਾਫੀ ਪ੍ਰਦਰਸ਼ਨੀ ਦੀ ਪ੍ਰਧਾਨਗੀ ਕਰਨ ਮਗਰੋਂ ਸੰਗਤ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਗਾਂਧੀ ਪਰਿਵਾਰ ਨੇ ਦਿੱਲੀ ਅਤੇ ਦੂਜੀਆਂ ਥਾਂਵਾਂ ਉੱਤੇ 1984 ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਕੇ ਲੋਕਤੰਤਰ ਦਾ ਮਜ਼ਾਕ ਉਡਾਇਆ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਕੇ ਆਪਣੇ ਪਾਪ ਨੂੰ ਹੋਰ ਵੱਡਾ ਕੀਤਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਟੈਕਸ ਦੇਣ ਵਾਲਿਆਂ ਦਾ ਪੈਸਾ ਇੰਦਰਾ ਗਾਂਧੀ ਦੇ ਸੋਹਲੇ ਗਾਉਣ ਉੁੱਤੇ ਖਰਚ ਕਰਕੇ ਪੰਜਾਬ ਵਿਚ ਉਸੇ ਇੰਦਰਾ ਦੀ ਨੀਤੀ ਦੀ ਪਾਲਣਾ ਕਰ ਰਿਹਾ ਹੈ, ਜਿਸ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਦਾ ਹੁਕਮ ਦਿੱਤਾ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤੋਪਾਂ ਅਤੇ ਟੈਂਕਾਂ ਨਾਲ ਢਹਿ ਢੇਰੀ ਕਰਵਾਇਆ ਸੀ। ਉਹਨਾਂ ਕਿਹਾ ਕਿ ਮੁੱæਖ ਮੰਤਰੀ ਨੂੰ ਸਰਕਾਰੀ ਪੈਸਾ ਇੰਦਰਾ ਗਾਂਧੀ ਦੇ ਗੁਣਗਾਨ ਉੱਤੇ ਖਰਚ ਕਰਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦਾ ਕੋਈ ਅਧਿਕਾਰ ਨਹੀਂ ਹੈ।ਉਹਨਾਂ ਕਿਹਾ ਕਿ ਜੇਕਰ ਉਹ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਉਤੇ ਹਮਲੇ ਦਾ ਹੁਕਮ ਦੇਣ ਵਾਲੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਇੰਨਾ ਉਤਾਵਲਾ ਹੈ ਤਾਂ ਉਸ ਨੂੰ ਇਸ ਕੰਮ ਵਾਸਤੇ ਆਪਣੇ ਜੇਬ ਵਿੱਚੋਂ ਪੈਸਾ ਖਰਚਾ ਚਾਹੀਦਾ ਹੈ ਜਾਂ ਇਸ ਦਾ ਬਿਲ ਕਾਂਗਰਸ ਹਾਈਕਮਾਂਡ ਕੋਲੋਂ ਮੰਗਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬਤੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ਼ਤਿਹਾਰਾਂ ਉੱਤੇ ਖਰਚਿਆ ਪੈਸਾ ਉਹਨਾਂ ਵਿਧਵਾਵਾਂ ਨੂੰ ਦੇ ਸਕਦਾ ਸੀ, ਜਿਹਨਾਂ ਦੇ ਜੀਵਨ ਸਾਥੀ 1984 ਵਿਚ ਸਰਕਾਰੀ ਸ਼ਹਿ 'ਤੇ ਹੋਏ ਸਿੱਖਾਂ ਦੇ ਕਤਲੇਆਮ ਦੀ ਭੇਂਟ ਚੜ੍ਹ ਗਏ ਸਨ। ਪਰ ਉਸ ਨੇ ਅਜਿਹਾ ਨਹੀਂ ਕੀਤਾ, ਕਿਉਂਕਿ ਵਿਧਵਾਵਾਂ ਦੀ ਪੀੜ ਦੂਰ ਕਰਨ ਵਿਚ ਉਸ ਦੀ ਕੋਈ ਦਿਲਚਸਪੀ ਨਹੀਂ ਹੈ। ਉਹ ਇੰਦਰਾ ਗਾਂਧੀ ਦੀ ਸ਼ਲਾਘਾ ਕਰਕੇ ਗਾਂਧੀ ਪਰਿਵਾਰ ਦੀਆਂ ਨਜ਼ਰਾਂ ਵਿਚ ਚੰਗਾ ਬਣਨਾ ਚਾਹੁੰਦਾ ਹੈ ਅਤੇ ਆਪਣੀ ਕੁਰਸੀ ਬਚਾਉਣਾ ਚਾਹੁੰਦਾ ਹੈ। ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਇੱਕ ਮੁੱਖ ਮੰਤਰੀ ਨੂੰ ਆਪਣੇ ਲੋਕਾਂ ਉੱਤੇ ਹੋਏ ਜ਼ੁਲਮਾਂ ਦੀ ਬਿਲਕੁੱਲ ਵੀ ਪਰਵਾਹ ਨਹੀਂ ਹੈ।
ਫੋਟੋਗ੍ਰਾਫੀ ਪ੍ਰਦਰਸ਼ਨੀ ਬਾਰੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇੱਥੇ ਟੰਗੀਆਂ ਵੱਖ ਵੱਖ ਤਸਵੀਰਾਂ ਵਿਚ ਇਸ ਕਤਲੇਆਮ ਦਾ ਸਬੂਤ ਦਿਸ ਰਿਹਾ ਹੈ। ਉਹਨਾਂ ਕਿਹਾ ਕਿ ਸਾਰੇ ਦੋਸ਼ੀਆਂ ਨੂੰ ਫੜਿਆ ਜਾ ਚੁੱਕਿਆ ਹੈ।ਕਾਂਗਰਸੀ ਉਹਨਾਂ ਦੀ ਅਗਵਾਈ ਕਰ ਰਹੇ ਹਨ। ਇਸ ਦੇ ਬਾਵਜੂਦ ਗਾਂਧੀ ਪਰਿਵਾਰ ਨੇ ਇਸ ਕੇਸ ਵਿਚ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਅਤੇ ਇਸ ਕਰਕੇ ਇਨਸਾਫ ਦੇ ਰਸਤੇ ਵਿਚ ਅੜਿੱਕਾ ਪਾਇਆ ਕਿਉਂਕਿ ਇਹ ਖੁਦ ਕਤਲੇਆਮ ਵਿਚ ਸ਼ਾਮਿਲ ਸੀ। ਅਜਿਹਾ ਕਰਨ ਲਈ ਗਾਂਧੀ ਪਰਿਵਾਰ ਖ਼ਿਲਾਫ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।
ਅਕਾਲੀ ਦਲ ਪ੍ਰਧਾਨ ਨੇ ਸਿਟ ਦਾ ਗਠਨ ਕਰਨ ਅਤੇ ਕਾਂਗਰਸ ਸਰਕਾਰ ਵੱਲੋਂ ਬੰਦ ਕੀਤੇ ਕੇਸਾਂ ਨੂੰ ਦੁਬਾਰਾ ਖੁਲਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਇਹਨਾਂ ਕੇਸਾਂ ਦੇ ਦੁਬਾਰਾ ਖੁੱਲਣ ਕਰਕੇ ਹੀ ਸੀਨੀਅਰ ਕਾਂਗਰਸੀ ਆਗੂ ਸੱਜਣ ਕੁਮਾਰ ਅਤੇ ਕੁੱਝ ਹੋਰ ਕਾਂਗਰਸੀ ਕੌਂਸਲਰਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਸਿੱਖਾਂ ਦੇ ਸਮੂਹਿਕ ਕਤਲੇਆਮ ਪਿੱਛੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਹੱਥ ਸੀ। ਇੰਨਾ ਭਿਆਨਕ ਕਤਲੇਆਮ ਕਰਵਾਉਣ ਲਈ ਕੋਈ ਵੀ ਸਿੱਖ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਨੂੰ ਮੁਆਫ ਨਹੀਂ ਕਰ ਸਕਦਾ। ਉਹ ਕਿਸੇ ਨਾਲ ਹੀ ਹੱਥ ਮਿਲਾ ਸਕਦੇ ਹਨਮ ਪਰ ਉਹਨਾਂ ਨੂੰ ਕਦੇ ਵੀ ਕਾਂਗਰਸ ਪਾਰਟੀ ਨਾਲ ਗਠਜੋੜ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਕਾਂਗਰਸ ਨੂੰ 'ਕੌਮ ਦੀ ਗੱਦਾਰ' ਕਰਾਰ ਦਿੱਤਾ।
ਸਰਦਾਰ ਬਾਦਲ ਨੇ ਐਲਾਨ ਕੀਤਾ ਕਿ ਫੋਟੋਗ੍ਰਾਫੀ ਪ੍ਰਦਰਸ਼ਨੀ ਹਰ ਸਾਲ ਲਗਾਈ ਜਾਵੇਗੀ। ਉਹਨਾਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਉਹਨਾਂ ਲੋਕਾਂ ਦਾ ਪਰਦਾਫਾਸ਼ ਕਰਨ ਵਿਚ ਵੱਡੀ ਭੂਮਿਕਾ ਨਿਭਾਉਣਗੀਆਂ, ਜਿਹਨਾਂ ਨੇ 1984 ਕਤਲੇਆਮ ਕਰਵਾਇਆ ਸੀ ਅਤੇ ਨਾਲ ਹੀ ਕਾਂਗਰਸ ਪਾਰਟੀ ਵੱਲੋਂ ਸਿੱਖਾਂ ਉੱਤੇ ਢਾਏ ਜ਼ੁਲਮਾਂ ਪ੍ਰਤੀ ਲੋਕਾਂ ਨੂੰ ਸੰਵੇਦਨਸ਼ੀਲ ਬਣਾਉਣਗੀਆਂ।
ਇਸੇ ਦੌਰਾਨ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਦਿੱਲੀ ਅੰਦਰ 1984 ਕਤਲੇਆਮ ਦੌਰਾਨ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ। ਉਹਨਾਂ ਕਾਲੇ ਦਿਨਾਂ ਨੂੰ ਚੇਤੇ ਕਰਦਿਆਂ ਉਹਨਾਂ ਕਿਹਾ ਕਿ ਉਸ ਸਮੇਂ ਦੇ ਪ੍ਰਧਾਨ ਮੰਤਰੀ ਦੀ ਸ਼ਹਿ ਉੱਤੇ ਕਾਂਗਰਸੀ ਆਗੂਆਂ ਨੇ ਸਿੱਖਾਂ ਦੇ ਘਰਾਂ ਉੱਤੇ ਹਮਲੇ ਕੀਤੇ ਸਨ ਅਤੇ ਪੁਲਿਸ ਮੂਕ ਦਰਸ਼ਕ ਬਣੀ ਰਹੀ ਸੀ। ਉਹਨਾਂ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਦੁਨੀਆਂ ਭਰ ਦੇ ਸਿੱਖਾਂ ਨੂੰ ਇੱਕਜੁਟ ਰਹਿਣ ਦੀ ਅਪੀਲ ਕੀਤੀ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਕਾਲੀ ਦਲ ਦਿੱਲੀ ਤੋਂ ਬਾਹਰ ਹੋਏ ਸਿੱਖ ਕਤਲੇਆਮ ਦੇ ਕੇਸਾਂ ਨੂੰ ਵੀ ਕੇਂਦਰ ਸਰਕਾਰ ਕੋਲ ਉਠਾਏਗਾ ਤਾਂ ਕਿ ਪੀੜਤਾਂ ਨੂੰ ਇਨਸਾਫ ਮਿਲ ਸਕੇ। ਉਹਨਾਂ ਮਿਸਾਲ ਦਿੰਦਿਆਂ ਦੱਸਿਆ ਕਿ ਹਾਲ ਹੀ ਵਿਚ ਕਿਸ ਤਰ੍ਹਾਂ ਬੋਕਾਰੋ ਵਿਚ ਰਹਿੰਦੇ ਸਿੱਖਾਂ ਨੇ ਅਜਿਹੇ ਕੇਸਾਂ ਨੂੰ ਅਕਾਲੀ ਦਲ ਪ੍ਰਧਾਨ ਦੇ ਧਿਆਨ ਵਿਚ ਲਿਆਂਦਾ ਹੈ।