ਅਮਰਿੰਦਰ ਸਿੰਘ ਦੇ ਬਿਆਨ ਨੇ ਪੰਜਾਬ ਤੋਂ ਬਾਹਰਲੇ ਸਿੱਖਾਂ ਨੂੰ ਅਸੁਰੱਖਿਅਤ ਮਹਿਸੂਸ ਕਰਵਾਇਆ
ਜ਼ਿਆਦਾਤਰ ਵੱਖਵਾਦੀ ਸੰਗਠਨ ਕਾਂਗਰਸ ਦੀਆਂ ਕਠਪੁਤਲੀਆਂ ਸਾਬਤ ਹੋਏ
ਖਾਲਿਸਤਾਨ ਦੀਆਂ ਸਟੇਜਾਂ ’ਤੇ ਆਪਣੀ ਸੱਜੀ ਬਾਂਹ ਦੀ ਹਾਜ਼ਰੀ ਬਾਰੇ ਸਪਸ਼ਟੀਕਰਨ ਦੇਣ ਅਮਰਿੰਦਰ ਸਿੰਘ
ਚੰਡੀਗੜ੍ਹ, 30 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਵੱਡੀ ਤ੍ਰਾਸਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਸੂਬੇ ਦੇ ਲੋਕਾਂ ਨੂੰ ‘ਭਾਰਤ ਵਿਰੋਧੀ’ ਸਾਬਤ ਕਰਨ ’ਤੇ ਤੁਲੇ ਹੋਏ ਹਨ, ਉਹ ਵੀ ਉਸ ਵੇਲੇ ਜਦੋਂ ਸਾਰਾ ਦੇਸ਼ ਚੀਨ ਤੇ ਪਾਕਿਸਤਾਨ ਤੋਂ ਆਪਣੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਸਿੱਖਾਂ ਦੀਆਂ ਦੇਸ਼ ਭਗਤੀ ਨੂੰ ਸਮਰਪਿਤ ਕਾਰਵਾਈਆਂ ਤੇ ਸ਼ਹਾਦਤਾਂ ਨੂੰ ਸਲਾਮੀ ਦੇ ਰਿਹਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਐਸ ਐਫ ਜੇ ਵਰਗੀਆਂ ਜਥੇਬੰਦੀਆਂ ਦੇ ਖਿਲਾਫ ਆਪਣੀ ਬਹਾਦਰੀ ਦਿਖਾ ਰਹੇ ਹਨ ਜਦਕਿ ਇਤਿਹਾਸ ਗਵਾਹ ਹੈ ਕਿ ਅਜਿਹੀਆਂ ਸਾਰੀਆਂ ਜਥੇਬੰਦੀਆਂ ਦੇ ਹੋਂਦ ਵਿਚ ਆਉਣ ਦੇ ਮਾਮਲੇ ਕਾਂਗਰਸ ਨਾਲ ਜੁੜੇ ਹਨ। ਉਹਨਾਂ ਕਿਹਾ ਕਿ ਪਹਿਲਾਂ ਤੁਸੀਂ ਆਪਣੀ ਸੱਜੀ ਬਾਂਹ ਰਮਨਜੀਤ ਸਿੰਘ ਸਿੱਕੀ ਨੂੰ ਚੱਬਾ ਵਿਖੇ ਅਖੌਤੀ ਸਰਬੱਤ ਖਾਲਸਾ ਵਿਚ ਭੇਜਦੇ ਹੋ ਤੇ ਹੁਣ ਤੁਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰੇ ਦੀਆਂ ਗੱਲਾਂ ਦੀ ਡਰਾਮੇਬਾਜ਼ੀ ਕਰਨੀ ਸ਼ੁਰੂ ਕਰ ਦਿੰਦੇ ਹੋ । ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਖਾਸ ਤੌਰ ’ਤੇ ਸਿੱਖਾਂ ਨੇ ਤੁਹਾਡੀਆਂ ਦੋਗਲੀਆਂ ਖੇਡਾਂ ਖੇਡਦੇ ਹੋਏ ਤੁਹਾਡੇ ਨਕਲੀ ਰਾਸ਼ਟਰਵਾਦ ਨੂੰ ਵੇਖ ਲਿਆ ਹੈ। ਉਹਨਾਂ ਕਿਹਾ ਕਿ ਜਿਸ ਸਿੱਖ ਕੌਮ ਜੋ ਅਕਾਲੀ ਦਲ ਦੀ ਹਮਾਇਤ ਕਰਦੀ ਹੈ, ਨੂੰ ਤੁਸੀਂ ਅਤੇ ਦਿੱਲੀ ਵਿਚ ਤੁਹਾਡੇ ਆਕਾ ਬੀਤੇ ਸਮੇਂ ਵਿਚ ਬਹੁਤ ਚਾਲਾਕੀ ਨਾਲ ‘ਭਾਰਤ ਵਿਰੋਧੀ’ ਦੱਸਦੇ ਰਹੇ ਹਨ, ਉਸ ਬਾਰੇ ਹੁੁਣ ਮੁੜ ਲੋਕਾਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ ਤੇ ਨਾ ਹੀ ਸਾਡੇ ਬਹਾਦਰ ਤੇ ਦੈਸ਼ ਭਗਤ ਪੰਜਾਬੀ ਹਿੰਦੂ ਵੀਰਾਂ ਨੂੰ ਮੂਰਖ ਬਣਾਇਆ ਜਾ ਸਕਦਾ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਤੁਹਾਨੂੰ ਦੋ ਨੇੜਿਓਂ ਜੁੜੇ ਭਾਈਚਾਰਿਆਂ ਨੂੰ ਵੰਡਣ ਦੇ ਯਤਨ ਨਹੀਂ ਕਰਨੇ ਚਾਹੀਦੇ। ਇਹ ਬਹੁਤ ਹੀ ਖਤਰਨਾਕ ਖੇਡ ਹੈ ਤੇ ਬੀਤੇ ਸਮੇਂ ਵਿਚ ਦੇਸ਼ ਨੇ ਇਸਦਾ ਬਹੁਤ ਮਹਿੰਗਾ ਹਰਜ਼ਾਨਾ ਭਰਿਆ ਹੈ।
ਸ੍ਰੀ ਬਾਦਲ ਨੇ ਇਹ ਬਿਆਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਯੂ ਏ ਪੀ ਏ ਦੀ ਵਰਤੋਂ ਸਿੱਖ ਨੌਜਵਾਨਾਂ ਖਿਲਾਫ ਕਰਨ ਨੂੰ ਜਵਾਬ ਠਹਿਰਾਉਂਦਿਆਂ ਜਾਰੀ ਕੀਤੇ ਬਿਆਨ ਦੇ ਜਵਾਬ ਵਿਚ ਦਿੱਤਾ ਹੈ।
ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਬਜਾਏ ਆਪਣੇ ਕਦਮ ਵਾਪਸ ਲੈਣ ਅਤੇ ਸਿੱਖਾਂ ਦੇ ਦੇਸ਼ ਵਿਰੋਧੀ ਹੋਣ ਦਾ ਚਿਤਰਣ ਕਰਨ ਤੇ ਇੰਦਰਾ ਗਾਂਧੀ ਵਾਲੀ ਮਾਨਸਿਕਤਾ ਦਾ ਧਾਰਨੀ ਹੋਣ ਦਾ ਖੰਡਨ ਕਰਨ ਦੇ, ਕੈਪਟਨ ਅਮਰਿੰਦਰ ਸਿੰਘ ਨੇ ਕਿ ਇਕ ਹੋਰ ਕਦਮ ਹੋਰ ਅੱਗੇ ਵਧਾਉਂਦਿਆਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਪੰਜਾਬ ਦੀਆਂ ‘ਭਾਰਤ ਵਿਰੋਧੀ’ ਤਾਕਤਾਂ ਤੋਂ ਦੇਸ਼ ਨੂੰ ਖਤਰਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਸਮਝ ਨਹੀਂ ਹੈ ਕਿ ਜਦੋਂ ਉਹ ਪੰਜਾਬ ਵਿਚਲੀਆਂ ਭਾਰਤ ਵਿਰੋਧੀ ਤਾਕਤਾਂ ਦੀ ਗੱਲ ਮੂੰਹੋਂ ਕੱਢਦੇ ਹਨ, ਉਦੋਂ ਉਹ ਪੰਜਾਬ ਤੋਂ ਬਾਹਰ ਵਸਦੇ ਲੱਖਾਂ ਸਿੱਖਾਂ ਦੀ ਜ਼ਿੰਦਗੀ ਦਾਅ ’ਤੇ ਲਗਾ ਦਿੰਦੇ ਹਨ ਜਿਵੇਂ ਕਿ 1980ਵਿਆਂ ਵਿਚ ਹੋਇਆ ਸੀ। ਉਹਨਾਂ ਸਵਾਲ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦਾ ‘ਪੰਜਾਬ ਤੋਂ ਦੇਸ਼ ਵਿਰੋਧੀ ਤਾਕਤਾਂ’ ਵਾਲਾ ਬਿਆਨ ਪੜ੍ਹ ਕੇ ਗੈਰ ਪੰਜਾਬੀ, ਪੰਜਾਬੀਆਂ ਬਾਰੇ ਕਿਸ ਤਰ੍ਹਾਂ ਦੀ ਧਾਰਨਾ ਬਣਾਉਣਗੇ। ਉਹਨਾਂ ਕਿਹਾ ਕਿ ਕੀ ਉਹਨਾਂ ਨੂੰ ਇਹ ਸਮਝ ਵੀ ਹੈ ਕਿ ਉਹਨਾਂ ਦੇ ਸ਼ਬਦ ਦੇਸ਼ ਵਿਚ ਸਿੱਖਾਂ ਪ੍ਰਤੀ ਚਲ ਰਹੀ ਲਹਿਰ ਦੇ ਉਲਟ ਹਨ ਕਿਉਂਕਿ ਦੇਸ਼ ਭਰ ਵਿਚ ਸਿੱਖਾਂ ਨੂੰ ਗਲਵਾਨ ਦੇ ਸ਼ਹੀਦ ਤੇ ਨਾਇਕਾਂ ਵਜੋਂ ਵੇਖਿਆ ਜਾ ਰਿਹਾ ਹੈ ?
ਸ੍ਰੀ ਬਾਦਲ ਨੇ ਮੁੜ ਦੁਹਰਾਇਆ ਕਿ ਕੈਪਟਨ ਅਮਰਿੰਦਰ ਸਿੰਘ ਜਾਣ ਬੁੱਝ ਕੇ 1980ਵਿਆਂ ਦੇ ਕਾਂਗਰਸ ਦੇ ਸਿੱਖ ਵਿਰੋਧੀ ਨਾਅਰੇ ਮੁੜ ਸੁਰਜੀਤ ਕਰ ਰਹੇ ਹਨ ਤਾਂ ਕਿ ਪੰਜਾਬੀਆਂ ਨੂੰ ਧਾਰਮਿਕ ਲੀਹਾਂ ’ਤੇ ਵੰਡਿਆ ਜਾ ਸਕੇ ਅਤੇ ਉਹਨਾਂ ਦਾ ਧਿਆਨ ਕਾਂਗਰਸ ਸਰਕਾਰ ਦੀਆਂ ਤਕਰੀਬਨ ਚਾਰ ਸਾਲ ਦੀਆਂ ਅਸਫਲਤਾਵਾਂ ਤੋਂ ਪਾਸੇ ਕੀਤੇ ਜਾ ਸਕੇ। ਉਹਨਾਂ ਕਿਹਾ ਕਿ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਆਪਣੇ ਵਾਅਦੇ ਪੂਰੇ ਨਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਦੇਸ਼ ਪ੍ਰਤੀ ਸਮਰਪਿਤ ਤੇ ਦੇਸ਼ ਦਾ ਰਾਖਾ ਦੱਸਣ ਦਾ ਯਤਨ ਕਰ ਰਹੇ ਹਨ ਜਦਕਿ ਸੱਚਾਈ ਇਹ ਹੈ ਕਿ ਉਹ ਅਤੇ ਉਹਨਾਂ ਦੀ ਕਾਂਗਰਸ ਪਾਰਟੀ ਧਰਤੀ ਮਾਂ ਦੇ ਸਭ ਤੋਂ ਵੱਡੇ ਰਾਖੇ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੇ ਮੁੱਖ ਮੰਤਰੀ ਨੂੰ ਉਹਨਾਂ ਦੀ ਪੁਲਿਸ ਵੱਲੋਂ ਯੂ ਏ ਪੀ ਏ ਦੀ ਦੁਰਵਰੋਤੀ ਵਿਰੁੱਧ ਚੌਕਸ ਕੀਤਾ ਸੀ। ਉਹਨਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਹੀ ਪੰਜਾਬ ਵਿਚਲੀਆਂ ਭਾਰਤ ਵਿਰੋਧੀ ਤਾਕਤਾਂ ਦੀ ਗੱਲ ਕਰੇ ਤਾਂ ਫਿਰ ਉਹਨਾਂ ਦੀ ਪੁਲਿਸ ਨੂੰ ਮਾਸੂਸ ਸਿੱਖ ਨੌਜਵਾਨਾਂ ’ਤੇ ਤਸ਼ੱਦਦ ਢਾਹੁਣ ਦੀ ਲਹਿਰ ਸ਼ੁਰੂ ਕਰਨ ਲਈ ਹੋਰ ਕੀ ਜ਼ਰੂਰਤ ਹੈ ?