ਚੰਡੀਗੜ੍ਹ/ਬਠਿੰਡਾ: 1 ਅਪ੍ਰੈਲ:ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਸਵਰਗੀ ਅਕਾਲੀ ਆਗੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਉਹਨਾਂ ਦੀ ਬਰਸੀ ਉੱਤੇ ਭਾਵ-ਭਿੰਨੀਆਂ ਸ਼ਰਧਾਂਜ਼ੀਆਂ ਭੇਂਟ ਕੀਤੀਆਂ।
ਸਰਦਾਰ ਬਾਦਲ ਨੇ ਜਥੇਦਾਰ ਟੌਹੜਾ ਨੂੰ ਇਸ ਸਦੀ ਦੇ ਸਿੱਖ ਦੇ ਸਭ ਤੋਂ ਵੱਡੇ ਆਗੂਆਂ ਵਿਚੋਂ ਇੱਕ ਅਤੇ ਸਿੱਖ ਅਤੇ ਪੰਜਾਬ ਦੀ ਰਾਜਨੀਤੀ ਦਾ ਬਾਬਾ ਬੋਹੜ ਕਰਾਰ ਦਿੱਤਾ, ਜਿਹਨਾਂ ਦਾ ਪ੍ਰਭਾਵ ਸਾਰੇ ਭਾਈਚਾਰਿਆਂ ਅਤੇ ਸਾਰੇ ਮੁਲਕਾਂ ਅੰਦਰ ਵੇਖਣ ਨੂੰ ਮਿਲਦਾ ਸੀ। ਉਹਨਾਂ ਕਿਹਾ ਕਿ ਜਥੇਦਾਰ ਟੋਹੜਾ ਨੇ ਇੱਕ ਅਜਿਹੇ ਆਗੂ ਸਨ, ਜਿਹਨਾਂ ਨੇ ਬਹੁਤ ਹੀ ਔਖੇ ਸਮਿਆਂ ਵਿਚ ਸਿੱਖ ਪੰਥ ਦੀ ਅਗਵਾਈ ਕਰਕੇ ਇਸ ਨੂੰ ਧਾਰਮਿਕ ਸੰਕਟਾਂ ਵਿਚੋਂ ਬਾਹਰ ਕੱਢਿਆ। ਉਹਨਾਂ ਕਿਹਾ ਕਿ ਜਥੇਦਾਰ ਟੌਹੜਾ ਵਰਗਾ ਹੋਰ ਕੋਈ ਨਹੀਂ ਹੋ ਸਕਦਾ, ਜਿਹਨਾਂ ਨੇ ਸਿੱਖਾਂ ਨੂੰ ਉਸ ਸਮੇਂ ਇੱਕ ਧਾਰਮਿਕ ਅਤੇ ਵਿਚਾਰਧਾਰਕ ਸੇਧ ਪ੍ਰਦਾਨ ਕੀਤੀ, ਜਦੋਂ ਉਹਨਾਂ ਨੂੰ ਇਸ ਦੀ ਸਭ ਤੋ ਵਧੇਰੇ ਲੋੜ ਸੀ। ਉਹਨਾਂ ਕਿਹਾ ਕਿ ਮੈਨੂੰ ਇਸ ਮਹਾਨ ਆਗੂ ਦੇ ਨੇੜੇ ਰਹਿ ਕੇ ਸਭ ਤੋਂ ਲੰਬਾ ਸਮਾਂ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਣ ਕਰਕੇ ਉਹਨਾਂ ਦੀ ਕਮੀ ਸਭ ਤੋਂ ਵੱਧ ਮਹਿਸੂਸ ਹੁੰਦੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਅਜਿਹੇ ਵੀ ਸਮੇਂ ਆਏ ਹਨ, ਜਦੋਂ ਜਥੇਦਾਰ ਟੌਹੜਾ ਦਾ ਸਿਰਫ ਮੇਰੇ ਨਾਲ ਖੜ੍ਹੇ ਹੋਣਾ ਹੀ ਸਾਰੀਆਂ ਮੁਸ਼ਕਿਲਾਂ ਹੱਲ ਕਰ ਦਿੰਦਾ ਸੀ। ਅਸੀਂ ਇਕ ਦੂਜੇ ਬਹੁਤ ਚੰਗੀ ਤਰ੍ਹਾਂ ਸਮਝਦੇ ਸਨ ਅਤੇ ਸਿੱਖ ਪੰਥ ਦੇ ਮਾਮਲਿਆਂ ਬਾਰੇ ਸਾਡੀ ਸੋਚ ਇੱਕ ਸੀ।
ਜਥੇਦਾਰ ਟੌਹੜਾ ਨੂੰ ਯਾਦ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇੰਨੇ ਲੰਬੇ ਸਾਥ ਦੌਰਾਨ ਸਾਡੇ ਵਿਚਕਾਰ ਅਕਸਰ ਮੱਤਭੇਦ ਵੀ ਹੁੰਦੇ ਸਨ ਅਤੇ ਕਈ ਵਾਰ ਇਹ ਮਤਭੇਦ ਇੰਨੇ ਤਿੱਖੇ ਹੋ ਜਾਂਦੇ ਸਨ ਕਿ ਗਲਤਫਹਿਮੀਆਂ ਖੜ੍ਹੀਆਂ ਹੋਣ ਦੀ ਨੌਬਤ ਆ ਜਾਂਦੀ ਸੀ। ਪਰੰਤੂ ਜਦੋਂ ਵੀ ਪੰਜਾਬ ਅਤੇ ਸਿੱਖਾਂ ਉੱਤੇ ਕੋਈ ਸੰਕਟ ਆਉਂਦਾ ਤਾਂ ਇਹ ਸਾਰੇ ਮਤਭੇਦ ਖ਼ਤਮ ਹੋ ਜਾਂਦੇ ਅਤੇ ਅਸੀਂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਂਝੀ ਲੜਾਈ ਵਿਚ ਕੁੱਦ ਪੈਂਦੇ ਸੀ। ਅਸੀਂ ਹਮੇਸ਼ਾਂ ਸਾਰੇ ਮਤਭੇਦ ਭੁਲਾ ਕੇ ਇਕੱਠੇ ਹੋ ਕੇ ਲੜੇ। ਅਸੀਂ ਦੋਵੇਂ ਇਹ ਗੱਲ ਜਾਣਦੇ ਸੀ ਕਿ ਸਿਰਫ ਇੱਕ ਮੁਲਾਕਾਤ ਵਿਚ ਅਤੇ ਇੱਕ ਦੂਜੇ ਨਾਲ ਗੱਲ ਕਰਦੇ ਹੀ ਸਾਡੇ ਸਾਰੇ ਮਤਭੇਦ ਖ਼ਤਮ ਹੋ ਜਾਣਗੇ। ਉਹਨਾਂ ਔਖੇ ਸਮਿਆਂ ਵਿਚ ਸਾਡੀ ਦੋਵਾਂ ਦੀ ਹੋਰ ਕਿਸੇ ਨਾਲ ਵੀ ਇਸ ਤਰ੍ਹਾਂ ਦੀ ਸਾਂਝ ਨਹੀਂ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਨਵੇਂ ਪੀੜ੍ਹੀ ਦੇ ਆਗੂਆਂ ਨੂੰ ਸਾਡੀ ਸਾਂਝ ਤੋਂ ਬਹੁਤ ਕੁੱਝ ਸਿੱਖਣ ਦੀ ਲੋੜ ਹੈ, ਖਾਸ ਕਰਕੇ ਇਹ ਗੱਲ ਕਿ ਵਿਚਾਰਾਂ ਦਾ ਮਤਭੇਦ ਹੋਣ ਦੇ ਬਾਵਜੂਦ ਦੂਜਿਆਂ ਦਾ ਸਤਿਕਾਰ ਕਿਸ ਤਰ੍ਹਾਂ ਕਰਦੇ ਹਨ ਅਤੇ ਕਿਸ ਤਰ੍ਹਾਂ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਕੌਮ, ਸੂਬੇ ਅਤੇ ਦੇਸ਼ ਦੇ ਵਡੇਰੇ ਹਿੱਤਾਂ ਲਈ ਤਿੱਖੇ ਮਤਭੇਦਾਂ ਨੂੰ ਵੀ ਭੁਲਾ ਕੇ ਕੰਮ ਕਰਦੇ ਹਨ?
ਸਰਦਾਰ ਬਾਦਲ ਨੇ ਕਿਹਾ ਕਿ ਕੁਦਰਤੀ ਹੈ ਕਿ ਮੈਂ ਜਥੇਦਾਰ ਟੌਹੜਾ ਦੀ ਗੈਰਹਾਜ਼ਰੀ ਬਹੁਤ ਜ਼ਿਆਦਾ ਮਹਿਸੂਸ ਕਰਦਾ ਹਾਂ। ਮੇਰਾ ਵਿਸ਼ਵਾਸ਼ ਹੈ ਕਿ ਮੇਰੇ ਵਾਂਗ ਹੀ ਖਾਲਸਾ ਪੰਥ, ਪੰਜਾਬ ਅਤੇ ਦੇਸ਼ ਵੀ ਇਸ ਮਹਾਨ ਆਗੂ ਦੀ ਕਮੀ ਨੂੰ ਮਹਿਸੂਸ ਕਰਦਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਕੁਦਰਤੀ ਹੈ ਕਿ ਮੈਂ ਜਥੇਦਾਰ ਟੌਹੜਾ ਦੀ ਗੈਰਹਾਜ਼ਰੀ ਬਹੁਤ ਜ਼ਿਆਦਾ ਮਹਿਸੂਸ ਕਰਦਾ ਹਾਂ। ਮੇਰਾ ਵਿਸ਼ਵਾਸ਼ ਹੈ ਕਿ ਮੇਰੇ ਵਾਂਗ ਹੀ ਖਾਲਸਾ ਪੰਥ, ਪੰਜਾਬ ਅਤੇ ਦੇਸ਼ ਵੀ ਇਸ ਮਹਾਨ ਆਗੂ ਦੀ ਕਮੀ ਨੂੰ ਮਹਿਸੂਸ ਕਰਦਾ ਹੈ।