ਸੁਖਬੀਰ ਸਿੰਘ ਬਾਦਲ ਨੇ ਨਤੀਜਿਆਂ ਨੂੰ ਭਾਰਤ ਦਾ ਰੌਸ਼ਨ ਭਵਿੱਖ ਕਰਾਰ ਦਿੱਤਾ
ਦੋਵੇਂ ਅਕਾਲੀ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਮੁਖੀ ਅਮਿਤ ਸ਼ਾਹ ਦੀ ਸ਼ਲਾਘਾ
ਚੰਡੀਗੜ੍ਹ/23 ਮਈ:ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਐਨਡੀਏ ਨੂੰ ਲੋਕ ਸਭਾ ਚੋਣਾਂ ਵਿਚ ਮਿਲੀ ਸ਼ਾਨਦਾਰ ਅਤੇ ਇਤਿਹਾਸਕ ਜਿੱਤ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੂੰ ਵਧਾਈਆਂ ਦਿੱਤੀਆਂ ਹਨ।
ਆਪਣੇ ਵਧਾਈ ਸੰਦੇਸ਼ ਵਿਚ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਚੋਣ ਨਤੀਜਿਆਂ ਨੂੰ ਨਿਰਣਾਇਕ, ਮਜ਼ਬੂਤ ਅਤੇ ਦੇਖ-ਭਾਲ ਕਰਨ ਵਾਲੀ ਲੀਡਰਸ਼ਿਪ ਨੂੰ ਮਿਲਿਆ ਨੂੰ ਇੱਕ ਫੈਸਲਾਕੁੰਨ ਅਤੇ ਮਜ਼ਬੂਤ ਫਤਵਾ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਉਹਨਾਂ ਦੀ ਸਭ ਕਾ ਵਿਕਾਸ ਪ੍ਰਤੀ ਵਚਨਬੱਧਤਾ ਲਈ ਸਭ ਕਾ ਸਾਥ ਅਤੇ ਸਭ ਕਾ ਵਿਸ਼ਵਾਸ਼ ਮਿਲਿਆ ਹੈ। ਸਰਦਾਰ ਬਾਦਲ ਨੇ ਕਿਹਾ ਕਿ ਹੁਣ ਇੱਕ ਮਜ਼ਬੂਤ ਅਤੇ ਇੱਕਜੁਟ ਭਾਰਤ ਦਾ ਸਮਾਂ ਆ ਗਿਆ ਹੈ, ਜਿਸ ਵਿਚ ਹਰ ਭਾਰਤੀ ਬਰਾਬਰ ਦਾ ਯੋਗਦਾਨ ਪਾਉਣ ਵਾਲਾ ਅਤੇ ਹਿੱਸੇਦਾਰ ਹੈ।
ਪ੍ਰਧਾਨ ਮੰਤਰੀ ਨੂੰ ਭੇਜੇ ਆਪਣੇ ਵਧਾਈ ਸੰਦੇਸ਼ ਵਿਚ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਉਹਨਾਂ ਦੀ ਸਪੱਸ਼ਟ, ਨਿਰਣਾਇਕ ਅਤੇ ਦੂਰਅੰਦੇਸ਼ੀ ਲੀਡਰਸ਼ਿਪ ਨੂੰ ਮਿਲੇ ਇਸ ਸ਼ਾਨਦਾਰ ਅਤੇ ਇਤਿਹਾਸਕ ਫਤਵੇ ਲਈ ਵਧਾਈ ਦਿੱਤੀ। ਸਰਦਾਰ ਬਾਦਲ ਨੇ ਕਿਹਾ ਕਿ ਸਾਰੇ ਦੇਸ਼ ਨੇ ਜਾਤਾਂ, ਵਰਗਾਂ, ਭਾਈਚਾਰਿਆਂ ਦੀਆਂ ਹੱਦਬੰਦੀਆਂ ਤੋਂ ਉੋਪਰ ਉੱਠ ਕੇ ਇਕ ਧਰਮ-ਨਿਰਪੱਖ ਅਤੇ ਸਰਬਸੰਮਤੀ ਵਾਲਾ ਫੈਸਲਾ ਦਿੱਤਾ ਹੈ। ਪ੍ਰਧਾਨ ਮੰਤਰੀ ਅਤੇ ਭਾਜਪਾ ਪ੍ਰਧਾਨ ਨੂੰ ਦਿੱਤੇ ਵਧਾਈ ਸੰਦੇਸ਼ ਵਿਚ ਉਹਨਾਂ ਕਿਹਾ ਕਿ ਭਾਰਤ ਦਾ ਭਵਿੱਖ ਰੌਸ਼ਨਮਈ ਹੈ।