ਖਰੀਦ ਵਿਵਸਥਾ 'ਚ ਹੋਰ ਸੁਧਾਰ ਕਰਕੇ ਇਸਦਾ ਦਾਇਰਾ ਵਧਾਇਆ ਜਾਵੇ ਤੇ ਹੋਰ ਖੇਤੀ ਜਿਣਸਾਂ ਇਸ ਵਿਚ ਸ਼ਾਮਲ ਕੀਤੀਆਂ ਜਾਣ : ਸੁਖਬੀਰ
ਕਿਸਾਨ ਤੇ ਸੰਘੀ ਢਾਂਚਾ ਆਰਥਿਕ ਵਿਕਾਸ ਤੇ ਸਥਿਰਤਾ ਦੀ ਕੂੰਜੀ
ਚੰਡੀਗੜ•, 13 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਉਹਨਾਂ ਦੀ ਪਾਰਟੀ ਕਿਸਾਨਾਂ ਦੇ ਝੋਨੇ ਤੇ ਕਣਕ ਦੀਆਂ ਫਸਲਾਂ ਦੀ ਸਰਕਾਰੀ ਏਜੰਸੀਆਂ ਵੱਲੋਂ ਘੱਟੋ ਘੱਟੋ ਸਮਰਥਨ ਮੁੱਲ 'ਤੇ ਯਕੀਨੀ ਖਰੀਦ ਦੇ ਮਾਮਲੇ 'ਤੇ ਕੋਈ ਸਮਝੌਤਾ ਨਹੀਂ ਕਰੇਗੀ ਕਿਉਂਕਿ ਪਹਿਲਾਂ ਹੀ ਸੰਕਟ ਵਿਚ ਘਿਰੇ ਸਾਡੇ ਕਿਸਾਨਾਂ ਲਈ ਇਹ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ।
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ 'ਅਕਾਲੀ ਦਲ ਕੇਂਦਰ ਵਿਚ ਸਰਕਾਰ ਵਿਚ ਇਹ ਯਕੀਨੀ ਬਣਾਉਣ ਲਈ ਹੈ ਕਿ ਪੰਜਾਬੀਆਂ ਤੇ ਖਾਸ ਤੌਰ 'ਤੇ ਕਿਸਾਨਾਂ ਤੇ ਹੋਰ ਗਰੀਬ ਵਰਗਾਂ ਦੇ ਹਿਤਾਂ ਦੀ ਪੂਰਨ ਸੁਰੱਖਿਆ ਕੀਤੀ ਜਾ ਸਕੇ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਪੜਾਅ 'ਤੇ ਉਹਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦੀ ਮੌਜੂਦਾ ਵਿਵਸਥਾ ਨੂੰ ਕੋਈ ਖ਼ਤਰਾ ਨਜ਼ਰ ਨਹੀਂ ਆ ਰਿਹਾ ਪਰ ਜੇਕਰ ਕਿਸੇ ਵੀ ਪੜਾਅ 'ਤੇ ਘੱਟੋ ਘੱਟ ਸਮਰਥਨ ਮੁੱਲ ਤੇ ਯਕੀਨੀ ਮੰਡੀਕਰਨ ਨਾਲ ਛੇੜਛਾੜ ਕੀਤੀ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਅਜਿਹੇ ਅਨਿਆਂ ਪ੍ਰਤੀ ਮੂਕ ਦਰਸ਼ਕ ਬਣ ਕੇ ਨਹੀਂ ਬੈਠੇਗਾ ਅਤੇ ਇਸ ਅਨਿਆਂ ਨੂੰ ਖਤਮ ਕੀਤੇ ਜਾਣ ਤੱਕ ਸੰਘਰਸ਼ ਕਰੇਗਾ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਹਿਤਾਂ ਤੋਂ ਲੈ ਕੇ ਦੇਸ਼ ਦੇ ਸੰਘੀ ਢਾਂਚੇ ਤੱਕ ਹਰ ਖੇਤਰ ਵਿਚ ਲੋਕਾਂ ਦੀ ਆਵਾਜ਼ ਤੇ ਅੰਤਰ ਆਤਮਾ ਬਣ ਕੇ ਵਿਚਰਨ ਦੀ ਪਾਰਟੀ ਦੀ ਭੂਮਿਕਾ ਪ੍ਰਤੀ ਪੂਰੀ ਤਰ•ਾਂ ਸੁਚੇਤ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਤੇ ਖਾਸ ਤੌਰ 'ਤੇ ਕਿਸਾਨਾਂ ਤੇ ਸਮਾਜ ਦੇ ਹੋਰ ਗਰੀਬ ਵਰਗਾਂ ਦੀਆਂ ਇੱਛਾਵਾਂ ਸਮੇਤ ਖੇਤਰੀ ਇੱਛਾਵਾਂ ਦੀ ਪੂਰਤੀ ਵਾਸਤੇ ਸਿਰਫ ਪੰਜਾਬੀ ਹੀ ਨਹੀਂ ਬਲਕਿ ਸਾਰਾ ਦੇਸ਼ ਸਾਡੇ ਵੱਲ ਅਗਵਾਈ, ਮਾਰਗ ਦਰਸ਼ਨ ਤੇ ਪ੍ਰੇਰਨਾ ਲਈ ਵੇਖਦੇ ਹਨ। ਅਸੀਂ ਹਰ ਖੇਤਰ ਵਿਚ ਉਹਨਾਂ ਰਵਾਇਤਾਂ ਤੇ ਉਹਨਾਂ ਆਸਾਂ 'ਤੇ ਖਰ•ੇ ਉਤਰਾਂਗੇ। ਉਹਨਾਂ ਕਿਹਾ ਕਿ ਕਿਸਾਨ ਤੇ ਸੰਘੀ ਢਾਂਚਾ ਅਜਿਹੀ ਬੁਨਿਆਦ ਹਨ ਜਿਸ 'ਤੇ ਦੇਸ਼ ਦਾ ਚਿਰ ਕਾਲੀ ਆਰਥਿਕ ਵਿਕਾਸ ਤੇ ਸਥਿਰਤਾ ਟਿਕਣਗੇ।
ਸ੍ਰੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਹ ਯਕੀਨੀ ਬਣਾਉਣ ਲਈ ਦ੍ਰਿੜ• ਸੰਕਲਪ ਹੇ ਕਿ ਘੱਟੋ ਘੱਟ ਸਮਰਥਨ ਮੁੱਲ ਅਤੇ ਕਿਸਾਨਾਂ ਦੀ ਜਿਣਸ ਦੀ ਯਕੀਨੀ ਸਰਕਾਰੀ ਖਰੀਦ ਦੀ ਵਿਵਸਥਾ ਨਾਲ ਨਾ ਤਾਂ ਛੇੜਛਾੜ ਕੀਤੀ ਜਾਵੇ ਤੇ ਨਾ ਹੀ ਇਹ ਕਿਸੇ ਤਰੀਕੇ ਖਤਮ ਕੀਤੀ ਜਾਵੇ। ਉਹਨਾਂ ਕਿਹਾ ਕਿ ਅਸੀਂ ਕਿਸੇ ਵੀ ਅਜਿਹੇ ਫੈਸਲੇ ਦਾ ਹਿੱਸਾ ਨਹੀਂ ਹੋਵਾਂਗੇ ਜੋ ਇਹ ਪ੍ਰਬੰਧ ਬਦਲਣ ਜਾਂ ਖਤਮ ਕਰਨ ਲਈ ਲਿਆ ਗਿਆ ਹੋਵੇ। ਉਹਨਾਂ ਕਿਹਾ ਕਿ ਸਰਕਾਰੀ ਖਰੀਦ ਦੀ ਮੌਜੂਦਾ ਵਿਵਸਥਾ ਵਿਚ ਕੋਈ ਉਲਟ ਤਬਦੀਲੀ ਨਾਲ ਕਿਸਾਨ ਹਿਤਾਂ ਨੂੰ ਕੋਈ ਖਤਰਾ ਹੋਇਆ ਤਾਂ ਉਹ ਤੇ ਉਹਨਾਂ ਦੀ ਪਾਰਟੀ ਕੁਝ ਵੀ ਕਰਨ ਲਈ ਤਿਆਰ ਹਨ। ਉਹਨਾਂ ਕਿਹਾ ਕਿ ਵੱਡਾ ਲੋਕ ਸੰਘਰਸ਼ ਛੇੜਨ ਸਮੇਤ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਤਾਂ ਕਿ ਹਰ ਪੰਜਾਬੀ ਖਾਸ ਤੌਰ 'ਤੇ ਕਿਸਾਨ ਜੋ ਕਿ ਪੰਜਾਬ ਦੀ ਪਛਾਣ ਦੀ ਰੀੜ• ਦੀ ਹੱਡੀ ਹਨ ਦੇ ਅਧਿਕਾਰਾਂ ਤੇ ਹਿਤਾਂ ਦੀ ਰਾਖੀ ਕੀਤੀ ਜਾ ਸਕੇ।
ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਮੌਜੂਦਾ ਖਰੀਦ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਤੇ ਇਸ ਵਿਚ ਸੁਧਾਰ ਕਰ ਕੇ ਇਸਦਾ ਦਾਇਰਾ ਵਧਾਏ ਜਾਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਘੱਟੋ ਘੱਟ ਸਮਰਥਨ ਮੁੱਲ ਦੇ ਦਾਇਰੇ ਨੂੰ ਵੱਡਾ ਕਰ ਕੇ ਇਸ ਵਿਚ ਵਿਭਿੰਨਤਾ ਲਿਆਉਣੀ ਚਾਹੀਦੀ ਹੈ ਤਾਂ ਹੀ ਫਸਲੀ ਵਿਭਿੰਨਤਾ ਲਿਆਂਦੀ ਜਾ ਸਕੇਗੀ ਜੋ ਕਿ ਭਾਰਤ ਦੀ ਪੇਂਡੂ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਮੁੱਖ ਜ਼ਰੂਰਤ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਖੇਤੀਬਾੜੀ ਉਤਪਾਦਨ ਵਿਚ ਨਿਵੇਸ਼ ਤੇ ਹੋਰ ਲੋੜੀਂਦੀਆਂ ਵਸਤਾਂ ਦੀ ਕੀਮਤ ਬਹੁਤ ਵੱਧ ਗਈ ਹੈ ਜਦਕਿ ਕਿਸਾਨਾਂ ਦੀਆਂ ਜਿਣਸਾਂ ਦੀਆਂ ਕੀਮਤਾਂ ਵਿਚ ਖੜ•ੋਤ ਆ ਗਈ ਹੈ ਬਲਕਿ ਮਹਿੰਗਾਈ ਦਾ ਹਿਸਾਬ ਕਿਤਾਬ ਲਾਇਆ ਜਾਵੇ ਤਾਂ ਅਸਲ ਵਿਚ ਕੀਮਤਾਂ ਘੱਟ ਗਈਆਂ ਹਨ। ਉਹਨਾਂ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਆਮਦਨ ਵਿਚ ਵੱਡੀ ਗਿਰਾਵਟ ਆਈ ਹੈ।
ਸ੍ਰੀ ਬਾਦਲ ਨੇ ਇਹ ਵੀ ਕਿਹਾ ਕਿ ਕਣਕ ਤੇ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਦੇ ਨਾਲ ਹੀ ਰਾਜ ਸਰਕਾਰ ਨੂੰ ਬੋਨਸ ਦੇ ਰੂਪ ਵਿਚ ਹੋਰ ਮਦਦ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਵੇਲੇ ਕਣਕ ਤੇ ਝੋਨੇ ਦੇ ਘੱੋਟੋ ਘੱਟ ਸਮਰਥਨ ਮੁੱਲ ਤੇ ਸਰਕਾਰੀ ਖਰੀਦ ਵਿਚ ਸਿਰਫ ਉਤਪਾਦਨ ਲਾਗਤ ਹੀ ਗਿਣੀ ਜਾਂਦੀ ਹੈ ਜਿਸ ਨਾਲ ਕਿਸਾਨਾਂ ਨੂੰ ਕੋਈ ਮੁਨਾਫਾ ਨਹੀਂ ਬਚਦਾ। ਇਹੀ ਸਮਾਂ ਹੈ ਜਦੋਂ ਰਾਜ ਸਰਕਾਰ ਨੂੰ ਕੁਝ ਮਦਦ ਕਰਨ ਵਾਸਤੇ ਅੱਗੇ ਆਉਣਾ ਚਾਹੀਦਾ ਹੈ।