ਅਕਾਲੀ ਦਲ ਬਸਪਾ ਗਠਜੋੜ ਸਰਕਾਰ ਬਣਨ ’ਤੇ ਕਾਂਗਰਸ ਵੱਲੋਂ ਵਾਪਸ ਲਈਆ ਸਾਰੀਆਂ ਸਮਾਜ ਭਲਾਈ ਸਹੂਲਤਾਂ ਬਹਾਲ ਕਰਨ ਦਾ ਭਰੋਸਾ
ਬਸਪਾ ਵੱਲੋਂ ਫਗਵਾੜਾ ਵਿਚ ਵਿਸ਼ਾਲ ਅਣਖ ਜਗਾਓ ਰੈਲੀ
ਬਸਪਾ ਨੇ ਜਸਵੀਰ ਸਿੰਘ ਗੜ੍ਹੀ ਨੂੰ ਫਗਵਾੜਾ ਤੋਂ ਉਮੀਦਵਾਰ ਐਲਾਨਿਆ
ਫਗਵਾੜਾ, 29 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਗਰੀਬ, ਕਿਸਾਨ ਤੇ ਮਜ਼ਦੂਰ ਹੁਣ ਭ੍ਰਿਸ਼ਟਾਚਾਰ ਵਿਚ ਡੁੱਬਦੀ ਤੇ ਘੁਟਾਲਿਆਂ ਨਾਲ ਭਰਪੂਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੁੰ ਚਲਦਾ ਕਰਨ ਲਈ ਇਕਜੁੱਟ ਹੋ ਗਏ ਹਨ।
ਉਹ ਇਥੇ ਬਹੁਜਨ ਸਮਾਜ ਪਾਰਟੀ ਵੱਲੋਂ ਆਯੋਜਿਤ ਵਿਸ਼ਾਲ ਅਣ ਜਗਾਓ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰੈਲੀ ਵਿਚ ਦਲਿਤਾਂ ਤੇ ਕਮਜ਼ੋਰ ਵਰਗਾਂ ਦੇ ਲੋਕਾਂ ਨੇ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਬਸਪਾ ਨੇ ਇਸ ਮੌਕੇ ਜਸਵੀਰ ਸਿੰਘ ਗੜ੍ਹੀ ਨੂੰ ਫਗਵਾੜਾ ਤੋਂ ਪਾਰਟੀ ਉਮੀਦਵਾਰ ਐਲਾਨਿਆ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਇਤਿਹਾਸਕ ਰੈਲੀ ਨੇ ਪੰਜਾਬ ਵਿਚ ਤਬਦੀਲੀ ਦੀ ਨੀਂਹ ਰੱਖ ਦਿੱਤੀ ਹੈ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਲੋਕ ਸੂਬੇ ਦੀ ਵਾਗਡੋਰ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਹੱਥ ਵਿਚ ਸੌਂਪਣਾ ਚਾਹੁੰਦੇ ਹਨ ਤਾਂ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਤਿਕਾਰਯੋਗ ਕਾਂਸ਼ੀ ਰਾਮ ਦੇ ਆਦਰਸ਼ਾਂ ਦੀ ਪਾਲਣਾ ਕੀਤੀ ਜਾ ਸਕੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਦੋਵੇਂ ਪਾਰਟੀਆਂ ਬਾਹਰਲਿਆਂ ਨੁੰ ਹਰਾਉਣ ਲਈ ਇਕਜੁੱਟ ਹੋਈਆਂ ਹਨ। ਉਹਨਾਂ ਨੇ ਬਸਪਾ ਮੁਖੀ ਕੁਮਾਰੀ ਕਾਇਆਵਤੀ ਦੀ ਵੀ ਸੋਚ ਦੀ ਸਪਸ਼ਟਤਾ ਤੇ ਅਕਾਲੀ ਦਲ ਨਾਲ ਗਠਜੋੜ ਕਾਇਮ ਕਰਨ ਵਿਚ ਫੁਰਤੀ ਦੀ ਸ਼ਲਾਘਾ ਕੀਤੀ। ਉਹਨਾਂ ਨੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਵੱਲੋਂ ਕਿਸਾਨ ਸੰਘਰਸ਼ ਦੀ ਸੰਸਦ ਵਿਚ ਅਕਾਲੀ ਦਲ ਨਾਲ ਮਿਲ ਕੇ ਡਟਵੀਂ ਹਮਾਇਤ ਕਰਨ ਲਈ ਉਹਨਾਂ ਦਾ ਧੰਨਵਾਦ ਕੀਤਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਸਿੱਧਾ ਹਮਲਾ ਬੋਲਦਿਆ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਸੱਤਾਧਾਰੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਦਾ ਇਕ ਨੁਕਾਤੀ ਏਜੰਡਾ ਪੰਜਾਬ ਨੂੰ ਲੁੱਟਣਾ ਹੈ ਅਤੇ ਉਹਨਾਂ ਨੇ ਪਿਛਲੇ ਸਾਢੇ ਚਾਰ ਸਾਲਾਂ ਵਿਚ ਲੋਕਾਂ ਲਈ ਇਕ ਵੀ ਚੰਗਾ ਕੰਮ ਨਹੀਂ ਕੀਤਾ। ਉਹਨਾਂ ਕਿਹਾ ਕਿ ਸੂਬੇ ਨੁੰ ਲੁੱਟਣ ਤੋਂ ਇਲਾਕਾ ਇਹ ਸਰਕਾਰ ਪਿਛਲੀਆਂ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਸਮਾਜ ਭਲਾਈ ਸਕੀਮ ਜਾਰੀ ਰੱਖਣ ਵਿਚ ਵੀ ਨਾਕਾਮ ਰਹੀ ਹੈ। ਉਹਨਾਂ ਐਲਾਨ ਕੀਤਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਸਾਰੀਆਂ ਸਕੀਮਾਂ ਬਹਾਲ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਨੀਲੇ ਕਾਰਡੇ ਨਵੇਂ ਸਿਰੇ ਤੋਂ ਬਣਾਏ ਜਾਣਗੇ ਤੇ ਨੀਲਾ ਕਾਰਡ ਧਾਰਕ ਪਰਿਵਾਰ ਦੀ ਅਗਵਾਈ ਕਰਲ ਵਾਲੀਆਂ ਮਹਿਲਾਵਾਂ ਨੁੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਐਸ ਸੀ ਸਕਾਲਰਸ਼ਿਪ ਸਕੀਮ ਮੁੜ ਸ਼ੁਰੂ ਕਰਾਂਗੇ ਤੇ ਭ੍ਰਿਸ਼ਟ ਐਸ ਸੀ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਸਰਦਾਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਲੋਕਾਂ ਨੁੰ ਗੁੰਮਰਾਹ ਕੀਤਾ ਤੇ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ, ਘਰ ਘਰ ਨੌਕਰੀ ਤੇ ਹੋਰ ਵਾਅਦÇਆਂ ਨਾਲ ਸਮਾਜ ਦੇ ਹਰ ਵਰਗ ਨੁੰ ਮੂਰਖ ਬਣਾਇਆ ਕਿਉਂਕਿ ਇਹ ਅਜਿਹਾ ਕੁਝ ਵੀ ਨਹੀਂ ਹੋਇਆ ਤੇ ਨਾ ਹੀ ਬੇਰੋਜ਼ਗਾਰਾਂ ਨੁੰ 2500 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਮਿਲਿਆ ਹੈ।
ਉਹਨਾਂ ਨੇ ਹਾਜ਼ਰ ਲੋਕਾਂ ਨੁੰ ਦੱਸਿਆ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸਰਕਾਰ ਬਣਨ ’ਤੇ 13 ਨੁਕਾਤੀ ਏਜੰਡਾ ਲਾਗੂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਹਰ ਘਰ ਨੁੰ ਹਰ ਮਹੀਨੇ 400 ਯੂਨਿਟ ਬਿਜਲੀ ਮੁਫਤ ਮਿਲੇਗੀ ਅਤੇ ਦੋ ਮਹੀਨਿਆਂ ਵਿਚ 800 ਯੁਨਿਟ ਬਿਜਲੀ ਮੁਫਤ ਮਿਲੇਗੀ। ਉਹਨਾਂ ਕਿਹਾ ਕਿ 10 ਲੱਖ ਰੁਪਏ ਦੀ ਸਟੂਡੈਂਟ ਕਾਰਡ ਸਕੀਮ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਵਿਦੇਸ਼ਾਂ ਵਿਚ ਜਾਂ ਇਥੇ ਹੀ ਯੂਨੀਵਰਸਿਟੀਆਂ ਵਿਚ ਉਚੇਰੀ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੀ ਮਦਦ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਹਰ ਜ਼ਿਲ੍ਹੇ ਵਿਚ 500 ਬੈਡਾਂ ਵਾਲੇ ਮੈਡੀਕਲ ਕਾਲਜ ਖੋਲ੍ਹੇ ਜਾਣਗੇ ਤੇ 13 ਨੁਕਾਤੀ ਏਜੰਡੇ ਦੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।
ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਤੇ ਬਸਪਾ ਦੇ ਕੌਮੀ ਕੋਆਰਡੀਨੇਟਰ ਰਾਮ ਜੀ ਗੌਤਮ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀਆਂ ਯੂ ਪੀ ਏ ਸਰਕਾਰਾਂ ਭ੍ਰਿਸ਼ਟਾਚਾਰ ਵਿਚ ਡੁੱਬੀਆਂ ਸਨ ਭਾਵੇਂ ਉਹ 2 ਜੀ ਘੁਟਾਲਾ ਹੋਵੇ ਜਾਂ ਫਿਰ ਕੋਲਾ ਘੁਟਾਲਾ। ਉਹਨਾਂ ਕਿਹਾ ਕਿ ਬਸਪਾ ਹਮੇਸ਼ਾ ਕਿਸਾਨਾਂ ਨਾਲ ਸੀ ਅਤੇ ਰਹੇਗੀ। ਉਹਨਾਂ ਕਿਹਾ ਕਿ ਸਾਡੀਆਂ ਟੀਮਾਂ ਨੇ ਕਿਸਾਨਾਂ ਵੱਲੋਂ ਐਲਾਨ ਕੀਤੇ ਰੋਸ ਮਾਰਚ ਵਿਚ ਵੀ ਸ਼ਮੂਲੀਅਤ ਕੀਤੀ ਅਤੇ ਸਿੰਘੂ ਬਾਰਡਰ ’ਤੇ ਸੰਘਰਸ਼ ਵਿਚ ਵੀ ਸਾਮਲ ਹੋਏ। ਉਹਨਾਂ ਕਿਹਾ ਕਿ ਭਾਜਪਾ ਨੇ ਪਹਿਲਾਂ ਕਿਸਾਨ ਵਿਰੋਧੀ ਜ਼ਮੀਨੇ ਐਕਵਾਇਹਰ ਕਰਨ ਵਾਲਾ ਐਕਟ ਲਿਆਂਦਾ ਸੀ ਜੋ ਕਿਸਾਨਾਂ ਦੇ ਭਾਰੀ ਵਿਰੋਧ ਕਾਰਨ ਵਾਪਸ ਲੈਣਾ ਪਿਆ ਸੀ। ਉਹਨਾਂ ਕਿਹਾ ਕਿ ਅਸੀਂ ਜਦੋਂ ਇਕਜੁੱਟ ਹੋਵਾਂਗੇ ਤਾਂ ਹੀ ਕੇਂਦਰ ਸਰਕਾਰ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲਵੇਗੀ। ਉਹਨਾਂ ਕਿਹਾ ਕਿ ਦਿੱਲੀ ਵਿਚ ਆਪ ਸਰਕਾਰ ਨੇ ਤਿੰਨੋਂ ਕਾਨੂੰਨ ਪਹਿਲਾਂ ਹੀ ਲਾਗੂ ਕਰ ਦਿੱਤੇ ਸੀ ਤੇ ਅਜਿਹਾ ਜਾਪਦਾ ਹੈ ਕਿ ਇਹ ਪਾਰਟੀ ਆਰ ਐਸ ਐਸ ਦੀ ਹੀ ਪੈਦਾਵਾਰ ਹੈ।
ਇਸ ਮੌਕੇ ਬਸਪਾ ਦੇ ਕੌਮੀ ਕੋਆਰਡੀਨੇਟਰ ਆਕਾਸ਼ ਆਨੰਦ ਨੇ ਕਿਹਾ ਕਿ 2022 ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ਦੇ ਛੇ ਮਹੀਨਿਆਂ ਅੰਦਰ ਹੀ ਅਸੀਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਦਿਆਂਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਧੀਰ ਬੈਨੀਵਾਲ ਇੰਚਾਰਜ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਅਤੇ ਸਾਬਕਾ ਮੰਤਰੀ ਡਾ ਦਲਜੀਤ ਸਿੰਘ ਚੀਮਾ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।