ਕਿਹਾ ਕਿ ਅਮਰਿੰਦਰ ਅਜਾਇਬ ਘਰ ਦੀ ਇੱਕ ਦੁਰਲੱਭ ਵਸਤੂ ਬਣ ਚੁੱਕਿਆ ਹੈ
ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਰੀ-ਪੀਰੀ ਦੇ ਸਿਧਾਂਤ ਉੱਤੇ ਪਹਿਰਾ ਦਿੰਦਾ ਹੈ
ਕਿਹਾ ਕਿ ਗੁਰੂ ਪੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਕਾਲੀ ਦਲ ਸਭ ਤੋਂ ਵੱਡੀਆਂ ਤਾਕਤਾਂ ਹਨ
ਚੰਡੀਗੜ•/ਅਟਾਰੀ/ਰਾਜਾਸਾਂਸੀ:ਸ਼੍ਰੋ
ਸਰਦਾਰ ਬਾਦਲ ਨੇ ਰਾਜਾਸਾਂਸੀ ਅਤੇ ਅਟਾਰੀ ਵਿਖੇ ਵੱਡੀਆਂ ਜਨਤਕ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ, ਦਲਿਤਾਂ, ਛੋਟੇ ਵਪਾਰੀਆਂ, ਦੁਕਾਨਦਾਰਾਂ, ਵਿਦਿਆਰਥੀਆਂ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਗੂ-ਵਿਹੀਣ, ਨਿਕੰਮੀ ਸਰਕਾਰ ਨੇ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ, ਜਿਸ ਦਾ ਮੁੱਖ ਮੰਤਰੀ ਅਜਾਇਬ ਘਰ 'ਚ ਰੱਖੀ ਦੁਰਲੱਭ ਵਸਤੂ ਬਣਦਾ ਜਾ ਰਿਹਾ ਹੈ, ਜੋ ਕਦੇ ਕਦੇ ਵਿਖਾਈ ਦਿੰਦਾ ਹੈ। ਉਹਨਾਂ ਕਿਹਾ ਕਿ ਜਦੋਂ ਅਸੀਂ ਅਗਲੀ ਸਰਕਾਰ ਬਣਾਵਾਂਗੇ ਤਾਂ ਅਸੀਂ ਆਧੁਨਿਕ ਸ਼ਥਹਿਰਾਂ ਵਾਂਗ ਹਰ ਸ਼ਹਿਰ ਅਤੇ ਪਿੰਡ ਅੰਦਰ ਸਾਫ ਪਾਣੀ, ਬਿਜਲੀ, ਸੀਵਰੇਜ ਅਤੇ ਪੱਕੀਆਂ ਸੜਕਾਂ ਦੀਆਂ ਸਹੂਲਤਾਂ ਪ੍ਰਦਾਨ ਕਰਾਂਗੇ।
ਮਾਝਾ ਖੇਤਰ ਦੇ ਅਟਾਰੀ ਅਤੇ ਰਾਜਾਸਾਂਸੀ ਸਰਹੱਦੀ ਸ਼ਹਿਰਾਂ ਵਿਚ ਹੋਈਆਂ ਇਹਨਾਂ ਰੈਲੀਆਂ ਵਿਚ ਪੰਥਕ ਜੋਸ਼ ਠਾਠਾਂ ਮਾਰਦਾ ਨਜ਼ਰ ਆਇਆ।ਜਦੋਂ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੀ ਆਗੂ ਵਿਹੂਣੀ ਅਤੇ ਨਿਕੰਮੀ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ ਤਾਂ ਨਾਅਰਿਆਂ ਅਤੇ ਕੇਸਰੀ ਰੰਗ ਦੇ ਅਕਾਲੀ ਝੰਡਿਆਂ ਦਾ ਜਲਵਾ ਵੇਖਣਯੋਗ ਸੀ।
ਬੋਲੇ ਸੋ ਨਿਹਾਲ ਦੇ ਗੂੰਜਦੇ ਨਾਅਰਿਆਂ ਦੌਰਾਨ ਸਰਦਾਰ ਬਾਦਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾਂ ਤੋਂ ਵਚਨਬੱਧ ਰਿਹਾ ਹੈ ਅਤੇ ਸਦਾ ਹੀ ਰਹੇਗਾ ਅਤੇ ਲੋਕਾਂ ਦੇ ਹੱਕਾਂ ਲਈ ਹਮੇਸ਼ਾਂ ਅੱਗੇ ਹੋ ਕੇ ਲੜਾਈ ਲੜਦਾ ਰਹੇਗਾ।
ਆਪਣੇ ਨਿੱਜੀ ਜ਼ਿੰਦਗੀ ਉੱਤੇ ਝਾਤ ਪਾਉਂਦਿਆਂ ਸਰਦਾਰ ਬਾਦਲ ਨੇ ਦੱਸਿਆ ਕਿ ਉਹ ਕਦੇ ਵੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪਵਿੱਤਰ ਗੁਰਬਾਣੀ ਦਾ ਪਾਠ ਕੀਤੇ ਬਿਨਾਂ ਆਪਣੇ ਦਿਨ ਦੀ ਸ਼ੁਰੂਆਤ ਨਹੀਂ ਕਰਦੇ ਅਤੇ ਹਮੇਸ਼ਾਂ ਆਪਣੇ ਦਿਨ ਦੀ ਸਮਾਪਤੀ ਗੁਰੂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਨ ਤੋਂ ਬਾਅਦ ਕਰਦੇ ਹਨ। ਉਹਨਾਂ ਕਿਹਾ ਕਿ ਸਾਡੇ ਦਿੱਲੀ, ਚੰਡੀਗੜ• ਅਤੇ ਪਿੰਡ ਬਾਦਲ ਵਿਖੇ ਘਰਾਂ ਵਿਚ ਗੁਰਬਾਣੀ ਦਾ ਪਰਕਾਸ਼ ਹੋਇਆ ਰਹਿੰਦਾ ਹੈ। ਉਹਨਾਂ ਕਿਹਾ ਕਿ ਇਕਾਗਰ ਚਿੱਤ ਹੋ ਕੇ ਸਾਫ ਮਨ ਨਾਲ ਪ੍ਰਾਰਥਨਾ ਕਰਨ ਨਾਲ ਮੈਨੂੰ ਬਹੁਤ ਜ਼ਿਆਦਾ ਰੂਹਾਨੀ ਅਤੇ ਨੈਤਿਕ ਤਾਕਤ ਮਿਲਦੀ ਹੈ। ਉਹਨਾਂ ਅੱਗੇ ਕਿਹਾ ਕਿ ਇੱਕ ਪਾਰਟੀ ਵਜੋਂ ਸਾਡੇ ਲਈ ਸਿਆਸੀ ਤਾਕਤ ਤੋਂ ਵੱਧ ਮੀਰੀ ਅਤੇ ਪੀਰੀ ਦੇ ਪਾਵਨ ਸਿਧਾਂਤ ਦੀ ਅਹਿਮੀਅਤ ਹੈ, ਜੋ ਕਿ ਛੇਂਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਵੱਲੋ ਮਿਲਿਆ ਇੱਕ ਰੱਬੀ ਤੋਹਫਾ ਹੈ। ਅਸੀਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਆਪਣਾ ਸੀਸ ਝੁਕਾਉਂਦੇ ਹਾਂ, ਜੋ ਕਿ ਖਾਲਸਾ ਪੰਥ ਦੇ ਦਿਲ ਅਤੇ ਰੂਹ ਵਿਚ ਵਸਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਖਾਲਸਾ ਪੰਥ ਲਈ ਸਭ ਤੋਂ ਉੱਚੀ ਅਤੇ ਖੁਦਮੁਖਤਾਰ ਧਾਰਮਿਕ ਅਤੇ ਸਿਆਸੀ ਸੰਸਥਾ ਹੈ।
ਰਾਜਾਸਾਂਸੀ ਵਾਲੀ ਰੈਲੀ ਵਿਖੇ ਜਜ਼ਬਾਤੀ ਨਜ਼ਰ ਆ ਰਹੇ ਸਰਦਾਰ ਬਾਦਲ ਨੇ ਕਿਹਾ ਕਿ ਅਮਰਿੰਦਰ ਨੇ ਪੰਥ ਦੇ ਵਾਲੀ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਝੂਠੀ ਸਹੁੰ ਖਾ ਕੇ ਸਭ ਤੋਂ ਵੱਡੀ ਬੇਅਦਬੀ ਕੀਤੀ ਹੈ। ਉਹਨਾਂ ਕਿਹਾ ਕਿ ਪਰੰਤੂ ਕਾਂਗਰਸ ਅੰਦਰ ਕਿਸੇ ਵਿਚ ਇਹ ਹੌਂਸਲਾ ਨਹੀਂ ਹੈ ਕਿ ਉਹ ਅਮਰਿੰਦਰ ਨੂੰ ਦੱਸੇ ਕਿ ਉਸ ਨੇ ਕਿੱਡਾ ਬੱਜਰ ਪਾਪ ਕੀਤਾ ਹੈ। ਉਹ ਸਾਰੇ ਉਸ ਨੂੰ 'ਮਹਾਰਾਜ' ਕਹਿੰਦੇ ਹਨ, ਜੋ ਸਨਮਾਨਜਨਕ ਸੰਬੋਧਨ ਸਿੱਖ ਸਿਰਫ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਇਸਤੇਮਾਲ ਕਰਦੇ ਹਨ।
ਉਹਨਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਾਂਗਰਸੀ ਅਮਰਿੰਦਰ ਨੂੰ ਗੁਰੂ ਸਾਹਿਬਾਨ ਦੇ ਬਰਾਬਰ ਰੱਖ ਕੇ ਕਿੰਨੀ ਵੱਡੀ ਬੇਅਦਬੀ ਕਰਦੇ ਹਨ। ਉਹ ਸੌੜੀ ਸਿਆਸੀ ਸ਼ੁਹਰਤ ਲਈ ਗੁਰੂ ਸਾਹਿਬਾਨ ਦਾ ਨਿਰਾਦਰ ਕਰ ਰਹੇ ਹਨ। ਉਹਨਾਂ ਕਿਹਾ ਕਿ ਖਾਲਸਾ ਪੰਥ ਸਿਰਫ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ 'ਮਹਾਰਾਜ' ਕਹਿੰਦਾ ਹੈ ਜਦਕਿ ਕਾਂਗਰਸੀ ਅਮਰਿੰਦਰ ਨੂੰ 'ਮਹਾਰਾਜ' ਕਹਿੰਦੇ ਹਨ। ਇਸ ਤਰ•ਾਂ ਉਹ ਮਹਾਨ ਗੁਰੂ ਸਾਹਿਬਾਨ ਪ੍ਰਤੀ ਬਹੁਤ ਜ਼ਿਆਦਾ ਸੰਵੇਦਨਹੀਣ ਅਤੇ ਨਿਰਾਦਰ ਨਾਲ ਭਰੇ ਹੋਏ ਹਨ।
ਸਰਦਾਰ ਬਾਦਲ ਨੇ ਜਜ਼ਬਾਤੀ ਹੁੰਦਿਆਂ ਕਿਹਾ ਕਿ ਜਦੋ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਤੋਪਾਂ ਅਤੇ ਟੈਕਾਂ ਨਾਲ ਹਮਲਾ ਕਰਵਾਇਆ ਸੀ, ਸ੍ਰੀ ਅਕਾਲ ਤਖ਼ਤ ਸਾਹਿਬ ਢਾਹਿਆ ਸੀ ਅਤੇ ਹਜ਼ਾਰਾਂ ਗੋਲੀਆਂ ਦੇ ਨਾਲ ਪਾਵਨ ਸ੍ਰੀ ਦਰਬਾਰ ਸਾਹਿਬ ਨੂੰ ਛੱਲਣੀ ਕੀਤਾ ਸੀ ਤਾਂ ਇੰਨਾ ਕਾਂਗਰਸੀਆਂ ਨੇ ਗੁਰੂ ਵੱਲ ਪਿੱਠ ਕਰ ਲਈ ਸੀ। ਉਹਨਾਂ ਕਿਹਾ ਕਿ ਯਾਦ ਹੈ ਨਾ ਕਿ ਭੁੱਲ ਗਏ? ਤਾਂ ਜੁਆਬ ਗੂੰਜਿਆ ਕਿ 'ਨਹੀਂ ਭੁੱਲੇ'। ਉਹਨਾਂ ਕਿਹਾ ਕਿ ਕਾਂਗਰਸੀਆਂ ਨੂੰ ਇਹ ਗੱਲ ਸਮਝ ਨਹੀਂ ਆਉਦੀ ਕਿ ਸਿਆਸੀ ਸੱਤਾ ਸਿਰਫ ਕੁੱਝ ਦਿਨਾਂ ਲਈ ਹੁੰਦੀ ਹੈ, ਪਰੰਤੂ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਦਾ ਲਈ ਅਮਰ ਹਨ।