ਚੰਡੀਗੜ• 4 ਨਵੰਬਰ- -ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਅੱਜ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਹੁਤ ਲੰਬੇ ਸਮੇਂ ਤੋਂ ਰਿਲਾਇੰਸ ਗਰੁੱਪ ਨਾਲ ਘਿਓ ਖਿਚੜੀ ਹਨ ਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਵਿਖੇ ਧਰਨਾ ਕਾਂਗਰਸ ਪਾਰਟੀ ਦਾ ਮਹਿਜ ਇਕ ਸਿਆਸੀ ਡਰਾਮਾ ਹੈ ਜਦੋਂ ਕਿ ਕੈਪਟਨ ਦੀ ਭਾਜਪਾ ਨਾਲ ਅੰਦਰਖਾਤੇ ਇਕਸੁਰ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਆਪਣੇ ਪਿਛਲੇ ਕਾਰਜਕਾਲ 2002-2007 ਦੌਰਾਨ ਦਿੱਤੇ ਬਿਆਨਾਂ ਦੇ ਹਵਾਲੇ ਨਾਲ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਖੁਲਾਸਾ ਕੀਤਾ ਕਿ ਕੈਪਟਨ ਨੇ ਉਸ ਸਮੇਂ ਹੀ ਪੰਜਾਬ ਦੇ 12 ਹਜਾਰ ਪਿੰਡਾਂ ਨੂੰ ਰਿਲਾਇੰਸ ਨੂੰ ਸੌਂਪਣ ਦੀ ਤਿਆਰੀ ਕਰ ਲਈ ਸੀ, ਜਿਸ ਨੂੰ ਬਾਅਦ ਵਿਚ 2007 ਦੌਰਾਨ ਬਣੀ ਅਕਾਲੀ ਦਲ ਦੀ ਸਰਕਾਰ ਨੇ ਰੋਕਿਆ। ਉਨਾਂ ਕਿਹਾ ਕਿ ਤਦ ਕੈਪਟਨ ਅਮਰਿੰਦਰ ਸਿੰਘ ਦਾਅਵਾ ਕਰਦੇ ਸੀ ਕਿ ਰਿਲਾਇੰਸ ਪੰਜਾਬ ਦੇ ਕਿਸਾਨਾਂ ਦੀ 5 ਗੁਣਾ ਆਮਦਨ ਵਧਾ ਦੇਵੇਗੀ ਤੇ ਇਹ ਕਹਿ ਕੇ ਸੂਬੇ ਦੀ ਸੈਂਕੜੇ ਏਕੜ ਜਮੀਨ ਰਿਲਾਇੰਸ ਨੂੰ ਦੇ ਦਿੱਤੀ ਤੇ ਹੁਣ ਇਹੀ ਕੈਪਟਨ ਕਿਸ ਮੂੰਹ ਨਾਲ ਰਿਲਾਇੰਸ ਤੇ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੇ ਹਨ ਇਹ ਸਮਝ ਤੋਂ ਪਰੇ ਦੀ ਗੱਲ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਇਨਾਂ ਦੇ ਵਿਧਾਇਕ ਦਿੱਲੀ ਵਿਚ ਧਰਨਾ ਮਾਰ ਕੇ ਪੰਜਾਬ ਦੇ ਲੋਕਾਂ ਦੇ ਅੱਖੀਂ ਘੱਟਾ ਪਾ ਰਹੇ ਹਨ, ਜਿਸਦੀ ਵੱਡੀ ਮਿਸਾਲ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਬਿੱਲਾਂ ਨੂੰ ਪੰਜਾਬ ਮੰਡੀ ਬੋਰਡ ਵੱਲੋਂ ਲਾਗੂ ਵੀ ਕਰ ਦਿੱਤਾ ਗਿਆ ਹੈ ਜਦੋਂ ਕਿ ਸੂਬੇ ਦੇ ਮੁੱਖ ਮੰਤਰੀ ਹੀ ਖੇਤੀਬਾੜੀ ਮੰਤਰੀ ਵੀ ਹਨ ਤੇ ਪੰਜਾਬ ਮੰਡੀ ਬੋਰਡ ਸਿੱਧੇ ਤੌਰ 'ਤੇ ਇਨਾਂ ਦੇ ਆਦੇਸ਼ਾਂ ਤਹਿਤ ਕੰਮ ਕਰਦਾ ਹੈ। ਉਨਾਂ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਭਲੇ ਦੀ ਗੱਲ ਕੀਤੀ ਹੈ। ਸ. ਪਰਮਬੰਸ ਰੋਮਾਣਾ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਇਮਾਨਦਾਰ ਤੇ ਕਿਸਾਨਾਂ ਦੇ ਪੱਖ ਵਿਚ ਹੁੰਦੀ ਤਾਂ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਵੱਲੋਂ ਪ੍ਰਾਈਵੇਟ ਬਿੱਲ ਰਾਹੀਂ ਪੂਰੇ ਪੰਜਾਬ ਨੂੰ ਸਰਕਾਰੀ ਮੰਡੀ ਐਲਾਨੇ ਜਾਣ ਦੀ ਕੀਤੀ ਮੰਗ ਨੂੰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਤੁਰੰਤ ਲਾਗੂ ਕਰ ਦਿੰਦੇ, ਜਿਸ ਦੀ ਰਾਸ਼ਟਰਪਤੀ ਤੋਂ ਵੀ ਮਨਜੂਰੀ ਲੈਣ ਦੀ ਜਰੂਰਤ ਨਹੀਂ ਲੇਕਿਨ ਸਰਕਾਰ ਨੇ ਇਹ ਫੈਸਲਾ ਨਹੀਂ ਲਿਆ ਜਦੋਂ ਕਿ ਦੂਜੇ ਪਾਸੇ ਰਾਜਸਥਾਨ ਤੇ ਛੱਤੀਸਗੜ ਵਿਚ ਕਾਂਗਰਸ ਦੀਆਂ ਸਰਕਾਰਾਂ ਨੇ ਆਪਣੇ ਸੂਬਿਆਂ ਨੂੰ ਸਰਕਾਰੀ ਮੰਡੀ ਐਲਾਨ ਦਿੱਤਾ ਹੈ, ਜਿਸ ਤੋਂ ਸਾਫ ਹੋ ਚੁੱਕਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰਿਆਂ 'ਤੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਬਰਬਾਦ ਕਰਨ ਵਿਚ ਲੱਗੇ ਹੋਏ ਹਨ। ਉਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਸਰਕਾਰ ਵੱਲੋਂ ਪਾਸ ਕੀਤੇ ਗਏ ਬਿੱਲ ਹਾਲੇ ਤੱਕ ਕੇਂਦਰ ਸਰਕਾਰ ਤੱਕ ਨਹੀਂ ਪਹੁੰਚਾਏ ਗਏ, ਜਿਸ ਕਾਰਨ ਸੂਬਾ ਸਰਕਾਰ ਨੇ ਜੋ ਬਿੱਲ ਪਾਸ ਕੀਤੇ ਹਨ ਉਨਾਂ ਦੀ ਕਾਨੂੰਨੀ ਮਾਨਤਾ ਕੋਈ ਨਹੀਂ ਹੈ।
ਕੈਪਸ਼ਨ-ਮੀਡੀਆ ਨਾਲ ਗੱਲਬਾਤ ਕਰਦੇ ਹੋਏ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਤੇ ਹੋਰ ਆਗੂ।