ਜਲੰਧਰ, 17 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜਲੰਧਰ ਸੈਂਟਰਲ ਹਲਕੇ ਦੇ ਕਾਂਗਰਸੀ ਵਿਧਾਇਕ ਰਜਿੰਦਰ ਬੇਰੀ ਦੇ ਖਿਲਾਫ ਤੁਰੰਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਕਿਉਂਕਿ ਉਨ•ਾਂ ਨੇ ਕੇਂਦਰ ਤੋਂ ਆਏ ਰਾਸ਼ਨ ਵਿਚ ਘੋਟਾਲਾ ਕੀਤਾ ਤੇ ਇਹ ਰਾਸ਼ਨ ਆਪਣੇ ਹਮਾਇਤਾਂ ਅਤੇ ਹੋਰ ਕਾਂਗਰਸੀਆਂ ਨੂੰ ਵੰਡਿਆ, ਜਿਨ•ਾਂ ਨੇ ਅੱਜ ਇਹ ਰਾਸ਼ਨ ਖੁੱਲ•ੀ ਮੰਡੀ ਵਿਚ ਵੇਚ ਦਿੱਤਾ। ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਮਿਡ ਡੇ ਮੀਲ ਸਕੀਮ ਜੋ ਲਾਕਡਾਊਨ ਦੌਰਾਨ ਬੰਦ ਹੋ ਗਈ ਸੀ ਮੁੜ ਸ਼ੁਰੂ ਕੀਤੀ ਜਾਵੇ।
ਇਸ ਸੰਬੰਧੀ ਇਥੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਪੇਸ਼ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਜਿਸ ਵਿਚ ਵਿਧਾਇਕ ਪਵਨ ਟੀਨੂ, ਪਾਰਟੀ ਦੀ ਜਲੰਧਰ ਇਕਾਈ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ ਅਤੇ ਬਲਜੀਤ ਸਿੰਘ ਨੀਲਾ ਮਹਿਲ ਵੀ ਸ਼ਾਮਲ ਸਨ ਨੇ ਮੰਗ ਕੀਤੀ ਕਿ ਕੇਂਦਰੀ ਰਾਸ਼ਨ ਦਾ ਘੋਟਾਲਾ ਕਰਨ ਵਾਲੇ ਸਾਰੇ ਹੀ ਕਾਂਗਰਸੀ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਇਸ ਘੋਟਾਲੇ ਵਿਚ ਕਾਂਗਰਸੀਆਂ ਦਾ ਸਾਥ ਦੇਣ ਵਾਲੇ ਅਫਸਰਾਂ ਖਿਲਾਫ ਮਿਸਾਲੀ ਕਾਰਵਾਈ ਕੀਤੀ ਜਾਵੇ, ਜਿਨ•ਾਂ ਨੇ ਕੇਂਦਰ ਤੋਂ ਆਈ ਕਣਕ ਅਤੇ ਦਾਲਾਂ ਦਾ ਘੋਟਾਲਾ ਕਰਨ ਦੀ ਆਗਿਆ ਦਿੱਤੀ ਤੇ ਇਹ ਰਾਸ਼ਨ ਜੋ ਗਰੀਬਾਂ ਅਤੇ ਲੋੜਵੰਦਾਂ ਲਈ ਆਇਆ ਸੀ ਉਨ•ਾਂ ਨੂੰ ਮਿਲ ਨਹੀਂ ਸਕਿਆ।
ਇਸ ਮਾਮਲੇ ਦੇ ਵੇਰਵੇ ਸਾਂਝੇ ਕਰਦਿਆਂ ਵਿਧਾਇਥ ਪਵਨ ਟੀਨੂ ਨੇ ਕਿਹਾ ਕਿ ਕੇਂਦਰ ਤੋਂ 1.44 ਜੋ ਕਿ ਸੂਬੇ ਦੀ ਆਬਾਦੀ ਦਾ ਅੱਧਾ ਹਿੱਸਾ ਬਣਦਾ ਹੈ ਲਈ ਆਏ ਰਾਸ਼ਨ ਦੀ ਵੰਡ ਲਈ ਕੋਈ ਯੋਗਤਾ ਸ਼ਰਤਾਂ ਨਹੀਂ ਰੱਖੀਆਂ ਗਈਆਂ। ਉਨ•ਾਂ ਕਿਹਾ ਕਿ ਹਾਲ ਹੀ ਵਿਚ ਜਲੰਧਰ ਦੇ ਇਕ ਹੋਟਲ ਤੋਂ ਕੇਂਦਰੀ ਰਾਸ਼ਨ ਦੀ ਬਰਾਮਦਗੀ ਨੇ ਸਾਬਤ ਕੀਤਾ ਹੈ ਕਿ ਜਲੰਧਰ ਸੈਂਟਰਲ ਦੇ ਵਿਧਾਇਕ ਨੇ ਰਾਸ਼ਨ ਦੀ ਗਲਤ ਤਰੀਕੇ ਨਾਲ ਵੰਡ ਕੀਤੀ ਤੇ ਅਨਾਜ ਦਾ ਘੋਟਾਲਾ ਕਰਨ ਵਿਚ ਕਾਂਗਰਸੀ ਵੀ ਸ਼ਾਮਲ ਹਨ। ਉਨ•ਾਂ ਕਿਹਾ ਕਿ ਅਜਿਹੀਆਂ ਅਣਮਨੁੱਖੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਵਾਲੇ ਲੋਕ ਦੇਸ਼ ਵਿਰੋਧੀ ਹਨ, ਜਿਨ•ਾਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਸ਼੍ਰੀ ਟੀਨੂ ਨੇ ਕਿਹਾ ਕਿ ਹਾਲਾਤ ਅਜਿਹੇ ਸਨ ਕਿ ਕੇਂਦਰ ਤੋਂ ਆਇਆ ਰਾਸ਼ਨ ਜ਼ਿਲੇ ਦੇ ਵੱਖ-ਵੱਖ ਹਲਕਿਆਂ ਵਿਚ ਸਿਰਫ 10 ਤੋਂ 15 ਫੀਸਦੀ ਲੋੜਵੰਦਾਂ ਨੂੰ ਹੀ ਵੰਡਿਆ ਜਾ ਸਕਿਆ ਹੈ। ਉਨ•ਾਂ ਕਿਹਾ ਕਿ ਆਦਮਪੁਰ ਹਲਕੇ ਵਿਚ ਸਿਰਫ 10 ਫੀਸਦੀ ਰਾਸ਼ਨ ਮਿਲਿਆ ਸੀ ਜੋ ਵੰਡਿਆ ਜਾ ਚੁੱਕਿਆ ਹੈ। ਉਨ•ਾਂ ਮੰਗ ਕੀਤੀ ਕਿ ਜਿਹੜੇ ਕਾਂਗਰਸੀ ਇਸ ਰਾਸ਼ਨ ਘੋਟਾਲਾ ਨੂੰ ਬੇਨਕਾਬ ਕਰਨ ਵਾਲੇ ਪੱਤਰਕਾਰਾਂ ਨੂੰ ਧਮਕੀਆਂ ਦਿੰਦੇ ਹਨ, ਉਨ•ਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ•ਾਂ ਕਿਹਾ ਕਿ ਕਲ ਹੀ ਇਕ ਪੱਤਰਕਾਰ ਜਿਸ ਨੇ ਜਲੰਧਰ ਵਿਚ ਰਾਸ਼ਨ ਦੀ ਗਲਤ ਤਰੀਕੇ ਨਾਲ ਵੰਡ ਨੂੰ ਉਜਾਗਰ ਕੀਤਾ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਗਈ।
ਮਿਡ ਡੇ ਮੀਲ ਸਕੀਮ ਦੀ ਗੱਲ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਤੇ ਨਿਖੇਗੀਯੋਗ ਗੱਲ ਹੈ ਕਿ 15 ਅਪ੍ਰੈਲ ਤੋਂ ਇਹ ਸਕੀਮ ਬੰਦ ਕਰ ਦਿੱਤੀ ਗਈ। ਉਨ•ਾਂ ਕਿਹਾ ਕਿ ਭਾਵੇਂ ਸੁਪਰੀਮ ਕੋਰਟ ਨੇ ਹਦਾਇਤਾਂ ਕੀਤੀਆਂ ਸਨ ਕਿ ਇਹ ਸਕੀਮ ਜਲਦੀ ਤੋਂ ਜਲਦੀ ਮੁੜ ਸ਼ੁਰੂ ਕੀਤੀ ਜਾਵੇ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਅਜਿਹਾ ਨਹੀਂ ਕੀਤਾ। ਉਨ•ਾਂ ਕਿਹਾ ਕਿ ਇਹ ਸਕੀਮ ਮੁੜ ਸ਼ੁਰੂ ਨਾ ਕੀਤੇ ਜਾਣ ਕਾਰਨ ਪੰਜਾਬ ਵਿਚ 13 ਲੱਖ ਵਿਦਿਆਰਥੀ ਮਿਡ ਡੇ ਮੀਲ ਤੋਂ ਵਾਂਝੇ ਹਨ। ਉਨ•ਾਂ ਨੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਇਹ ਸਕੀਮ ਤੁਰੰਤ ਮੁੜ ਸ਼ੁਰੂ ਕਰਨ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਕਿ ਸਰਕਾਰੀ ਸਕੂਲਾਂ ਨੂੰ ਛੱਡਣ ਵਾਲੇ ਖਾਸ ਤੌਰ 'ਤੇ ਲੜਕੀਆਂ ਦੀ ਗਿਣਤੀ ਕਮੀ ਲਿਆਂਦੀ ਜਾ ਸਕੇ।
ਸ਼੍ਰੀ ਕੁਲਵੰਤ ਮੰਨਣ ਅਤੇ ਸ਼੍ਰੀ ਬਲਜੀਤ ਨੀਲਾ ਮਹਿਲ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਕਰੋਨਾ ਦੇ ਟੈਸਟਾਂ ਲਈ ਲੋੜੀਂਦੀ ਮਸ਼ੀਨਰੀ ਦੀ ਖਰੀਦ ਕਰੇ। ਉਨ•ਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਕਰੋਨਾ ਦੇ ਸਾਰੇ ਸੈਂਪਲ ਜ਼ਿਲੇ ਵਿਚੋਂ ਬਾਹਰ ਭੇਜ ਕੇ ਟੈਸਟਿੰਗ ਕਰਵਾਈ ਜਾ ਰਹੀ ਹੈ, ਜਿਸ ਕਾਰਨ ਨਤੀਜੇ ਮਿਲਣ ਵਿਚ ਦੇਰੀ ਹੋ ਰਹੀ ਹੈ। ਇਨ•ਾਂ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਹਰ ਜ਼ਿਲੇ ਦੇ ਹਰ ਕਮਿਊਨਿਟੀ ਹਸਪਤਾਲ ਵਿਚ ਇਕ ਕਰੋਨਾ ਟੈਸਟਿੰਗ ਮਸ਼ੀਨ ਸਥਾਪਿਤ ਕਰਨੀ ਚਾਹੀਦੀ ਹੈ।