ਕਿਹਾ ਕਿ ਬਜਟ ਸੈਸ਼ਨ 'ਚ ਮੁੱਖ ਮੰਤਰੀ ਨੇ ਨੌਕਰੀਆਂ ਦੇਣ ਬਾਰੇ ਬਹੁਤ ਵੱਡੀਆਂ ਗੱਪਾਂ ਮਾਰੀਆਂ
ਤਰਨ ਤਾਰਨ/27 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਿਸੇ ਨੂੰ ਸ਼ਾਂਤੀ ਅਤੇ ਭਾਈਚਾਰਕ ਸਾਂਝ ਖਰਾਬ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ, ਜਿਵੇਂਕਿ ਕਾਂਗਰਸ ਪਾਰਟੀ ਵੱਲੋਂ 1984 ਵਿਚ ਸਿੱਖ ਕਤਲੇਆਮ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਹਾਲ ਹੀ ਵਿਚ ਦਿੱਲੀ ਅੰਦਰ ਦੰਗੇ ਭੜਕਾਉਣ ਅਤੇ ਦੰਗਿਆਂ ਵਿਚ ਭਾਗ ਲੈਣ ਵਾਲੇ ਸਾਰੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਇੱਥੇ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਸ਼ਾਂਤੀ ਅਤੇ ਭਾਈਚਾਰਕ ਸਾਂਝ ਸਭ ਤੋਂ ਅਹਿਮ ਹੁੰਦੇ ਹਨ ਅਤੇ ਇਸ ਸਿਧਾਂਤ ਦੇ ਖ਼ਿਲਾਫ ਕੰਮ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ।
ਸਰਦਾਰ ਬਾਦਲ ਨੇ ਸੂਬੇ ਨੂੰ ਤਬਾਹੀ ਵੱਲ ਧੱਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਵੀ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਸ਼ੁਰੂ ਤੋਂ ਲੈ ਕੇ ਜਦੋਂ ਕੈਪਟਨ ਅਮਰਿੰਦਰ ਨੇ ਪਾਵਨ ਗੁਟਕਾ ਸਾਹਿਬ ਅਤੇ ਦਸਮ ਪਿਤਾ ਦੇ ਨਾਂ ਦੀ ਝੂਠੀ ਸਹੁੰ ਖਾਧੀ ਸੀ, ਸਮਾਜ ਦੇ ਹਰ ਵਰਗ ਨਾਲ ਧੋਖਾ ਕੀਤਾ ਗਿਆ ਹੈ। ਇਹ ਚਾਹੇ ਕਿਸਾਨ ਹੋਣ, ਨੌਜਵਾਨ ਜਾਂ ਦਲਿਤ ਹੋਣ। ਕਾਂਗਰਸੀ ਹਕੂਮਤ ਅਧੀਨ ਪੂਰਾ ਪੰਜਾਬ ਦੁੱਖ ਭੋਗ ਰਿਹਾ ਹੈ।
ਅਕਾਲੀ ਦਲ ਪ੍ਰਧਾਨ ਰੈਲੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੱਲ ਰਹੇ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਨਾ ਸਿਰਫ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਤੋਂ ਇੱਕ ਵਾਰ ਦੁਬਾਰਾ ਮੁਕਰ ਗਿਆ ਹੈ, ਸਗੋਂ ਉਹ ਵੱਡੇ ਵੱਡੇ ਝੂਠ ਵੀ ਬੋਲ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਮੁੱਖ ਮੰਤਰੀ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ ਕਿ ਉਹ ਇਹ ਝੂਠ ਬੋਲੇ ਕਿ ਉਸ ਨੇ ਪੰਜਾਬ ਦੇ ਲੋਕਾਂ ਨੂੰ12 ਲੱਖ ਨੌਕਰੀਆਂ ਦਿੱਤੀਆਂ ਹਨ ਜਦਕਿ ਉਸ ਦੀ ਆਪਣੀ ਸਰਕਾਰ ਨੇ ਵਿਧਾਨ ਸਭਾ ਵਿਚ ਲਿਖਤੀ ਤੌਰ ਤੇ ਇਹ ਗੱਲ ਦੱਸੀ ਹੈ ਕਿ ਇਸ ਨੇ ਸਿਰਫ 33 ਹਜ਼ਾਰ ਨੌਕਰੀਆਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਮੁੱਖ ਮੰਤਰੀ ਨੇ ਕਰੋਨਾ ਵਾਇਰਸ ਦਾ ਹਊਆ ਖੜ੍ਹਾ ਕਰਕੇ ਨੌਜਵਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਉਹ ਵਾਅਦੇ ਮੁਤਾਬਿਕ ਸਮਾਰਟ ਫੋਨ ਨਾ ਮੰਗਣ। ਉਹਨਾਂ ਕਿਹਾ ਕਿ ਕਰੋਨਾ ਵਾਇਰਸ ਇੱਕ ਮਹੀਨਾ ਪਹਿਲਾਂ ਸਾਹਮਣੇ ਆਇਆ ਹੈ ਜਦਕਿ ਕੈਪਟਨ ਅਮਰਿੰਦਰ ਨੌਜਵਾਨਾਂ ਨੂੰ ਤਿੰਨ ਸਾਲ ਤੋਂ ਸਮਾਰਟ ਫੋਨ ਦੇਣ ਦਾ ਵਾਅਦਾ ਕਰਦਾ ਆ ਰਿਹਾ ਹੈ।
ਬਹਿਬਲ ਕਲਾਂ ਪੁਲਿਸ ਗੋਲੀਬਾਰੀ ਕੇਸ ਵਿਚ ਮੁੱਖ ਗਵਾਹਾਂ ਉੁੱਤੇ ਹਮਲੇ ਕਰਨ ਅਤੇ ਧਮਕਾਉਣ ਵਾਲਿਆਂ ਦਾ ਸਮਰਥਨ ਕਰਨ ਲਈ ਕਾਂਗਰਸ ਸਰਕਾਰ ਦੀ ਨਿਖੇਧੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਿੰਨੀ ਨਿੰਦਣਯੋਗ ਗੱਲ ਹੈ ਕਿ ਗਵਾਹਾਂ ਨੂੰ ਸੁਰੱਖਿਆ ਲਈ ਹਾਈਕੋਰਟ ਜਾਣਾ ਪਿਆ, ਕਿਉਂਕਿ ਕਾਂਗਰਸੀ ਮੰਤਰੀ ਅਤੇ ਸਲਾਹਕਾਰ ਉਹਨਾਂ ਨੂੰ ਅਦਾਲਤ ਵਿਚ ਗਵਾਹੀ ਨਾ ਦੇਣ ਲਈ ਧਮਕਾ ਰਹੇ ਸਨ। ਉਹਨਾਂ ਕਿਹਾ ਕਿ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਕੇਸ ਦੇ ਮੁੱਖ ਗਵਾਹ ਸੁਰਜੀਤ ਸਿੰਘ ਨੂੰ ਮੰਤਰੀ ਗੁਰਪ੍ਰੀਤ ਕਾਂਗੜ ਅਤੇ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਢਿੱਲੋਂ ਨੇ ਇੰਨਾ ਤੰਗ ਕੀਤਾ ਕਿ ਉਸ ਦੀ ਮੌਤ ਹੋ ਗਈ।
ਸੂਬੇ ਦੀ ਆਰਥਿਕ ਹਾਲਤ ਬਾਰੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੁੱਦਾ ਨੀਅਤ ਦਾ ਹੈ, ਪੈਸਿਆਂ ਦੀ ਕਮੀ ਦਾ ਨਹੀਂ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਤਿੰਨ ਸਾਲ ਪਹਿਲਾਂ ਸੱਤਾ ਸੰਭਾਲਦੇ ਹੀ ਸਾਰੇ ਵਿਕਾਸ ਕਾਰਜ ਠੱਪ ਕਰ ਦਿੱਤੇ ਸਨ। ਬਿਜਲੀ ਦਰਾਂ ਵਿਚ ਕੀਤੇ ਭਾਰੀ ਵਾਧੇ ਅਤੇ ਪੇਸ਼ਾਵਰ ਟੈਕਸ ਵਰਗੇ ਨਵੇਂ ਟੈਕਸ ਲਾਉਣ ਦੇ ਬਾਵਜੂਦ ਵਿਕਾਸ ਕਾਰਜਾਂ ਉੱਤੇ ਲੱਗੀ ਰੋਕ ਅਜੇ ਵੀ ਜਾਰੀ ਹੈ।ਇਸ ਤੋਂ ਇਹੀ ਸਾਬਿਤ ਹੁੰਦਾ ਹੈ ਕਿ ਕਾਂਗਰਸ ਸਰਕਾਰ ਲੋਕਾਂ ਲਈ ਕੁੱਝ ਵੀ ਨਾ ਕਰਨ ਵਾਲੀ ਇੱਕ ਲੋਕ-ਵਿਰੋਧੀ ਸਰਕਾਰ ਹੈ।
ਅਕਾਲੀ ਪ੍ਰਧਾਨ ਨੇ ਅਕਾਲੀ ਵਰਕਰਾਂ ਅਤੇ ਆਮ ਆਦਮੀਆਂ ਖ਼ਿਲਾਫ ਝੂਠੇ ਪਰਚੇ ਦਰਜ ਕਰਨ ਵਾਲੇ ਪੁਲਿਸ ਅਤੇ ਸਿਵਲ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਲੋਕਾਂ ਉੱਤੇ ਕੀਤੇ ਅੱਤਿਆਚਾਰਾਂ ਦੀ ਕੀਮਤ ਚੁਕਾਉਣੀ ਪਵੇਗੀ। ਉਹਨਾਂ ਕਿਹਾ ਕਿ ਸੂਬੇ ਅੰਦਰ ਅਕਾਲੀ-ਭਾਜਪਾ ਸਰਕਾਰ ਬਣਦੇ ਹੀ ਇਹਨਾਂ ਅਧਿਕਾਰੀਆਂ ਖ਼ਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਰਸਾ ਸਿੰਘ ਵਲਟੋਹਾ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਜਗਮੀਤ ਸਿੰਘ ਬਰਾੜ, ਗੁਲਜ਼ਾਰ ਸਿੰਘ ਰਣੀਕੇ, ਹਰਮੀਤ ਸਿੰਘ ਸੰਧੂ, ਇਕਬਾਲ ਸਿੰਘ ਸੰਧੂ ਅਤੇ ਚਰਨਜੀਤ ਸਿੰਘ ਬਰਾੜ ਵੀ ਹਾਜ਼ਿਰ ਸਨ।