ਚੰਡੀਗੜ੍ਹ/28 ਫਰਵਰੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉਹਨਾਂ ਕਿਸਾਨ ਖੁਦਕੁæਸ਼ੀ ਪੀੜਤ ਪਰਿਵਾਰਾਂ ਦੀ ਆਵਾਜ਼ ਕੁਚਲਣ ਲਈ ਗੁੰਡਾਗਰਦੀ ਕਰਨ ਵਾਸਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਪੁਲਿਸ ਦੀ ਸਖ਼ਤ ਨਿਖੇਧੀ ਕੀਤੀ ਹੈ, ਜਿਹੜੇ ਕਿ ਵਿੱਤ ਮੰਤਰੀ ਦੀ ਰਿਹਾਇਸ਼ ਉੱਤੇ ਇਹ ਅਪੀਲ ਕਰਨ ਆਏ ਸਨ ਕਿ ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਵਿਚ ਉਹਨਾਂ ਨਾਲ ਕੀਤੇ ਵਾਅਦਿਆਂ ਨੂੰ ਸੂਬੇ ਦੇ ਬਜਟ ਦਾ ਹਿੱਸਾ ਬਣਾ ਲਿਆ ਜਾਵੇ।
ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਵਿਧਾਇਕ ਦੇ ਦਲ ਦੇ ਆਗੂ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਅਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਦੀਆਂ ਸ਼ਿਕਾਇਤਾਂ ਸੁਣਨ ਦੀ ਬਜਾਇ ਵਿੱਤ ਮੰਤਰੀ ਨੇ ਪੁਲਿਸ ਨੂੰ ਹੁਕਮ ਦੇ ਦਿੱਤਾ ਕਿ ਉਹਨਾਂ ਨੂੰ ਜਬਰਦਸਤੀ ਹਟਾ ਦਿੱਤਾ ਜਾਵੇ, ਜਿਸ ਕਰਕੇ ਬਜ਼ੁਰਗ ਬੰਦਿਆਂ, ਔਰਤਾਂ, ਬੱਚਿਆਂ ਅਤੇ ਅਪਾਹਜਾਂ ਨਾਲ ਧੱਕਾਮੁੱਕੀ ਅਤੇ ਬਦਸਲੂਕੀ ਕੀਤੀ ਗਈ।
ਅਕਾਲੀ ਆਗੂਆਂ ਨੇ ਕਿਹਾ ਕਿ ਪੀੜਤ ਪਰਿਵਾਰਾਂ ਦੀ ਮੱਦਦ ਲਈ ਅੱਗੇ ਆਏ ਅਕਾਲੀ-ਭਾਜਪਾ ਵਿਧਾਇਕ ਦਲ ਦੇ ਮੈਂਬਰਾਂ ਨੂੰ ਵੀ ਵਿੱਤ ਮੰਤਰੀ ਦੇ ਇਸ਼ਾਰੇ ਉੱਤੇ ਨਿਸ਼ਾਨਾ ਬਣਾਇਆ ਗਿਆ ਅਤੇ ਉਹਨਾਂ ਨਾਲ ਜਾਣਬੁੱਝ ਕੇ ਧੱਕਾਮੁੱਕੀ ਕੀਤੀ ਗਈ। ਇਹ ਦਾਅਵਾ ਕਰਦਿਆਂ ਕਿ ਮੰਤਰੀ ਨੇ ਅਕਾਲੀ-ਭਾਜਪਾ ਵਿਧਾਇਕਾਂ ਦੇ ਵਿਸੇਸ਼ ਅਧਿਕਾਰ ਦੀ ਉਲੰਘਣਾ ਕੀਤੀ ਹੈ, ਅਕਾਲੀ ਆਗੂਆਂ ਨੇ ਕਿਹਾ ਕਿ ਇਹਨਾਂ ਵਿਧਾਇਕਾਂ ਨੂੰ ਜਾਣਬੁੱਝ ਕੇ ਬਜਟ ਸੈਸ਼ਨ ਦੌਰਾਨ ਅਤੇ ਜਦ ਤਕ ਵਿੱਤ ਮੰਤਰੀ ਦੀ ਪ੍ਰੈਸ ਕਾਨਫਰੰਸ ਖ਼ਤਮ ਨਹੀਂ ਹੋ ਗਈ, ਬੰਦੀ ਬਣਾ ਕੇ ਰੱਖਿਆ ਗਿਆ। ਉਹਨਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਅਜਿਹੇ ਢੰਗ ਨਾਲ ਬਜਟ ਸੈਸ਼ਨ ਵਿਚ ਭਾਗ ਲੈਣ ਤੋਂ ਰੋਕਿਆ ਗਿਆ ਹੈ। ਇਹ ਵਿਧਾਨ ਸਭਾ ਦੇ ਇਤਿਹਾਸ ਦਾ ਇੱਕ ਕਾਲਾ ਦਿਨ ਹੈ।
ਹੋਰ ਜਾਣਕਾਰੀ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਵੱਲੋਂ ਪਿਛæਲੇ ਇੱਕ ਹਫ਼ਤੇ ਤੋਂ ਕਾਂਗਰਸ ਅਤੇ ਆਪ ਵਿਧਾਇਕਾਂ ਤਕ ਪਹੁੰਚ ਕੀਤੀ ਜਾ ਰਹੀ ਸੀ। ਪੀੜਤ ਪਰਿਵਾਰਾਂ ਨੇ ਵਿੱਤ ਮੰਤਰੀ ਤਕ ਵੀ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਸਫਲ ਨਹੀਂ ਹੋਏ। ਉਹਨਾਂ ਕਿਹਾ ਕਿ ਇਹਨਾਂ ਪਰਿਵਾਰਾਂ ਨੇ ਅਕਾਲੀ-ਭਾਜਪਾ ਵਿਧਾਇਕਾਂ ਕੋਲ ਪਹੁੰਚ ਕਰਕੇ ਉਹਨਾਂ ਦੀ ਮੱਦਦ ਕਰਨ ਲਈ ਕਿਹਾ ਸੀ ਅਤੇ ਇਸੇ ਕਰਕੇ ਵਿਧਾਇਕ ਦਲ ਦੇ ਮੈਂਬਰ ਉਸ ਥਾਂ ਉੱਤੇ ਪਹੁੰਚੇ ਸਨ, ਜਿੱਥੇ ਪੀੜਤ ਪਰਿਵਾਰ ਪਹਿਲਾਂ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਸਨ। ਉਹਨਾਂ ਕਿਹਾ ਕਿ ਪੀੜਤ ਪਰਿਵਾਰਾਂ ਦੀ ਸ਼ਿਕਾਇਤਾਂ ਸੁਣਨ ਲਈ ਵਿੱਤ ਮੰਤਰੀ ਨੂੰ ਵਾਰ ਵਾਰ ਸੁਨੇਹੇ ਦਿੱਤੇ ਗਏ ,ਪਰ ਅਜਿਹਾ ਕਰਨ ਦੀ ਬਜਾਇ ਉਸ ਨੇ ਪੀੜਤ ਪਰਿਵਾਰਾਂ ਅਤੇ ਅਕਾਲੀ-ਭਾਜਪਾ ਵਿਧਾਇਕਾਂ ਉੱਤੇ ਪੁਲਿਸ ਅਤੇ ਆਪਣੇ ਗੰਨਮੈਨਾਂ ਰਾਹੀਂ ਹਮਲਾ ਕਰਵਾ ਦਿੱਤਾ।
ਸਰਦਾਰ ਮਜੀਠੀਆ ਨੇ ਕਿਹਾ ਕਿ ਵਿੱਤ ਮੰਤਰੀ ਨੇ ਜਾਣਬੁੱਝ ਕੇ ਅਸੰਬਲੀ ਵਿਚ ਲੇਟ ਪਹੁੰਚਣ ਦਾ ਡਰਾਮਾ ਰਚਿਆ ਜਦਕਿ ਪੁਲਿਸ ਨੇ ਪੀੜਤ ਪਰਿਵਾਰਾਂ ਅਤੇ ਵਿਧਾਇਕਾਂ ਨੂੰ ਸਵੇਰੇ 10:45 ਵਜੇ ਰੋਸ ਪ੍ਰਦਰਸ਼ਨ ਵਾਲੀ ਥਾਂ ਤੋਂ ਹਟਾ ਦਿੱਤਾ ਸੀ। ਉਹਨਾਂ ਕਿਹਾ ਕਿ ਉਹ 15 ਮਿੰਟਾਂ ਵਿਚ ਪੈਦਲ ਚੱਲ ਕੇ ਵੀ ਵਿਧਾਨ ਸਭਾ ਪਹੁੰਚ ਸਕਦਾ ਸੀ, ਪਰ ਉਹ ਜਾਣਬੁੱਝ ਕੇ ਲੇਟ ਪਹੁੰਚਿਆ ਤਾਂ ਕਿ ਇੱਕ ਯੋਜਨਾਬੱਧ ਸਾਜ਼ਿਸ਼ ਤਹਿਤ ਅਕਾਲੀ-ਭਾਜਪਾ ਵਿਧਾਇਕਾਂ ਖ਼ਿਲਾਫ ਇੱਕ ਵਿਸ਼ੇਸ਼ ਅਧਿਕਾਰ ਮਤਾ ਪੇਸ਼ ਕਰਵਾਇਆ ਜਾ ਸਕੇ। ਉਹਨਾਂ ਕਿਹਾ ਕਿ ਅਸੀਂ ਅਜਿਹੇ ਹਥਕੰਡਿਆਂ ਤੋਂ ਨਹੀਂ ਡਰਦੇ ਅਤੇ ਜਦ ਤਕ ਕਾਂਗਰਸ ਸਰਕਾਰ ਖੁਦਕੁਸ਼ੀ ਪੀੜਤ ਪਰਿਵਾਰਾਂ ਦੇ ਸਾਰੇ ਕਰਜ਼ੇ ਮੁਆਫ ਕਰਨ, 10 ਲੱਖ ਰੁਪਏ ਮੁਆਵਜ਼ਾ ਦੇਣ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਪੂਰੇ ਨਹੀਂ ਕਰਦੀ, ਅਸੀਂ ਵਿੱਤ ਮੰਤਰੀ ਦਾ ਘਿਰਾਓ ਕਰਨਾ ਜਾਰੀ ਰੱਖਾਂਗੇ।
ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਸਰਕਾਰ ਵੱਲੋਂ ਆਪਣੇ ਚੌਥੇ ਬਜਟ ਵਿਚ ਵੀ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਕਰਕੇ ਤਕਰੀਬਨ 3 ਹਜ਼ਾਰ ਖੁਦਕੁਸ਼ੀ ਪੀੜਤ ਪਰਿਵਾਰ ਦੁੱਖ ਭੋਗ ਰਹੇ ਹਨ। ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਆਪ ਨੇ ਅਕਾਲੀ-ਭਾਜਪਾ ਵਿਧਾਇਕਾਂ ਖ਼ਿਲਾਫ ਨਾ ਸਿਰਫ ਵਿਸ਼ੇਸ਼ ਅਧਿਕਾਰ ਮਤੇ ਦਾ ਸਮਰਥਨ ਕੀਤਾ, ਸਗੋਂ ਵਿਧਾਨ ਸਭਾ ਵਿਚ ਬਜਟ ਦੇ ਖ਼ਿਲਾਫ ਇੱਕ ਵੀ ਸ਼ਬਦ ਨਹੀਂ ਬੋਲੀ। ਉਹਨਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਆਪ ਕਾਂਗਰਸ ਦਾ ਅਨਿੱਖੜਵਾਂ ਅੰਗ ਬਣ ਚੁੱਕੀ ਹੈ ਅਤੇ ਹੁਣ ਇਸ ਨੂੰ ਛੋਟੀ ਕਾਂਗਰਸ ਕਹਿ ਕੇ ਸੱਦਣਾ ਚਾਹੀਦਾ ਹੈ।
ਇਸ ਪ੍ਰੈਸ ਕਾਨਫਰੰਸ ਵਿਚ ਬਾਕੀ ਵਿਧਾਇਕਾਂ ਵਿਚੋਂ ਸ੍ਰੀ ਐਨ ਕੇ ਸ਼ਰਮਾ, ਮਨਪ੍ਰੀਤ ਸਿੰਘ ਅੱਯਾਲੀ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਪਵਨ ਕੁਮਾਰ ਟੀਨੂੰ, ਕੰਵਰਜੀਤ ਸਿੰਘ ਬਰਕੰਦੀ ਅਤੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਵੀ ਹਾਜ਼ਿਰ ਸਨ। ਇਸ ਤੋਂ ਪਹਿਲਾਂ ਸਵੇਰੇ ਸਾਰੇ ਅਕਾਲੀ-ਭਾਜਪਾ ਵਿਧਾਇਕਾਂ ਨੇ ਵਿੱਤ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨਾਲ ਇੱਕਜੁਟਤਾ ਦਾ ਮੁਜ਼ਾਹਰਾ ਕੀਤਾ ਸੀ।
ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਪੇਸ਼ ਕੀਤੇ ਬਜਟ ਉੱਤੇ ਟਿੱਪਣੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਇਸ ਨੂੰ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਸੋਹਣੀ ਤਸਵੀਰ ਪੇਸ਼ ਕਰਨ ਲਈ ਅੰਕੜਿਆਂ ਨੂੰ ਤੋੜਿਆ ਮਰੋੜਿਆ ਗਿਆ ਹੈ, ਜਦਕਿ ਸੱਚਾਈ ਇਹ ਹੈ ਕਿ ਵਿੱਤ ਮੰਤਰੀ ਦੀ ਵਿੱਤੀ ਮਾਮਲਿਆਂ ਵਿਚ ਨਲਾਇਕੀ ਅਤੇ ਨਿਕੰਮੇਪਣ ਕਰਕੇ ਪੰਜਾਬ ਦੁੱਖ ਭੋਗ ਰਿਹਾ ਹੈ। ਉਹਨਾਂ ਕਿਹਾ ਕਿ ਵਿੱਤ ਮੰਤਰੀ ਸੂਬੇ ਦੇ ਲੋਕਾਂ ਨਾਲ ਕੀਤੇ ਇੱਕ ਵੀ ਵਾਅਦੇ ਨੂੰ ਲਾਗੂ ਕਰਨ ਵਿਚ ਨਾਕਾਮ ਸਾਬਿਤ ਹੋਇਆ ਹੈ। ਸਰਕਾਰ ਦੇ ਚੌਥੇ ਸਾਲ ਵਿਚ ਵੀ 90 ਹਜ਼ਾਰ ਕਰੋੜ ਰੁਪਏ ਦੇ ਖੇਤੀ ਕਰਜ਼ੇ ਮੁਆਫ ਕਰਨ ਲਈ ਕੋਈ ਰੂਪ ਰੇਖਾ ਨਹੀਂ ਉਲੀਕੀ ਗਈ ਹੈ। ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਅਤੇ ਇੱਕ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਪੂਰੇ ਕਰਨ ਲਈ ਵੀ ਕੁੱਝ ਨਹੀਂ ਕੀਤਾ ਗਿਆ ਹੈ। 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਬਾਰੇ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ। ਸਰਕਾਰ ਨੇ ਸਿਰਫ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਹੈ, ਉਸ ਵਿਚ ਵੀ ਇਹ ਸ਼ਰਤ ਹੈ ਕਿ ਉਹ ਕਰੋਨਾ ਵਾਇਰਸ ਕਰਕੇ ਜਲਦੀ ਨਹੀਂ ਦਿੱਤੇ ਜਾਣਗੇ।
ਇਹ ਟਿੱਪਣੀ ਕਰਦਿਆਂ ਕਿ ਪਿਛਲੇ ਬਜਟ ਵਿਚ ਕੀਤੇ ਗਏ ਬਹੁਤੇ ਐਲਾਨ ਅਜੇ ਤਕ ਪੂਰੇ ਨਹੀਂ ਕੀਤੇ ਗਏ ਹਨ, ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਪਿਛæਲੇ ਤਿੰਨ ਸਾਲ ਵਿਚ ਇੱਕ ਵੀ ਵਿਕਾਸ ਕਾਰਜ ਨਹੀਂ ਕਰਵਾ ਪਾਈ ਹੈ। ਇਸ ਸਾਲ ਦਲਿਤਾਂ ਲਈ ਸਮਾਜ ਭਲਾਈ ਲਾਭਾਂ ਵਿਚ ਵਾਧਾ ਕਰਨ ਲਈ ਕੋਈ ਰਾਸ਼ੀ ਰਾਂਖਵੀਂ ਨਹੀਂ ਰੱਖੀ ਹੈ। ਬਿਜਲੀ ਦਰਾਂ ਅਤੇ ਟੈਕਸਾਂ ਵਿਚ ਆਮ ਆਦਮੀ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਹੈ।ਵਿੱਤ ਮੰਤਰੀ ਨੇ ਵਿੱਤੀ ਮਾਮਲਿਆਂ 'ਚ ਆਪਣੀਆਂ ਨਾਕਾਮੀਆਂ ਲੁਕੋਣ ਲਈ ਸਿਰਫ ਸ਼ੇਅਰ ਸੁਣਾਏ ਹਨ।