ਮੁੱਖ ਮੰਤਰੀ ਉੱਤੇ ਪੰਜਾਬ ਨੂੰ ਪਿਛਾਂਹ ਵੱਲ ਲਿਜਾਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਾਰੇ ਵਿਕਾਸ ਕਾਰਜ ਰੁਕ ਚੁੱਕੇ ਹਨ ਅਤੇ ਸਮਾਜ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਹਨ
ਕੁਰਾਲੀ/20 ਫਰਵਰੀ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਿਸਾਨਾਂ ਨੂੰ ਮੂਰਖ ਬਣਾਉਣ ਮਗਰੋਂ ਕਾਂਗਰਸ ਸਰਕਾਰ ਹੁਣ ਲੋਕ ਸਭਾ ਚੋਣਾਂ ਦੇ ਮੌਕੇ ਉੱਤੇ ਖੇਤ-ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕਰਕੇ ਉਹਨਾਂ ਨੂੰ ਬੇਵਕੂਫ ਬਣਾਉਣਾ ਚਾਹੁੰਦੀ ਹੈ।
ਕੁਰਾਲੀ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਰਾਸ਼ਟਰੀ ਅਤੇ ਸਹਿਕਾਰੀ ਬੈਕਾਂ ਤੋਂ ਇਲਾਵਾ ਆੜ•ਤੀਆਂ ਤੋਂ ਲਏ ਕਰਜ਼ਿਆਂ ਸਮੇਤ 90 ਹਜ਼ਾਰ ਕਰੋੜ ਰੁਪਏ ਦੀ ਮੁਕੰਮਲ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਮੁਕੰਮਲ ਕਰਜ਼ਾ ਮੁਆਫੀ ਦੀ ਥਾਂ ਇੱਕ ਅੰਸ਼ਿਕ ਕਰਜ਼ਾ ਰਾਹਤ ਸਕੀਮ ਲਾਗੂ ਕਰਕੇ ਸਰਕਾਰ ਨੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਇਸ ਸਕੀਮ ਨਾਲ ਕਿਸਾਨ ਖੁਦਕੁਸ਼ੀਆਂ ਦੀ ਸਮੱਸਿਆ ਤਕ ਹੱਲ ਨਹੀਂ ਹੋਈ ਹੈ। ਉਹਨਾਂ ਕਿਹਾ ਕਿ ਹੁਣ ਇਹ ਸਰਕਾਰ ਲੋਕ ਸਭਾ ਚੋਣਾਂ ਵਿਚ ਵੋਟਾਂ ਲੈਣ ਲਈ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕਰਕੇ ਉਹਨਾਂ ਨੂੰ ਮੂਰਖ ਬਣਾਉਣਾ ਚਾਹੁੰਦੀ ਹੈ। ਅਗਲੇ ਦੋ ਮਹੀਨਿਆਂ ਵਿਚ ਲੋਕਾਂ ਨਾਲ ਕੀਤੇ ਬਾਕੀ ਵਾਅਦਿਆਂ ਵਾਂਗ ਇਸ ਵਾਅਦੇ ਨੂੰ ਵੀ ਭੁਲਾ ਦਿੱਤਾ ਜਾਵੇਗਾ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਦੀ ਲੋਕਾਂ ਦੇ ਮਸਲੇ ਨਾ ਹੱਲ ਕਰਨ ਅਤੇ ਉਹਨਾਂ ਦੀ ਪਹੁੰਚ ਤੋਂ ਦੂਰ ਰਹਿਣ ਲਈ ਖਿਚਾਈ ਕੀਤੀ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਲੋਕਾਂ ਤੋਂ ਇੰਨਾ ਦੂਰ ਰਹਿੰਦਾ ਹੈ ਕਿ ਚੁਣੇ ਜਾਣ ਮਗਰੋਂ ਉਸ ਨੇ ਅਜੇ ਤੀਕ ਆਪਣੇ ਹਲਕੇ ਦੇ ਵੋਟਰਾਂ ਦਾ ਵੀ ਧੰਨਵਾਦ ਨਹੀਂ ਕੀਤਾ ਹੈ, ਉਹਨਾਂ ਦੀਆਂ ਸ਼ਿਕਾਇਤਾਂ ਦੂਰ ਕਰਨੀਆਂ ਤਾਂ ਤੁਸੀਂ ਭੁੱਲ ਹੀ ਜਾਓ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਵਿਕਾਸ ਕਾਰਜ ਰੁਕ ਚੁੱਕੇ ਹਨ। ਸਾਰੀਆਂ ਲੋਕ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਹਨ। ਇੱਥੋਂ ਤਕ ਕਿ ਕੇਂਦਰ ਵੱਲੋਂ ਗਰਾਂਟ ਆ ਚੁੱਕੀ ਹੋਣ ਦੇ ਬਾਵਜੂਦ ਪਿਛਲੇ ਦੋ ਸਾਲ ਤੋਂ ਦਲਿਤ ਵਿਦਿਆਰਥੀਆਂ ਵਜ਼ੀਫੇ ਵੀ ਨਹੀਂ ਦਿੱਤੇ।
ਇਸ ਮੌਕੇ ਅਖੌਤੀ ਟਕਸਾਲੀ ਆਗੂਆਂ ਉੱਤੇ ਵੀ ਸਰਦਾਰ ਬਾਦਲ ਨੇ ਨਿਸ਼ਾਨਾ ਸੇਧਿਆ। ਉਹਨਾਂ ਕਿਹਾ ਕਿ ਇੱਕ ਪਾਸੇ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਹਨ, ਜਿਹੜੇ ਪੰਜਾਬ ਅਤੇ ਪੰਜਾਬੀਆਂ ਨਾਲ ਸੰਬੰਧਿਤ ਹਰ ਮੁੱਦੇ ਉੱਪਰ ਸੰਸਦ ਵਿਚ ਬੋਲ ਚੁੱਕੇ ਹਨ। ਦੂਜੇ ਪਾਸੇ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਹਨ, ਜਿਹਨਾਂ ਨੇ ਇੱਕ ਵਾਰ ਵੀ ਸੰਸਦ ਅੰਦਰ ਆਪਣਾ ਮੂੰਹ ਨਹੀਂ ਖੋਲਿ•ਆ। ਉਹਨਾਂ ਕਿਹਾ ਕਿ ਉਹਨਾਂ ਨੇ ਬ੍ਰਹਮਪੁਰਾ ਨੂੰ ਅਹਿਮ ਮੁੱਦਿਆਂ ਉਪਰ ਬੋਲਣ ਲਈ ਜ਼ੋਰ ਵੀ ਪਾਇਆ ਸੀ, ਪਰ ਉਹਨਾਂ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।ਉਹਨਾਂ ਕਿਹਾ ਕਿ ਬ੍ਰਹਮਪੁਰਾ ਸਾਹਿਬ ਪੰਜ ਸਾਲ ਸੰਸਦ ਅੰਦਰ ਮੂੰਹ ਨੂੰ ਗੰਢ ਮਾਰ ਕੇ ਬੈਠਣ ਮਗਰੋਂ ਹੁਣ ਵਾਪਸ ਪੰਜਾਬ ਆ ਗਏ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਸਾਬਕਾ ਅਕਾਲੀ ਵਿਧਾਇਕ ਉਜਾਗਰ ਸਿੰਘ ਬਡਾਲੀ ਉੱਤੇ ਵੀ ਨਿਸ਼ਾਨਾ ਸੇਧਿਆ ਜੋ ਕਿ ਹੁਣ ਅਖੌਤੀ ਟਕਸਾਲੀ ਜਥੇਬੰਦੀ ਵਿਚ ਸ਼ਾਮਿਲ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਹਮੇਸ਼ਾਂ ਜਥੇਦਾਰ ਬਡਾਲੀ ਦੀ ਹਮਾਇਤ ਕੀਤੀ ਸੀ, ਪਰ ਜਥੇਦਾਰ ਬਡਾਲੀ ਨੇ ਕੁਰਾਲੀ ਤੋਂ ਪਾਰਟੀ ਟਿਕਟ ਨਾ ਮਿਲਣ ਤੇ ਇੱਕ ਮੌਕਾਪ੍ਰਸਤ ਵਾਂਗ ਉਹਨਾਂ ਦੀ ਪਿੱਠ ਵਿਚ ਛੁਰਾ ਮਾਰ ਦਿੱਤਾ ਸੀ। ਉਹਨਾਂ ਕਿਹਾ ਕਿ ਜਿਹੜੇ ਮੌਕਾਪ੍ਰਸਤਾਂ ਨੇ ਅਕਾਲੀ ਦਲ ਦੇ ਖ਼ਿਲਾਫ ਗਲਤ ਪ੍ਰਚਾਰ ਕੀਤਾ ਹੈ, ਲੋਕਾਂ ਨੇ ਉਹਨਾਂ ਨੂੰ ਹਮੇਸ਼ਾਂ ਰੱਦ ਕੀਤਾ ਹੈ। ਉਹਨਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ, ਆਮ ਆਦਮੀ ਪਾਰਟੀ ਅਤੇ ਬਰਗਾੜੀ ਵਿਖੇ ਸਰਕਾਰੀ ਮੋਰਚਾ ਲਾਉਣ ਵਾਲਿਆਂ ਦਾ ਹਾਲ ਵੇਖ ਲਓ, ਕੀ ਹੋਇਆ ਹੈ।
ਇਹ ਟਿੱਪਣੀ ਕਰਦਿਆਂ ਕਿ ਦੁਨੀਆਂ ਭਰ ਵਿਚ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਸਿੱਖਾਂ ਦੀ ਨੁੰਮਾਇਦਾ ਜਥੇਬੰਦੀ ਹੈ, ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾਂ ਹੀ ਸਿੱਖ ਕੌਮ ਦੇ ਮਸਲਿਆਂ ਨੂੰ ਉਠਾਇਆ ਹੈ ਅਤੇ ਉਹਨਾਂ ਦਾ ਤਸੱਲੀਬਖ਼ਸ਼ ਹੱਲ ਕਢਵਾਇਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਸਤਵੰਤ ਕੌਰ ਸੰਧੂ, ਡਾਕਟਰ ਦਲਜੀਤ ਸਿੰਘ ਚੀਮਾ, ਪਰਮਜੀਤ ਸਿੰਘ ਲੱਖੇਵਾਲ, ਰਣਜੀਤ ਸਿੰਘ ਗਿੱਲ ਅਤੇ ਚਰਨਜੀਤ ਸਿੰਘ ਬਰਾੜ ਨੇ ਵੀ ਸੰਬੋਧਨ ਕੀਤਾ।