ਸੁਰਜੀਤ ਸਿੰਘ ਰੱਖੜਾ ਨੇ ਨਰਸਾਂ ਦਾ ਪਰਖ ਸਮਾਂ ਇੱਕ ਸਾਲ ਘਟਾਉਣ ਦੀ ਮੰਗ ਦਾ ਵੀ ਸਮਰਥਨ ਕੀਤਾ
ਪਟਿਆਲਾ/14 ਮਈ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਡਹਾਕ ਤੌਰ ਤੇ ਕੰਮ ਕਰ ਰਹੇ ਨਰਸਿੰਗ ਅਤੇ ਸਹਾਇਕ ਸਟਾਫ ਨੂੰ ਰੈਗੂਲਰ ਕਰਨ ਸੰਬੰਧੀ ਕੀਤੇ ਵਾਅਦੇ ਤੋਂ ਮੁਕਰਨ ਲਈ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੀ ਸਖ਼ਤ ਨਿਖੇਧੀ ਕੀਤੀ ਹੈ। ਪਾਰਟੀ ਨੇ ਕਿਹਾ ਹੈ ਕਿ ਇਸ ਔਖ ਦੀ ਘੜੀ ਵਿਚ ਸਰਕਾਰ ਨੂੰ ਮੂਹਰਲੀ ਕਤਾਰ ਦੇ ਯੋਧਿਆਂ ਨੂੰ ਇਨਾਮ ਦੇਣਾ ਚਾਹੀਦਾ ਹੈ ਨਾ ਕਿ ਉਹਨਾਂ ਨਾਲ ਵਿਤਕਰਾ ਕਰਨਾ ਚਾਹੀਦਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਬ੍ਰਹਮ ਮਹਿੰਦਰਾ ਵੱਲੋਂ 2 ਮਾਰਚ ਨੂੰ ਦਿੱਤੇ ਭਰੋਸੇ ਉੱਤੇ ਸਿਹਤ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਅਤੇ ਅਜੇ ਤਕ ਨਰਸਿੰਗ ਅਤੇ ਸਹਾਇਕ ਸਟਾਫ ਦੀਆਂ ਸੇਵਾਵਾਂ ਪੱਕੀਆਂ ਨਹੀਂ ਕੀਤੀਆਂ ਹਨ। ਉਹਨਾਂ ਕਿਹਾ ਕਿ ਮੈਂ ਜਿੱਥੇ ਸਰਕਾਰ ਦੇ ਇਸ ਕਠੋਰ ਰਵੱਈਏ ਦੀ ਨਿੰਦਾ ਕਰਦਾ ਹਾਂ ਉੱਥੇ ਇਹਨਾਂ ਮੂਹਰਲੀ ਕਤਾਰ ਦੇ ਯੋਧਿਆਂ ਨੂੰ ਸਲਾਮ ਕਰਦਾ ਹਾਂ, ਜਿਹਨਾਂ ਨੇ ਇਸ ਮੁੱਦੇ ਉੱਤੇ ਸਿਰਫ ਦੋ ਘੰਟੇ ਲਈ ਪ੍ਰਦਰਸ਼ਨ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਆਪਣੀਆਂ ਰੈਗੂਲਰ ਡਿਊਟੀਆਂ ਕਰਨੀਆਂ ਜਾਰੀ ਰੱਖਣਗੇ।
ਅਕਾਲੀ ਆਗੂ ਨੇ ਕਿਹਾ ਕਿ ਸਰਕਾਰ ਨੂੰ ਸਿਹਤ ਕਾਮਿਆਂ ਦੀ ਸਾਰੀਆਂ ਮੰਗਾਂ ਬਾਰੇ ਗੌਰ ਕਰਨਾ ਚਾਹੀਦਾ ਹੈ ਅਤੇ ਸਾਰੇ ਨਰਸਿੰਗ ਸਟਾਫ ਦੀਆਂ ਸੇਵਾਵਾਂ ਨੂੰ ਦੋ ਸਾਲ ਦੀ ਬਜਾਇ ਇੱਕ ਸਾਲ ਦੇ ਪਰਖ ਸਮੇਂ ਮਗਰੋਂ ਪੱਕਾ ਕਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੋਵਿਡ-19 ਵਾਰਡਾਂ ਵਿਚ ਤਾਇਨਾਤ ਨਰਸਿੰਗ ਸਟਾਫ ਵੱਲੋਂ ਕੀਤੀ ਜਾ ਰਹੀ ਬੀਮੇ ਦੀ ਮੰਗ ਬਿਲਕੁੱਲ ਜਾਇਜ਼ ਹੈ ਅਤੇ ਇਸ ਨੂੰ ਤੁਰੰਤ ਮੰਨ ਲੈਣਾ ਚਾਹੀਦਾ ਹੈ।
ਸਰਦਾਰ ਰੱਖੜਾ ਸ੍ਰੀ ਬ੍ਰਹਮ ਮਹਿੰਦਰਾ ਨੂੰ ਸਰਕਾਰੀ ਮੈਡੀਕਲ ਕਾਲਜ ਦੇ ਨਰਸਿੰਗ ਅਤੇ ਸਹਾਇਕ ਸਟਾਫ ਦੀਆਂ ਮੰਗਾਂ ਮੰਨਣ ਬਾਰੇ ਹੋਰ ਟਾਲ-ਮਟੋਲ ਨਾ ਕਰਨ ਦਾ ਮਸ਼ਵਰਾ ਦਿੰਦਿਆਂ ਕਿਹਾ ਕਿ ਮੰਗਾਂ ਨਾ ਮੰਨਣ ਨਾਲ ਸਟਾਫ ਦਾ ਮਨੋਬਲ ਡਿੱਗ ਜਾਵੇਗਾ ਅਤੇ ਇਹ ਗੱਲ ਕੋਵਿਡ-19 ਦੀ ਰੋਕਥਾਮ ਦੀ ਜੰਗ ਲੜ ਰਹੇ ਸੂਬੇ ਲਈ ਬਹੁਤ ਜ਼ਿਆਦਾ ਘਾਤਕ ਹੋਵੇਗੀ।