ਚੰਡੀਗੜ੍ਹ/26 ਮਾਰਚ: ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਅਫਗਾਨਿਸਤਾਨ ਵਿਚ ਕਾਬੁਲ ਵਿਖੇ ਇੱਕ ਪਾਵਨ ਗੁਰਦੁਆਰਾ ਸਾਹਿਬ ਉੱਤੇ ਕੀਤੇ ਗਏ ਇੱਕ ਘਿਨੌਣੇ ਹਮਲੇ ਨੂੰ ਮਨੁੱਖਤਾ ਖ਼ਿਲਾਫ ਅਪਰਾਧ ਕਰਾਰ ਦਿੱਤਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਨਿਰਦੋਸ਼ ਅਤੇ ਸ਼ਰਧਾਲੂ ਸਿੱਖਾਂ ਉੱਤੇ ਕੀਤਾ ਗਿਆ ਇਹ ਘਿਨੌਣਾ ਹਮਲਾ, ਜਿਸ ਵਿਚ 27 ਸਿੱਖ ਮਾਰੇ ਗਏ ਹਨ, ਮਨੁੱਖਤਾ ਦੇ ਚਿਹਰੇ ਉੱਤੇ ਇੱਕ ਧੱਬਾ ਹੈ। ਇਸ ਅਣਮਨੁੱਖੀ ਕਾਰੇ ਨੇ ਸਾਰੇ ਸਿੱਖ ਜਗਤ ਅਤੇ ਪੂਰੀ ਮਨੁੱਖਤਾ ਨੂੰ ਦੁੱਖ ਅਤੇ ਗੁੱਸੇ ਨਾਲ ਭਰ ਦਿੱਤਾ ਹੈ।
ਸਰਦਾਰ ਬਾਦਲ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਨਿੱਜੀ ਤੌਰ ਤੇ ਅਫਗਾਨਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਅਤੇ ਉਸ ਨੂੰ ਅਫਗਾਨਿਸਤਾਨ ਅੰਦਰ ਰਹਿ ਰਹੇ ਸਾਰੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕਣ ਲਈ ਆਖਣ।
ਸਰਦਾਰ ਬਾਦਲ ਨੇ ਪੀੜਤ ਪਰਿਵਾਰਾਂ ਲਈ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਪਰਮਾਤਮਾ ਅੱਗੇ ਵਿਛੜੀਆਂ ਆਤਮਾਵਾਂ ਦੀ ਸ਼ਾਂਤੀ ਅਤੇ ਦੁਖੀ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਰਦਾਸ ਕੀਤੀ ਹੈ।