ਸਿਕੰਦਰ ਸਿੰਘ ਮਲੂਕਾ ਨੇ ਵੱਡੇ ਘੁਟਾਲੇ ਦੀ ਨਿਰਪੱਖ ਕੇਂਦਰੀ ਜਾਂਚ ਮੰਗੀ
ਕਿਹਾ ਕਿ ਇਕ ਸਾਲ ਦੌਰਾਨ ਹਸਪਤਾਲਾਂ ਦੇ ਬੁਨਿਆਦੀ ਢਾਂਚੇ ’ਚ ਤਬਦੀਲੀ ਨਹੀਂ ਦਿਸੀ ਅਤੇ ਮਰੀਜ਼ਾਂ ਨੂੰ ਲੋੜੀਂਦੀ ਆਕਸੀਜ਼ਨ, ਵੈਂਟੀਲੇਟਰ, ਆਈ ਸੀ ਯੂ ਤੇ ਦਵਾਈਆਂ ਵੀ ਨਹੀਂ ਮਿਲ ਰਹੀਆਂ
ਚੰਡੀਗੜ੍ਹ, 21 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਕਾਂਗਰਸ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਦੇ ਟਾਕਰੇ ਲਈ ਜਨਤਾ ਦੇ ਫੰਡਾਂ ਦੇ 1000 ਕਰੋੜ ਰੁਪਏ ਇਸ ਵੱਲੋਂ ਸੂਬੇ ਵਿਚ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੁੰ ਮਜ਼ਬੂਤ ਕਰਨ ਲਈ ਕਿਵੇਂ ਖਰਚੇ, ਇਸ ਬਾਰੇ ਵ੍ਹਾਈਟ ਪੇਪਰ ਜਾਰੀ ਕਰੇ ਤੇ ਕਿਹਾ ਕਿ ਜ਼ਮੀਨੀ ਪੱਧਰ ’ਤੇ ਕੁਝ ਵੀ ਹੋਇਆ ਨਹੀਂ ਦਿਸ ਰਿਹਾ।
ਕੋਰੋਨਾ ਨਾਲ ਨਜਿੱਠਣ ਵਾਸਤੇ 1000 ਕਰੋੜ ਰੁਪਏ ਖਰਚਣ ਨੂੰ ਵੱਡਾ ਘੁਟਾਲਾ ਕਰਾਰ ਦਿੰਦਿਆਂ ਸਾਬਕਾ ਮੰਤਰੀ ਸ੍ਰੀ ਸਿਕੰਦਰ ਸਿੰਘ ਮਲੂਕਾ ਨੇ ਮੰਗ ਕੀਤੀ ਕਿ ਕਿਸੇ ਨਿਰਪੱਖ ਏਜੰਸੀ ਤੋਂ ਇਸ ਸਾਰੇ ਘੁਟਾਲੇ ਦੀ ਜਾਂਚ ਕਰਵਾਈ ਜਾਵੇ ਅਤੇ ਕਿਹਾ ਕਿ ਕਾਂਗਰਸ ਸਰਕਾਰ ਦੀ ਬੇਰੁਖੀ ਕਾਰਨ ਹਜ਼ਾਰਾਂ ਲੋਕ ਮਰ ਰਹੇ ਹਨ ਪਰ ਸਰਕਾਰ ਝੂਠੇ ਦਾਅਵੇ ਕਰਨ ’ਤੇ ਲੱਗੀ ਹੈ। ਉਹਨਾਂ ਕਿਹਾ ਕਿ ਫੌਰੀ ਜਾਂਚ ਦੀ ਬਹੁਤ ਜ਼ਰੂਰਤ ਹੈ ਤਾਂ ਜੋ ਇਸ ਬਹੁ ਕਰੋੜੀ ਘੁਟਾਲੇ ਦਾ ਪਤਾ ਲਗਾ ਕੇ ਇਸਦੇ ਪਿੱਛੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿੱਤੀ ਜਾ ਸਕੇ ਅਤੇ ਭ੍ਰਿਸ਼ਟਾਚਾਰ ਨੂੰ ਵੀ ਨਕੇਲ ਪਾਈ ਜਾ ਸਕੇ ਤਾਂ ਜੋ ਸੁਬੇ ਦਾ ਪੈਸਾ ਮਰੀਜ਼ਾਂ ਦੀ ਭਲਾਈ ਵਾਸਤੇ ਖਰਚ ਹੋਵੇ।
ਸ੍ਰੀ ਮਲੂਕਾ ਨੇ ਸਰਕਾਰ ਨੂੰ ਪੁੱਛਿਆ ਕਿ ਉਹ ਅਜਿਹਾ ਦਾਅਵਾ ਕਿਵੇਂ ਕਰ ਸਕਦੀ ਹੈ। ਉਹਨਾਂ ਕਿਹਾ ਕਿ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਵਿਚ ਕੋਈ ਤਬਦੀਲੀ ਹੋਈ ਨਜ਼ਰ ਨਹੀਂ ਪੈ ਰਹੀ। ਉਹਨਾਂ ਕਿਹਾ ਕਿ ਮੁਹਾਲੀ ਤੇ ਰੋਪੜ ਵਿਚ ਤਾਂ ਸਿਰਫ ਕੋਰੋਨਾ ਲਈ ਬਣੇ ਹਸਪਤਾਲ ਵੀ ਨਹੀਂ ਹਨ। ਉਹਨਾਂ ਕਿਹਾ ਕਿ ਸਿਰਫ ਦੋ ਜ਼ਿਲ੍ਹਾ ਹਸਪਤਾਲਾਂ ਵਿਚ ਨਵੀਂਆਂ ਆਈ ਸੀ ਯੂ ਸਹੂਲਤਾਂ ਬਣਾਈਆਂ ਗਈਆਂ ਹਨ ਜੋ ਬਹੁਤ ਸ਼ਰਮ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਟੋਕਲੀਜ਼ੁਮਬ ਤੇ ਇਤੋਲੀਜ਼ਮਬ ਵਰਗੇ ਜੀਵਨ ਬਚਾਊ ਟੀਕਿਆਂ ਦੀ ਭਾਰੀ ਕਮੀ ਹੈ ਅਤੇ ਰੈਮੇਡਸਵੀਰ ਗੋਲੀ ਵੀ ਨਹੀਂ ਮਿਲ ਰਹੀ। ਉਹਨਾਂ ਕਿਹਾ ਕਿ ਮਰੀਜ਼ਾਂ ਨੂੰ ਵੈਂਟੀਲੇਟਰ ਨਹੀਂ ਮਿਲ ਰਹੇ ਤੇ ਸਰਕਾਰ ਵੈਂਟੀਲੇਟਰਾਂ ਦੀ ਗਿਣਤੀ ਵਧਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਵੈਂਟੀਲੇਟਰ ਵੀ ਮਹੀਨਿਆਂ ਤੋਂ ਬਿਨਾਂ ਖੋਲ੍ਹੇ ਪਏ ਹਨ ਕਿਉਂਕਿ ਇਹਨਾਂ ਨੁੰ ਚਲਾਉਣ ਵਾਸਤੇ ਸਟਾਫ ਦੀ ਘਾਟ ਹੈ।
ਸ੍ਰੀ ਮਲੂਕਾ ਨੇ ਜ਼ੋਰ ਦੇ ਕੇ ਕਿਹਾ ਕਿ ਸੂਬੇ ਵਿਚ ਸਿਹਤ ਸੰਭਾਲ ਪ੍ਰਣਾਲੀ ਢਹਿ ਢੇਰੀ ਹੋ ਗਈ ਹੈ। ਉਹਨਾਂ ਨੇ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਉਹ ਦੱਸੇ ਕਿ ਉਸਨੇ ਕੋਰੋਨਾ ਨਾਲ ਨਜਿੱਠਣ ਲਈ 1000 ਕਰੋੜ ਰੁਪਏ ਕਿਵੇਂ ਤੇ ਕਿੱਥੇ ਖਰਚ ਕੀਤੇ ਹਨ। ਉਹਨਾਂ ਕਿਹਾ ਕਿ ਲੋਕ ਦਵਾਈਆਂ ਦੀ ਕਮੀ ਸਮੇਤ ਸਹੂਲਤਾਂ ਦੀ ਘਾਟ ਸਰਕਾਰੀ ਹਸਪਤਾਲਾਂ ਨੂੰ ਛੱਡ ਰਹੇ ਹਨ। ਉਹਨਾਂ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੱਧੂ ਨੁੰ ਵੀ ਸਰਕਾਰੀ ਢਾਂਚੇ ਵਿਚ ਵਿਸ਼ਵਾਸ ਨਹੀਂ ਹੈ ਤੇ ਉਹਨਾਂ ਆਪਣਾ ਕੋਰੋਨਾ ਇਲਾਜ ਪ੍ਰਾਈਵੇਟ ਹਸਪਤਾਲ ਤੋਂ ਕਰਵਾਇਆ ਹੈ। ਉਹਨਾਂ ਕਿਹਾ ਕਿ ਇਹੀ ਹਾਲ ਦੂਜੇ ਕਾਂਗਰਸੀ ਆਗੂਆਂ ਤੇ ਵਿਧਾਇਕਾਂ ਦਾ ਹੈ।
ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖਮ ੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਫਾਰਮ ਹਾਊਸ ’ਤੇ ਆਰਾਮ ਫਰਮਾ ਰਹੇ ਹਨ ਤੇ ਪੂਰੀ ਤਰ੍ਹਾਂ ਇਕਾਂਤਵਾਸ ਹਨ ਜਦਕਿ ਸੂਬੇ ਦੇ ਲੋਕ ਡਰਾਉਣੇ ਤੇ ਸਹੂਲਤਾਂ ਨਾ ਮਿਲਣ ਵਾਲੇ ਮਾਹੌਲ ਨਾਲ ਟੱਕਰਾਂ ਮਾਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਪੰਜਾਬ ਵਿਚ ਗੰਭੀਰ ਹਾਲਾਤਾਂ ਦਾ ਨੋਟਿਸ ਲਿਆ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਹਾਲੇ ਵੀ ਮੁੱਖ ਮੰਤਰੀ ਨੁੰ ਕੋਈ ਪਰਵਾਹ ਨਹੀਂ ਹੈ ਅਤੇ ਹਸਪਤਾਲਾਂ ਵਿਚ ਬੈਡਾਂ ਦੀ ਗਿਣਤੀ ਵਧਾਉਣ, ਹਸਪਤਾਲਾਂ ਨੂੰ ਆਕਸੀਜ਼ਨ ਦੀ ਢੁਕਵੀਂ ਸਪਲਾਈ ਦੇਣ ਤੇ ਆਈ ਸੀ ਯੂ ਵਿਚ ਵੈਂਟੀਲੇਟਰਾਂ ਦੀ ਗਿਣਤੀ ਵਧਾਉਣ ਤੇ ਸਹੂਲਤਾਂ ਵਿਚ ਵਾਧਾ ਕਰਨ ਲਈ ਕੋਈ ਯਤਨ ਨਹੀਂ ਕੀਤਾ ਗਿਆ।
ਸ੍ਰੀ ਮਲੂਕਾ ਨੇ ਕਿਹਾ ਕਿ ਸਰਕਾਰ ਨੇ ਸ਼ੁਰੂ ਤੋਂ ਹੀ ਕੋਰੋਨਾ ਮਹਾਮਾਰੀ ਨਾਲ ਸਹੀ ਤਰੀਕੇ ਨਹੀਂ ਨਜਿੱਠਿਆ ਤੇ ਪੰਜਾਬ ਵਿਚ ਮੌਤ ਦਰ ਦੇਸ਼ ਵਿਚ ਸਭ ਨਾਲੋਂ ਜ਼ਿਆਦਾ ਹੈ। ਉਹਨਾਂ ਕਿਹਾ ਕਿ ਪੀ ਪੀ ਈ ਕਿੱਟਾਂ ਦੀ ਸਪਲਾਈ ਵਿਚ ਵੀ ਘੁਟਾਲੇ ਹੋਏ ਹਨ। ਪ੍ਰਾਈਵੇਟ ਹਸਪਤਾਲ ਕੋਰੋਨਾ ਮਰੀਜ਼ਾਂ ਤੋਂ ਮਨਮਰਜ਼ੀ ਦੇ ਪੈਸੇ ਵਸੂਲ ਰਹੇ ਹਨ ਤੇ ਡਾਇਨੋਸਟਿਕ ਕੇਂਦਰਾਂ ਵੱਲੋਂ ਵੀ ਵੱਧ ਵਸੂਲੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਲੋਕਾਂ ਨੁੰ ਬੈਡਾਂ ਦੀ ਉਪਲਬਧਾ ਤੇ ਵਿਸ਼ੇਸ਼ ਸੰਭਾਲ ਸਮੇਤ ਵੈਂਟੀਲੇਟਰਾਂ ਬਾਰੇ ਜਾਣਕਾਰੀ ਦੇਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਕਾਰਨ ਮੌਤ ਦਰ ਘੱਟ ਨਹੀਂ ਰਹੀ। ਉਹਨਾਂ ਕਿਹਾ ਕਿ ਇਹ ਢੁਕਵਾਂ ਸਮਾਂ ਹੈ ਜਦੋਂ ਅਦਾਲਤਾਂ ਦਖਲ ਦੇ ਕੇ ਪੰਜਾਬ ਵਿਚ ਪ੍ਰਬੰਧ ਸਹੀ ਰਾਹ ’ਤੇ ਪਾਉਣ।