ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਲਈ ਹਰੀਸ਼ ਰਾਵਤ ਖਿਲਾਫ ਕੇਸ ਦਰਜ ਕਰਨ ਦੀ ਕੀਤੀ ਮੰਗ
ਸ੍ਰੀ ਹਰਿਗੋਬਿੰਦਪੁਰ, 1 ਸਤੰਬਰ : ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਦੀ ਸ਼ਾਂਤੀ ਭੰਗ ਕਰ ਕੇ ਰਾਸ਼ਟਰਪਤੀ ਰਾਜ ਲਾਗੂ ਕਰਵਾਉਣ ਲਈ ਕੇਂਦਰੀ ਏਜੰਸੀਆਂ ਦੇ ਹੱਥਾਂ ਵਿਚ ਖੇਡ ਰਹੀ ਹੈ।
ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਹਲਕੇ ਦੇ ਦੌਰੇ ਦੌਰਾਨ ਉਹਨਾਂ ਦੀ ਕਾਰ ’ਤੇ ਕੀਤੇ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ। ਇਸ ਦੌਰੇ ਦੌਰਾਨ ਅਨੇਕਾਂ ਕੌਂਸਲਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਕਿਸਾਨ ਰੋਸ ਪ੍ਰਦਰਸ਼ਨਾਂ ਦੀ ਆੜ ਵਿਚ ਨਿੱਜੀ ਰੰਜਿਸ਼ਾਂ ਕੱਢਣ ਦਾ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਸਪਸ਼ਟ ਕੀਤਾ ਹੈ ਕਿ ਕਿਉਂਕਿ ਭਾਜਪਾ ਸਰਕਾਰ ਤਿੰਨ ਖੇਤੀ ਕਾਨੁੰਨ ਰੱਦ ਨਾ ਕਰਨ ’ਤੇ ਅੜੀ ਹੋਈ ਹੈ, ਇਸ ਲਈ ਭਾਜਪਾ ਦੇ ਆਗੂਆਂ ਨੁੰ ਹੀ ਸਵਾਲ ਕੀਤਾ ਜਾਵੇ ਕਿ ਉਹਨਾਂ ਦੀ ਸਰਕਾਰ ਖੇਤੀਬਾੜੀ ਅਰਥਚਾਰਾ ਤਬਾਹ ਕਰਨ ’ਤੇ ਕਿਉਂ ਤੁਲੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੇ ਕਿਸੇ ਵੀ ਵਾਜਬ ਰੋਸ ਪ੍ਰਦਰਸ਼ਨ ਦਾ ਹਮੇਸ਼ਾ ਸਵਾਗਤ ਹੈ। ਉਹਨਾਂ ਕਿਹਾ ਕਿ ਅੱਜ ਵੀ ਕਾਂਗਰਸ ਪਾਰਟੀ ਦੀ ਸ਼ਹਿ ’ਤੇ ਹੀ ਰੋਸ ਪ੍ਰਦਰਸ਼ਨ ਕੀਤਾ ਗਿਆ ਕਿਉਂਕਿ ਪਾਰਟੀ ਇਸ ਗੱਲੋਂ ਮਾਯੁਸ ਸੀ ਕਿ ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਇਸਦੇ ਆਗੂ ਵੱਡੀ ਗਿਣਤੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ ਤੇ ਇਹ ਗੱਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਮੈਂ ਸਪਸ਼ਟ ਕਰ ਦਿਆਂ ਕਿ ਮੈਂ ਕਾਂਗਰਸ ਪਾਰਟੀ ਅਤੇ ਇਸਦੀਆਂ ਨੀਤੀਆਂ ਨੁੰ ਬੇਨਕਾਬ ਕਰਨਾ ਜਾਰੀ ਰੱਖਾਂਗਾ ਅਤੇ ਕਿਸੇ ਵੀ ਤਰੀਕੇ ਮੈਨੁੰ ਡਰਾਇਆ ਧਮਕਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਮੇਰਾ ਕਤਲ ਤਾਂ ਹੋ ਸਕਦਾ ਹੈ ਪਰ ਮੈਂ ਹਮੇਸ਼ਾ ਸੱਚ ਨਾਲ ਡਟਿਆ ਹਾਂ ਤੇ ਰਹਾਂਗਾ।
ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਭਾਜਪਾ ਨਾਲ ਰਲ ਗਈ ਹੈ ਤੇ ਸਰਹੱਦੀ ਸੂਬੇ ਦੀ ਸ਼ਾਂਤੀ ਇਕ ਸਾਜ਼ਿਸ਼ ਤਹਿਤ ਭੰਗ ਕੀਤੀ ਜਾ ਰਹੀ ਹੈ। ਉਹਨਾਂ ਨੇ ਮਾੜੇ ਮਨਸੂਬਿਆਂ ਵਿਚ ਕੇਂਦਰ ਸਰਕਾਰ ਦੀ ਸਹਾਇਤਾ ਕਰਨ ਲਈ ਕਾਂਗਰਸ ਪਾਰਟੀ ਦੀ ਨਿਖੇਧੀ ਕੀਤੀ। ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਦੇ ਆਗੂਆਂ ਦਾ ਘਿਰਾਓ ਕਿਉਂ ਨਹੀਂ ਹੋ ਰਿਹਾ ਹਾਲਾਂਕਿ ਸੁਬੇ ਵਿਚ ਉਹਨਾਂ ਦੀ ਸਰਕਾਰ ਹੈ ਤੇ ਉਸਨੇ ਕੀਤੇ ਵਾਅਦੇ ਅਨੁਸਾਰ ਕਿਸਾਨੀ ਕਰਜ਼ੇ ਮੁਆਫ ਨਹੀਂਕ ੀਤੇ। ਉਹਨਾਂ ਕਿਹਾ ਕਿ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਨਾਲ ਨਾਲ ਕਿਸਾਨ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਨਹੀਂ ਦਿੱਤੀਆਂ ਗਈਆਂ।
ਅਕਾਲੀ ਆਗੂ ਨੇ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਵੱਲੋਂ ਕਾਂਗਰਸੀ ਆਗੂਆਂ ਨੁੰ ਪੰਜ ਪਿਆਰੇ ਕਹਿ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਲਈ ਉਹਨਾਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਰਾਵਤ ਤੋਂ ਇਲਾਵਾ ਨਵਜੋਤ ਸਿੱਧੂ ਤੇ ਪਰਗਟ ਸਿੰਘ ਦੇ ਖਿਲਾਫ ਵੀ ਕੇਸ ਦਰਜ ਹੋਣਾ ਚਾਹੀਦਾ ਹੈ ਜੋ ਬਿਆਨ ਜਾਰੀ ਕਰਨ ਵਿਚ ਭਾਈਵਾਲ ਸਨ।
ਸਰਦਾਰ ਮਜੀਠੀਆ ਸ੍ਰੀ ਹਰਿਗੋਬਿੰਦਪੁਰ ਕੌਂਸਲ ਪ੍ਰਧਾਨ ਬਾਰਬਾਰ ਹਰਦੀਪ ਸਿੰਘ ਭੱਲਾ ਦੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਨੇ ਭੱਲਾ ਤੇ ਸਾਬਕਾ ਕੌਂਸਲਰ ਸੋਨੂੰ ਭੱਲਾ, ਰਵਜੀਤ ਸਿੰਘ, ਰੇਖਾ ਕੁਮਾਰੀ, ਡਾ. ਮਨਜੀਤ ਸਿੰਘ ਅਤੇ ਜਸਬੀਰ ਸਿੰਘ ਤਲਵਾੜਾ ਨੂੰ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਿਹਾ। ਇਸ ਮੌਕੇ ਸੀਨੀਅਰ ਆਗੂ ਲਖਬੀਰ ਸਿੰਘ ਲੋਧੀਨੰਗਰ ਵੀ ਮੌਜੂਦ ਸਨ।