ਸਰਕਾਰ ਨੂੰ ਕਿਹਾ ਕਿ ਉਹ ਈਮਾਨਦਾਰੀ ਨਾਲ ਜੁਆਬ ਦੇਵੇ ਕਿ ਕਿਸਦੇ ਕਾਰਜਕਾਲ ਦੌਰਾਨ ਫਾਇਲ ਰਾਜਪਾਲ ਕੋਲ ਫਾਇਲ ਭੇਜੀ ਸੀ ਅਤੇ ਕਿਸਦੇ ਕਾਰਜਕਾਲ ਦੌਰਾਨ ਹੁਕਮ ਲਾਗੂ ਹੋਇਆ ਸੀ
ਚੰਡੀਗੜ੍ਹ/22 ਜੂਨ:ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਇਹ ਸਾਬਿਤ ਕਰਨ ਦੀ ਚੁਣੌਤੀ ਦਿੱਤੀ ਹੈ ਕਿ ਵਾਰੀ ਤੋਂ ਪਹਿਲਾਂ ਤਰੱਕੀਆਂ ਲੈਣ ਲਈ ਇੱਕ ਨਿਰਦੋਸ਼ ਸਿੱਖ ਨੌਜਵਾਨ ਦਾ ਕਤਲ ਕਰਨ ਵਾਲੇ ਚਾਰ ਪੁਲਿਸ ਅਧਿਕਾਰੀਆਂ ਨੂੰ ਮੁਆਫੀ ਦਿੱਤੇ ਜਾਣ ਦੀ ਸਿਫਾਰਿਸ਼ ਉਹਨਾਂ ਨੇ ਕੀਤੀ ਸੀ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਮੇਰੇ ਖ਼ਿਲਾਫ ਅਜਿਹੇ ਝੂਠ ਫੈਲਾਉਣਾ ਇੱਕ ਬਹੁਤ ਹੀ ਘਿਨੌਣੀ ਹਰਕਤ ਹੈ। ਉਹਨਾਂ ਕਿਹਾ ਕਿ ਇਹਨਾਂ ਚਾਰੇ ਪੁਲਿਸ ਅਧਿਕਾਰੀਆਂ ਨੂੰ ਮੁਆਫੀ ਦੇਣ ਸੰਬੰਧੀ ਤਿਆਰ ਕੀਤੇ ਕੇਸ ਦੀ ਫਾਇਲ ਕਿਸੇ ਵੀ ਰੂਪ ਵਿਚ ਮੇਰੇ ਕੋਲ ਨਹੀਂ ਸੀ ਪੁੱੁਜੀ। ਉਹਨਾਂ ਕਿਹਾ ਕਿ ਮੈਂ ਇਹ ਸਪੱਸ਼ਟ ਕਰਨਾ ਚਾਹਾਂਗਾ ਕਿ ਅਜਿਹੀ ਕਿਸੇ ਫਾਇਲ ਉੱਤੇ ਮੇਰੇ ਵੱਲੋਂ ਦਸਤਖ਼ਤ ਕਰਨ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ।
ਅਕਾਲੀ ਦਲ ਪ੍ਰਧਾਨ ਨੇ ਇਸ ਮੁੱਦੇ ਉੱਤੇ ਸਰਕਾਰ ਨੂੰ ਆਪਣਾ ਪੱਖ ਸਪੱਸ਼ਟ ਕਰਨ ਅਤੇ ਸਾਰੇ ਤੱਥ ਲੋਕਾਂ ਸਾਹਮਣੇ ਰੱਖਣ ਲਈ ਆਖਿਆ। ਉਹਨਾਂ ਕਿਹਾ ਕਿ ਇਹ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਕਿ ਕਿਸਦੇ ਕਾਰਜਕਾਲ ਦੌਰਾਨ ਫਾਇਲ ਰਾਜਪਾਲ ਕੋਲ ਭੇਜੀ ਸੀ ਅਤੇ ਕਿਸਦੇ ਕਾਰਜਕਾਲ ਦੌਰਾਨ ਕਾਤਿਲ ਪੁਲਿਸ ਅਧਿਕਾਰੀਆਂ ਨੂੰ ਮੁਆਫੀ ਦੇਣ ਵਾਲੇ ਹੁਕਮ ਨੂੰ ਲਾਗੂ ਕੀਤਾ ਸੀ।