ਬਠਿੰਡਾ/02 ਮਈ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਦੇਸ਼ ਲਈ ਅਨਾਜ ਦਾ ਭੰਡਾਰ ਸੱਦੇ ਜਾਣ ਵਾਲੇ ਪੰਜਾਬ ਦੀ ਸੂਬਾ ਸਰਕਾਰ ਨੇ ਇੰਨੀ ਅਣਦੇਖੀ ਕਰ ਦਿੱਤੀ ਹੈ ਕਿ ਆਰਥਿਕ ਸੰਕਟ ਤੋਂ ਦੁਖੀ ਹੋਏ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਨ।
ਇੱਥੇ ਕਿਸਾਨਾਂ ਪ੍ਰਤੀ ਕਾਂਗਰਸ ਸਰਕਾਰ ਦੇ ਲਾਪਰਵਾਹ ਵਤੀਰੇ ਦੀ ਸਖ਼ਤ ਨਿਖੇਧੀ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਖੇਤੀਬਾੜੀ ਇਸ ਸੂਬੇ ਦੀ ਰੀੜ੍ਹ ਦੀ ਹੱਡੀ ਹੈ। ਪਰ ਕਾਂਗਰਸ ਸਰਕਾਰ ਨੇ ਕਿਸਾਨਾਂ ਦੀ ਹਾਲਤ ਇੰਨੀ ਮਾੜੀ ਕਰ ਦਿੱਤੀ ਹੈ ਕਿ ਉਹ ਮਰਨ ਕੰਢੇ ਪਹੁੰਚੇ ਇੱਕ ਹਾਰੀ ਹੋਈ ਜੰਗ ਲੜ ਰਹੇ ਹਨ। ਦੂਜੇ ਪਾਸੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਗੂੜ੍ਹੀ ਨੀਂਦ ਸੁੱਤੇ ਪਏ ਹਨ।
ਮੰਡੀਆਂ ਵਿਚ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਲਈ ਕਾਂਗਰਸ ਸਰਕਾਰ ਨੂੰ ਕੋਸਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਅਤੇ ਸੁਸਤ ਰਫਤਾਰ ਨਾਲ ਕੀਤੀ ਜਾ ਰਹੀ ਕਣਕ ਦੀ ਖਰੀਦ ਕਾਰਣ ਕਿਸਾਨਾਂ ਨੂੰ ਹਫਤਿਆਂ ਬੱਧੀ ਮੰਡੀਆਂ ਵਿਚ ਰੁਲਣਾ ਪੈ ਰਿਹਾ ਹੈ।
ਸਾਬਕਾ ਮੰਤਰੀ ਨੇ ਕਿਹਾ ਕਿ ਜੇਕਰ ਸੂਬੇ ਦੀ ਆਰਥਿਕ ਹਾਲਤ ਇਸੇ ਤਰ੍ਹਾਂ ਨਿੱਘਰਦੀ ਗਈ ਤਾਂ ਹਰ ਪਾਸੇ ਅਰਾਜਕਤਾ ਫੈਲ ਸਕਦੀ ਹੈ। ਉਹਨਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਸੂਬੇ ਨੂੰ ਤਬਾਹ ਕਰਨ ਉਤੇ ਤੁਲਿਆ ਹੈ। ਉਸ ਨੇ ਗਰੀਬ ਵਿਦਿਆਰਥੀਆਂ ਦੇ 800 ਸਕੂਲਾਂ ਦੇ ਬੰਦ ਕਰ ਦਿੱਤਾ ਹੈ। ਬੱਚਿਆਂ ਨੂੰ ਸਰਦੀਆਂ ਵਿਚ ਵਰਦੀਆਂ ਨਹੀਂ ਦਿੱਤੀਆਂ ਗਈਆਂ ਅਤੇ ਹੁਣ ਜਦੋਂ ਮੌਸਮ ਲੰਘ ਜਾਣ ਮਗਰੋਂ ਵਰਦੀਆਂ ਵੰਡੀਆਂ ਹਨ ਤਾਂ ਉਸ ਵਿਚ 65 ਹਜ਼ਾਰ ਕਰੋੜ ਰੁਪਏ ਘੁਟਾਲਾ ਕੀਤਾ ਗਿਆ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਅਮਰਿੰਦਰ ਸਿੰਘ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨੂੰ ਇਸ ਤੱਥ ਵਿਚੋ ਵੇਖਿਆ ਜਾ ਸਕਦਾ ਹੈ ਕਿ ਸੂਬੇ ਦੇ ਲੋਕਾਂ ਨੂੰ ਪੂਰੇ ਦੇਸ਼ ਨਾਲੋਂ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ। ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਨਹੀਂ ਦਿੱਤੇ ਗਏ। ਸਰਕਾਰ ਵੱਲੋਂ ਦਲਿਤ ਵਿਦਿਆਰਥੀਆਂ ਪ੍ਰਤੀ ਵਿਖਾਈ ਸੰਵੇਦਨਹੀਣਤਾ ਕਰਕੇ ਉਹਨਾਂ ਦਾ ਅਕਾਦਮਿਕ ਵਰ੍ਹਾ ਖਰਾਬ ਹੋ ਗਿਆ ਹੈ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਆਪਣੇ ਮੈਨੀਫੈਸਟੋ ਵਿਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਲਈ ਲੋਕ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਇਸ ਨੂੰ ਕਰਾਰਾ ਸਬਕ ਸਿਖਾਉਣਗੇ। ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਦੋ ਸਾਲ ਪਹਿਲਾਂ ਕਾਂਗਰਸ ਨੇ ਸਾਰੇ ਲੋਕਾਂ ਨੂੰ ਖੁਸ਼ਹਾਲੀ ਦਾ ਵਾਅਦਾ ਕਰਕੇ ਠੱਗਿਆ ਸੀ ਪਰ ਸੱਤਾ ਸੰਭਾਲਣ ਮਗਰੋਂ ਇਸ ਨੇ ਵੋਟਰਾਂ ਦੀ ਕੋਈ ਸਾਰ ਨਹੀਂ ਲਈ।