ਚੰਡੀਗੜ੍ਹ, 4 ਮਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਕਿਹਾ ਕਿ ਉਹ ਲੋਕਾਂ ਦੀਆਂ ਆਰਥਿਕ ਚਿੰਤਾਵਾਂ ਵੇਖਦਿਆਂ ਦੁਕਾਨਾਂ ਦੇ ਖੁੱਲ੍ਹਣ ਦਾ ਸਮਾਂ ਵਧਾਵੇ ਅਤੇ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦੇਵੇ ਤੇ ਪਾਰਟੀ ਨੇ ਨਾਲ ਹੀ ਕਿਹਾ ਕਿ ਨਾਲ ਹੀ ਭੀੜ ਜੁਟਣ ਤੋਂ ਰੋਕਣ ਲਈ ਪਾਬੰਦੀਆਂ ਵਾਲੇ ਹੁਕਮ ਵੀ ਜਾਰੀ ਕੀਤੇ ਜਾ ਸਕਦੇ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਨੂੰ ਬਜ਼ਾਰਾਂ ਵਿਚ ਭੀੜ ਇਕੱਤਰ ਨਾ ਹੋਣੀ ਯਕੀਨੀ ਬਣਾਉਣ ਲਈ ਤੁਰੰਤ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਪਰ ਨਾਲ ਹੀ ਸਾਰੀਆਂ ਦੁਕਾਨਾਂ ਨੁੰ ਨਿਯੰਤ੍ਰਿਤ ਤਰੀਕੇ ਨਾਲ ਖੁੱਲ੍ਹਣ ਦੀ ਆਗਿਆ ਦੇਣੀ ਚਾਹੀਦੀ ਹੈ। ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਉਹ ਤਰਕ ਨਾਲ ਕੰਮ ਕਰੇ ਤੇ ਫਾਰਮ ਹਾਊਸ ਵਿਚ ਬੈਠ ਕੇ ਲੋਕਾਂ ਦੀ ਆਰਥਿਕ ਸਥਿਤੀ ਵੇਖੇ ਬਿਨਾਂ ਫਰਮਾਨ ਜਾਰੀ ਨਾ ਕਰੇ।
ਡਾ. ਚੀਮਾ ਨੇ ਇਹ ਵੀ ਕਿਹਾ ਕਿ ਕੋਰੋਨਾ ਹਾਲਾਤ ਆਮ ਵਰਗੇ ਹੋਣ ਅਤੇ ਅਰਥਚਾਰਾ ਮੁੜ ਲੀਹ ’ਤੇ ਪੈਣ ਤੱਕ ਟਰਾਂਸਪੋਰਟ ਸੈਕਟਰ ਲਈ ਸਾਰੇ ਟੈਕਸ ਮੁਆਫ ਕੀਤੇ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੂਬਾ ਸਰਕਾਰ ਨੇ ਟਰਾਂਸਪੋਰਟ ਸੈਕਟਰ ਨੁੰ ਕੋਈ ਰਾਹਤ ਪੈਕੇਜ ਨਹੀਂ ਦਿੱਤਾ। ਉਹਨਾਂ ਕਿਹਾ ਕਿ ਘੱਟੋ ਘੱਟ ਸਰਕਾਰ ਇਸ ਸੈਕਟਰ ਲਈ ਟੈਕਸ ਤਾਂ ਮੁਆਫ ਕਰੇ। ਉਹਨਾਂ ਕਿਹਾ ਕਿ ਸਕੂਲ ਬੱਸਾਂ ਵੀ ਇਕ ਸਾਲ ਤੋਂ ਵਿਹਲੀਆਂ ਖੜ੍ਹੀਆਂ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਆਟੋ ਤੇ ਟੈਕਸੀ ਅਪਰੇਟਰਾਂ ਦਾ ਹਾਲ ਹੈ। ਉਹਨਾਂ ਕਿਹਾ ਕਿ ਟਰੱਕ ਅੰਸ਼ਕ ਤੌਰ ’ਤੇ ਕੰਮ ਕਰ ਰਹੇ ਹਨ ਪਰ ਪਹਿਲਾਂ ਹੀ ਡੀਜ਼ਲ ਰੇਟਾਂ ਵਿਚ ਵਾਧੇ ਦੀ ਮਾਰ ਝੱਲ ਰਹੇ ਹਨ।
ਅਕਾਲੀ ਆਗੂ ਨੇ ਕਾਂਗਰਸ ਸਰਕਾਰ ਵੱਲੋਂ ਛੋਟੀਆਂ ਮੰਡੀਆਂ ਵਿਚ ਖਰੀਦ ਬੰਦ ਕਰਨ ਦਾ ਮਾੜੀ ਸਲਾਹ ਵਾਲਾ ਫੈਸਲਾ ਲੈਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੁੰ ਆਪਣੀ ਜਿਣਸ ਘਰਾਂ ਵਿਚ ਰੱਖਣ ਦੀ ਸਲਾਹ ਦਿੱਤੀ ਹੈ ਕਿਉਂਕਿ ਉਸ ਕੋਲ ਬਾਰਦਾਨੇ ਦੀ ਘਾਟ ਹੈ ਤੇ ਲਿਫਟਿੰਗ ਵੀ ਸੁਸਤ ਰਫਤਾਰ ਹੋ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਹੁਣ ਹਦਾਇਤ ਦੇ ਦਿੱਤੀ ਹੈ ਕਿ ਛੋਟੀਆਂ ਤੇ ਕੱਚੀਆਂ ਮੰਡੀਆਂ ਵਿਚੋਂ ਸਿੱਧੀ ਖਰੀਦ ਬੰਦ ਕਰ ਦਿੱਤੀ ਜਾਵੇ। ਉਹਨਾਂ ਕਿਹਾ ਕਿ ਇਸ ਨਾਲ ਅਨਾਜ ਮੰਡੀਆਂ ਵਿਚ ਭੀੜ ਉਸ ਵੇਲੇ ਵਧੇਗੀ ਜਦੋਂ ਸਰਕਾਰ ਸੂਬੇ ਵਿਚ ਅੰਸ਼ਕ ਲਾਕ ਡਾਊਨ ਲਾਗੂ ਕਰ ਰਹੀ ਹੈ।