ਬਠਿੰਡਾ/07 ਮਈ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਚੋਣਾਂ ਤੋਂ ਬਾਅਦ ਥਰਮਲ ਪਲਾਂਟ ਦੀਆਂ ਸ਼ਾਨਦਾਰ ਚਿਮਨੀਆਂ ਨੂੰ ਤੋੜਣ ਅਤੇ ਖੇਤੀ ਟਿਊਬਵੈਲਾਂ ਉੱਤੇ ਬਿਜਲੀ ਦੇ ਬਿਲ ਲਾਉਣ ਦੀ ਤਿਆਰੀ ਖਿੱਚੀ ਬੈਠੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆਂ ਚਾਰੇ ਵੱਡੀਆਂ ਚਿਮਨੀਆਂ ਨੂੰ ਤੋੜਣ ਲਈ ਅਗਲੇ ਮਹੀਨੇ ਕਾਂਗਰਸ ਸਰਕਾਰ ਇੱਕ ਟੈਂਡਰ ਲੈ ਕੇ ਆ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਸੱਤਾ ਸੰਭਾਲਦੇ ਹੀ ਕੈਪਟਨ ਸਰਕਾਰ ਨੇ ਇਸ ਥਰਮਲ ਪਲਾਂਟ ਨੂੰ ਜਬਰਦਸਤੀ ਬੰਦ ਕਰ ਦਿੱਤਾ ਸੀ।
ਬੀਬੀ ਬਾਦਲ ਨੇ ਕਿਹਾ ਕਿ ਇਹ ਚਿਮਨੀਆਂ ਬਠਿੰਡਾ ਸ਼ਹਿਰ ਦੀ ਖਾਸ ਪਹਿਚਾਣ ਹਨ ਅਤੇ ਸ਼ਹਿਰ ਵਾਸੀ ਨਹੀਂ ਚਾਹੁੰਦੇ ਕਿ ਇਹਨਾਂ ਚਿਮਨੀਆਂ ਨੂੰ ਤੋੜਿਆ ਜਾਵੇ। ਉਹਨਾਂ ਕਿਹਾ ਕਿ ਬਹੁਤ ਅਫਸੋਸ ਦੀ ਗੱਲ ਹੈ ਕਿ ਇਸ ਸਮੁੱਚੇ ਕੰਪਲੈਕਸ ਨੂੰ ਇਸ ਦੀਆਂ ਝੀਲਾਂ ਸਮੇਤ ਇੱਕ ਸੈਰ ਸਪਾਟੇ ਦਾ ਕੇਂਦਰ ਬਣਾਉਣ ਦੀ ਥਾਂ ਕਾਂਗਰਸ ਸਰਕਾਰ ਇਸ ਥਰਮਲ ਪਲਾਂਟ ਦੀ ਜ਼ਮੀਨ ਮਹਿੰਗੇ ਭਾਅ ਵੇਚਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਇਸ ਕਦਮ ਉਹ ਡਟ ਕੇ ਵਿਰੋਧ ਕਰਨਗੇ ਅਤੇ ਯਕੀਨੀ ਬਣਾਉਣਗੇ ਕਿ ਬਠਿੰਡਾ ਦੀ ਸ਼ਾਨ ਸਮਝੀਆਂ ਜਾਂਦੀਆਂ ਇਹਨਾਂ ਚਿਮਨੀਆਂ ਨੂੰ ਕਿਸੇ ਵੀ ਸੂਰਤ ਵਿਚ ਨਾ ਤੋੜਿਆ ਜਾਵੇ।
ਬਠਿੰਡਾ ਸਾਂਸਦ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਕਿਹਾ ਕਿ ਉਹ ਜੁਆਬ ਦੇਣ ਕਿ ਬਠਿੰਡਾ ਦੀ ਸ਼ਾਨ ਇਹਨਾਂ ਚਿਮਨੀਆਂ ਨੂੰ ਕਿਉਂ ਤੋੜਿਆ ਜਾ ਰਿਹਾ ਹੈ?ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਰੋਸਾ ਦਿਵਾਇਆ ਸੀ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਆਧੁਨਿਕ ਬਣਾ ਦਿੱਤੇ ਗਏ ਥਰਮਲ ਪਲਾਂਟ ਨੂੰ ਬੰਦ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪਰੰਤੂ ਕਾਂਗਰਸ ਸਰਕਾਰ ਦੇ ਸੱਤਾ ਵਿਚ ਆਉਂਦੇ ਹੀ ਮਨਪ੍ਰੀਤ ਬਾਦਲ ਨੇ ਇਸ ਥਰਮਲ ਪਲਾਂਟ ਨੂੰ ਬੰਦ ਕਰਵਾਉਣ ਵਾਲੀ ਮੁਹਿੰਮ ਦੀ ਅਗਵਾਈ ਕੀਤੀ ਸੀ। ਹੁਣ ਸਰਕਾਰ ਇਹਨਾਂ ਸ਼ਾਨਾਦਾਰ ਚਿਮਨੀਆਂ ਨੂੰ ਤੋੜਣ ਜਾ ਰਹੀ ਹੈ। ਇਹ ਬਹੁਤ ਹੀ ਨਿੰਦਣਯੋਗ ਫੈਸਲਾ ਹੈ, ਅਸੀਂ ਇਸ ਦਾ ਡਟ ਕੇ ਵਿਰੋਧ ਕਰਾਂਗੇ।
ਬੀਬੀ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਸਰਕਾਰ ਪਰਕਾਸ਼ ਸਿੰਘ ਬਾਦਲ ਦੁਆਰਾ ਕਿਸਾਨਾਂ ਨੂੰ ਦਿੱਤੀ ਮੁਫਤ ਬਿਜਲੀ ਦੀ ਸਹੂਲਤ ਵੀ ਖ਼ਤਮ ਕਰਨ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਟਿਊਬਵੈਲਾਂ ਉੱਤੇ ਮੀਟਰ ਲਗਾ ਦਿੱਤੇ ਸਨ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਸਰਕਾਰ ਮੁਫਤ ਬਿਜਲੀ ਦੀ ਸਹੂਲਤ ਖਤਮ ਕਰਨ ਦਾ ਇਰਾਦਾ ਰੱਖਦੀ ਹੈ। ਉਹਨਾਂ ਕਿਹਾ ਕਿ ਇਹ ਕਦਮ ਪੰਜਾਬ ਵਿਚ ਖੇਤੀ ਦੀ ਅਰਥ ਵਿਵਸਥਾ ਨੂੰ ਤਬਾਹ ਕਰ ਦੇਵੇਗਾ।
ਬੀਬੀ ਬਾਦਲ ਨੇ ਕਿਸਾਨਾਂ ਨੂੰ ਸਰਕਾਰ ਦੇ ਇਸ ਕਦਮ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਅਕਾਲੀ ਦਲ ਇਸ ਕਿਸਾਨ-ਵਿਰੋਧੀ ਕਦਮ ਨੂੰ ਲਾਗੂ ਕੀਤੇ ਜਾਣ ਤੋਂ ਰੋਕਣ ਲਈ ਆਪਣੀ ਪੂਰੀ ਵਾਹ ਲਾ ਦੇਵੇਗਾ।