ਚੰਡੀਗੜ੍ਹ, 14 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਸਰਕਾਰ ਬਰਗਾੜੀ ਵਿਚ ਬੇਅਦਬੀ ਦੇ ਮਾਮਲੇ ਵਿਚ ਸਾਜ਼ਿਸ਼ ਰਚਣ ਲਈ ਜ਼ਿੰਮੇਵਾਰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਜਾਣ ਬੁੱਝ ਕੇ ਕਾਰਵਾਈ ਨਹੀਂ ਕਰ ਰਹੀ ਤਾਂ ਜੋ ਬਦਲੇ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਡੇਰਾ ਕਾਂਗਰਸ ਦੀ ਮਦਦ ਕਰੇਗਾ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਗਾਂਧੀ ਪਰਿਵਾਰ ਵੱਲੋਂ ਡੇਰਾ ਮੁਖੀ ਨਾਲ ਕਾਂਗਰਸ ਪਾਰਟੀ ਦੀ ਹਮਾਇਤ ਕਰਨ ਲਈ ਕੀਤੀ ਸੌਦੇਬਾਜ਼ੀ ਵਜੋਂ ਰਾਹਤ ਦਿੱਤੀ ਗਈ।
ਸਰਦਾਰ ਵਲਟੋਹਾ ਨੇ ਕਿਹਾ ਕਿ ਇਹ ਬਹੁਤ ਹੀ ਨਿਖੇਧੀਯੋਗ ਗੱਲ ਹੈ ਕਿ ਗੁਰਮੀਤ ਰਾਮ ਰਹੀਮ ਨੁੰ ਬੇਅਦਬੀ ਕੇਸ ਐਫ ਆਈਆਰ ਨੰਬਰ 128 ਵਿਚ ਮੁਲਜ਼ਮ ਵਜੋਂ ਨਾਮਜ਼ਦ ਨਹੀਂ ਕੀਤਾ ਗਿਆ ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਚੋਰੀ ਦੀ ਸਾਜ਼ਿਸ਼ (ਐਫ ਆਈ ਆਰ ਨੰਬਰ 63) ਵਿਚ ਉਸਦੀ ਸ਼ਮੂਲੀਅਤ ਸਾਬਤ ਹੋ ਗਈ ਸੀ। ਉਹਨਾਂ ਕਿਹਾ ਕਿ ਕਿਉਂਕਿ ਦੋਹੇਂ ਕੇਸ ਆਪਸ ਵਿਚ ਜੁੜੇ ਹਨ ਇਸ ਲਈ ਡੇਰਾ ਮੁਖੀ ਨੂੰ ਐਫ ਆਈ ਨੰਬਰ 128 ਵਿਚ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਜਾਣਾ ਚਾਹੀਦਾ ਹੈ।
ਸਰਦਾਰ ਵਲਟੋਹਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ 2017 ਰਣਜੀਤ ਸਿੰਘ ਕਮਿਸ਼ਨ ਰਾਹੀਂ ਬੇਅਬਦੀ ਘਟਨਾ ਨੁੰ ਸਿਰਫ ਛੇ ਡੇਰਾ ਸਮਰਥਕਾ ਤੱਕ ਸੀਮਤ ਕਰ ਕੇ ਗੁਰਮੀਤ ਰਾਮ ਰਹੀਮ ਨੂੰ ਬਚਾਉਣ ਦਾ ਨੀਂਹ ਪੱਥਰ ਰੱਖਿਆ ਸੀ। ਉਹਨਾਂ ਕਿਹਾ ਕਿ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਇਹ ਘਟਨਾ ਸਿਰਫ ਕੋਟਕਪੁਰਾ ਤੱਕ ਸੀਮਤ ਸੀ ਤੇ ਛੇ ਡੇਰਾ ਪ੍ਰੇਮੀਆਂ ਨੇ ਹੀ ਇਸਦੀ ਯੋਜਨਾ ਘੜੀ ਤੇ ਸਿਰੇ ਚੜ੍ਹਾਇਆ। ਉਹਨਾਂ ਕਿਹਾ ਕਿ ਇਸਦਾ ਨੀਂਹ ਪੱਥਰ ਸਿਰਸਾ ਡੇਰੇ ਤੇ ਗੁਰਮੀਤ ਰਾਮ ਰਹੀਮ ਤੱਕ ਜਾਂਦੇ ਸਾਰੇ ਰਾਹ ਬੰਦ ਕਰਨ ਵਾਸਤੇ ਰੱਖਿਆ ਗਿਆ। ਉਹਨਾਂ ਕਿਹਾ ਕਿ ਐਸ ਆਈ ਟੀ, ਜਿਸਨੇ ਕੇਸ ਵਿਚ ਹੁਣ ਚਲਾਨ ਪੇਸ਼ ਕੀਤਾ ਹੈ, ਕਾਂਗਰਸ ਸਰਕਾਰ ਦੀ ਯੋਜਨਾ ’ਤੇ ਚਲ ਰਹੀ ਹੈ ਤੇ ਸਰਕਾਰ ਦੇ ਦਬਾਅ ਹੇਠ ਡੇਰਾ ਸਿਰਸਾ ਮੁਖੀ ਨੂੰ ਕੇਸ ਵਿਚੋਂ ਬਾਹਰ ਕੱਢ ਦਿੱਤਾ ਹੈ।
ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਦਾ ਸਿਆਸੀਕਰਨ ਕਰਨ ਦੀ ਨਿਖੇਧੀ ਕਰਦਿਆਂ ਸਰਦਾਰ ਵਲਟੋਹਾ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਕੇਸ ਵਿਚ ਡੇਰਾ ਮੁਖੀ ਤੋਂ ਪੁੱਛ ਗਿੱਛ ਕਰਨ ਦੀ ਆਗਿਆ ਮਿਲ ਗਈ ਪਰ ਇਸਨੇ ਪੁੱਛ ਗਿੱਛ ਨਹੀਂ ਕੀਤੀ। ਉਹਨਾਂ ਕਿਹਾ ਕਿ ਉਹਨਾਂ ਤਿੰਨ ਡੇਰਾ ਪ੍ਰੇਮੀਆਂ ਨੁੰ ਫੜਨ ਦਾ ਯਤਨ ਨਹੀਂ ਕੀਤਾ ਗਿਆ ਜਿਹਨਾਂ ਨੁੰ ਬੇਅਦਬੀ ਕੇਸ ਵਿਚ ਭਗੌੜੇ ਕਰਾਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸਦੇ ਬਾਵਜੂਦ ਵਿਰੋਧੀ ਡੇਰਾ ਧੜਿਆਂ ਨੇ ਦੱਸਿਅ ਹੈ ਕਿ ਤਿੰਨੋਂ ਮੁਲਜ਼ਮ ਹਰਸ਼ ਧੂਰੀ, ਸੰਦੀਪ ਬਰੇਟਾ ਤੇ ਪ੍ਰਦੀਪ ਕਲੇਰ ਹਾਲੇ ਤੱਕ ਡੇਰੇ ਨਾਲ ਜੁੜੇ ਹੋਏ ਹਨ।
ਅਕਾਲੀ ਦਲ ਦੇ ਸੀਨੀਅਰ ਆਗੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ 2017 ਦੇ ਮੌੜ ਬੰਬ ਧਮਾਕੇ ਦੇ ਕੇਸ ਵਿਚ ਵੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨੇ ਮੌੜ ਧਮਾਕੇ, ਜਿਸ ਵਿਚ ਪੰਜ ਬੱਚਿਆਂ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਸੀ, ਵਿਚ ਵਰਤੇ ਬੰਬ ਦੇ ਮਾਮਲੇ ਵਿਚ ਕਿਹਾ ਸੀ ਕਿ ਇਹ ਬੰਬ ਸਿਰਸਾ ਡੇਰਾ ਵਿਚ ਤਿਆਰ ਕੀਤਾ ਗਿਆ। ਉਹਨਾਂ ਕਿਹਾ ਕਿ ਧਮਾਕੇ ਦੇ ਪੀੜਤ ਵੀ ਡੇਰਾ ਮੁਖੀ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਰਹੇ ਹਨ ਪਰ ਕਾਂਗਰਸ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਇਹ ਕੇਸ ਠੰਢੇ ਬਸਤੇ ਵਿਚ ਪਾਇਆ ਹੋਇਆ ਹੈ।
ਸਰਦਾਰ ਵਲਟੋਹਾ ਨੇ ਕਿਹਾ ਕਿ ਇਸ ਤੁਸ਼ਟੀਕਰਨ ਤੇ ਡੇਰਾ ਪ੍ਰੇਮੀਆਂ ਦੀ ਵੋਟਾਂ ਲੈਣ ਵਾਸਤੇ ਗੰਢਤੁੱਪ ਕਰਨ ਦੀ ਨੀਤੀ ਦੀ ਥਾਂ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਬੇਅਦਬੀ ਮਾਮਲੇ ਵਿਚ ਬਣਾਈ ਐਸ ਆਈ ਟੀ ਨੇ ਗੁਰਮੀਤ ਰਾਮ ਰਹੀਮ ਨੂੰ ਕੇ ਸ ਵਿਚ ਮੁਲਜ਼ਮ ਬਣਾਇਆ ਸੀ। ਉਹਨਾਂ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਅਕਾਲੀ ਦਲ ਨੇ ਕਦੇ ਵੀ ਡੇਰੇ ਨਾਲ ਸਿਆਸੀ ਸਮਝੌਤਾ ਨਹੀਂਕੀਤਾ। ਉਹਨਾਂ ਕਿਹਾ ਕਿ ਦੂਜੇ ਪਾਸੇ ਕਾਂਗਰਸ ਪਾਰਟੀ ਨੇ ਸਿਰਸਾ ਡੇਰੇ ਨਾਲ ਰਸਮੀ ਸਾਂਝ ਪਾਈ ਤੇ ਡੇਰੇ ਨੇ 2007 ਅਤੇ 2012 ਦੀਆਂ ਚੋਣਾਂ ਵਿਚ ਕਾਂਗਰਸ ਦੀ ਹਮਾਇਤ ਦਾ ਸਿੱਧੇ ਤੌਰ ’ਤੇ ਐਲਾਨ ਕੀਤਾ।