ਚੰਡੀਗੜ•/29 ਮਾਰਚ:ਸਾਬਕਾ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਅੱਜ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਉੱਤੇ ਸੱਚਾਈ ਤੋਂ ਕੋਰੇ ਅਤੇ ਗੈਰਜ਼ਿੰਮੇਵਾਰ ਬਿਆਨ ਦੇਣ ਲਈ ਸਖ਼ਤ ਝਾੜ ਪਾਉਂਦਿਆਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਆਪਣੇ ਮੈਨੀਫੈਸਟੋ ਨੂੰ ਪੂਰੀ ਸੂਝ-ਬੂਝ ਨਾਲ ਤਿਆਰ ਕੀਤਾ ਹੈ ਅਤੇ ਫਿਰ ਇਸ ਨੂੰ ਇੰਨ-ਬਿੰਨ ਲਾਗੂ ਵੀ ਕੀਤਾ ਹੈ।
ਜਾਖੜ ਨੇ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪਰਕਾਸ਼ ਸਿੰਘ ਬਾਦਲ ਦੇ ਇਸ ਬਿਆਨ ਦਾ ਵਿਰੋਧ ਕੀਤਾ ਸੀ ਕਿ ਸਿਆਸੀ ਪਾਰਟੀਆਂ ਨੂੰ ਸੱਤਾ ਵਿਚ ਆਉਣ ਮਗਰੋਂ ਮੈਨੀਫੈਸਟੋ ਲਾਗੂ ਕਰਨ ਲਈ ਕਾਨੂੰਨੀ ਤੌਰ ਤੇ ਪਾਬੰਦ ਬਣਾਇਆ ਜਾਣਾ ਚਾਹੀਦਾ ਹੈ। ਜਾਖੜ ਨੇ ਕਿਹਾ ਸੀ ਕਿ ਸਰਦਾਰ ਬਾਦਲ ਨੇ ਇਹ ਬਿਆਨ ਦੇਰੀ ਨਾਲ ਦਿੱਤਾ ਹੈ, ਉਹਨਾਂ ਨੂੰ ਅਕਾਲੀ ਦਲ ਦਾ ਮੈਨੀਫੈਸਟੋ ਲਾਗੂ ਕਰਨਾ ਚਾਹੀਦਾ ਸੀ।
ਜਾਖੜ ਦੇ ਮਸ਼ਵਰੇ ਨੂੰ ਨਕਾਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਸਰਦਾਰ ਬਾਦਲ ਨੇ 1997 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਮੈਨੀਫੈਸਟੋ ਵਿਚ ਕਿਸਾਨਾਂ ਨੂੰ ਮੁਫਤ ਬਿਜਲੀ ਅਤੇ ਦਲਿਤ ਲੜਕੀਆਂ ਨੂੰ ਸ਼ਗਨ ਸਕੀਮ ਦੇਣ ਦਾ ਵਾਅਦਾ ਕੀਤਾ ਸੀ ਅਤੇ ਇਹ ਦੋਵੇਂ ਵਾਅਦੇ ਸੱਤਾ 'ਚ ਆਉਣ ਤੋਂ ਮਹਿਜ਼ ਇੱਕ ਮਹੀਨੇ ਅੰਦਰ ਪੂਰੇ ਕਰ ਦਿੱਤੇ ਸਨ। ਉਹਨਾਂ ਨੇ ਵਿੱਤੀ ਮੁਸ਼ਕਿਲਾਂ ਦੀ ਵੀ ਪਰਵਾਹ ਨਹੀਂ ਸੀ ਕੀਤੀ ਜਦਕਿ ਕਾਂਗਰਸ ਪਾਰਟੀ ਸੂਬੇ ਦਾ ਖਜ਼ਾਨਾ ਬਿਲਕੁੱਥਲ ਖਾਲੀ ਛੱਡ ਕੇ ਗਈ ਸੀ।
ਅਕਾਲੀ ਆਗੂ ਨੇ ਅੱਗੇ ਦੱਸਿਆ ਕਿ 10 ਸਾਲ ਬਾਅਦ ਅਕਾਲੀ ਦਲ ਨੇ ਦੁਬਾਰਾ ਗਰੀਬ ਤਬਕਿਆਂ ਲਈ ਰਿਆਇਤੀ ਦਰਾਂ ਉਤੇ ਆਟਾ ਅਤੇ ਦਾਲ ਦੇਣ ਦਾ ਵਾਅਦਾ ਕੀਤਾ ਸੀ ਅਤੇ ਸਰਕਾਰ ਬਣਦੇ ਹੀ ਇਹ ਸਕੀਮ ਲਾਗੂ ਕਰ ਦਿੱਤੀ ਗਈ ਸੀ, ਜੋ ਕਿ 2017 ਤਕ ਅਕਾਲੀ ਦਲ ਦੇ ਸੱਤਾ ਵਿਚ ਰਹਿਣ ਤਕ ਲਾਗੂ ਰਹੀ ਸੀ।
ਉਹਨਾਂ ਕਿਹਾ ਕਿ ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਨੇ ਵੀ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਆਪਣੇ ਮੈਨੀਫੈਸਟੋ ਵਿਚ ਰਿਆਇਤਾਂ ਦਰਾਂ ਉਤੇ ਗਰੀਬਾਂ ਤਬਕਿਆਂ ਨੂੰ ਆਟਾ ਅਤੇ ਦਾਲ ਤੋਂ ਇਲਾਵਾ ਖਾਣਾ ਪਕਾਉਣ ਵਾਲਾ ਤੇਲ ਦੇਣ ਦਾ ਵੀ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਖਾਣਾ ਪਕਾਉਣ ਵਾਲਾ ਤੇਲ ਦੇਣਾ ਤਾਂ ਕੀ ਸ਼ੁਰੂ ਕਰਨਾ ਸੀ, ਇਸ ਨੇ ਗਰੀਬਾਂ ਨੂੰ ਆਟਾ ਅਤੇ ਦਾਲ ਦੇਣੀ ਵੀ ਬੰਦ ਕਰ ਦਿੱਤੀ। ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਨੇ ਹਮੇਸ਼ਾਂ ਇਹ ਯਕੀਨੀ ਬਣਾਇਆ ਹੈ ਕਿ ਚੋਣ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ,ਭਾਵੇਂ ਇਹ ਗੱਲ ਕਾਨੂੰਨੀ ਤੌਰ ਤੇ ਲਾਜ਼ਮੀ ਹੋਵੇ ਜਾਂ ਨਾ ਹੋਵੇ। ਸਰਦਾਰ ਬਾਦਲ ਨੇ ਮੈਨੀਫੈਸਟੋ ਲਈ ਪਾਰਟੀਆਂ ਨੂੰ ਕਾਨੂੰਨੀ ਤੌਰ ਪਾਬੰਦ ਬਣਾਉਣ ਦੀ ਮੰਗ ਇਸ ਲਈ ਕੀਤੀ ਹੈ, ਕਿਉਂਕਿ ਇਸ ਮਾਮਲੇ ਵਿਚ ਕਾਂਗਰਸ ਦਾ ਰਿਕਾਰਡ ਬਹੁਤ ਹੀ ਮਾੜਾ ਹੈ। ਇਹ ਸੱਤਾ ਵਿਚ ਆਉਦੇਂ ਹੀ ਆਪਣੇ ਸਾਰੇ ਵਾਅਦੇ ਭੁੱਲ ਜਾਂਦੀ ਹੈ।
ਸਰਦਾਰ ਚੀਮਾ ਨੇ ਕਿਹਾ ਕਿ ਕਾਂਗਰਸ ਹੁਣ ਇਸ ਲਈ ਅਜੀਬੋ-ਗਰੀਬ ਵਾਅਦੇ ਕਰ ਰਹੀ ਹੈ, ਕਿਉਂਕਿ ਇਹ ਗੱਲ ਸਾਫ ਦਿਸਦੀ ਹੈ ਕਿ ਇਸ ਦੀ ਕੇਂਦਰ ਵਿਚ ਸਰਕਾਰ ਬਣਾਉਣ ਦੀ ਕੋਈ ਉਮੀਦ ਹੀ ਨਹੀਂ ਹੈ, ਇਸ ਲਈ ਇਸ ਨੂੰ ਵਾਅਦੇ ਪੂਰੇ ਕਰਨ ਲਈ ਕਿਹਾ ਜਾਵੇਗਾ।