ਡਾਕਟਰ ਚੀਮਾ ਨੇ ਕਿਹਾ ਕਿ ਕੱਢੇ ਹੋਏ ਆਗੂਆਂ ਨੇ ਤਾਰੀਕ ਬਦਲ ਨੇ ਜਾਣਬੁੱਝ ਕੇ ਸੰਗਰਾਂਦ ਦਾ ਦਿਨ ਚੁਣਿਆ
ਕਿਹਾ ਕਿ ਨਵੀਂ ਜਥੇਬੰਦੀ ਕਾਂਗਰਸ ਦੀ ਕਠਪੁਤਲੀ ਹੈ ਅਤੇ ਇਸ ਨੂੰ ਕਾਂਗਰਸ ਦੇ ਇਸ਼ਾਰੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਣ ਵਾਸਤੇ ਖੜ•ਾ ਕੀਤਾ ਗਿਆ ਹੈ
ਚੰਡੀਗੜ•/16 ਦਸੰਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਨਵੀਂ ਬਣਾਈ 'ਕਾਂਗਰਸ ਦੀ ਬੀ ਟੀਮ ਅਤੇ ਬੇਟਿਆਂ ਦੀ ਪਾਰਟੀ' ਦੀ ਆਪਣੇ ਵਾਸਤੇ ਸ਼ਕਤੀ ਪ੍ਰਦਰਸ਼ਨ ਲਈ ਸੰਗਰਾਦ ਦੇ ਮੌਕੇ ਸ੍ਰੀ ਦਰਬਾਰ ਸਾਹਿਬ ਵਿਚ ਇਕੱਤਰ ਹੋਏ ਹਜ਼ਾਰਾਂ ਸ਼ਰਧਾਲੂਆਂ ਦੀ ਹਾਜ਼ਰੀ ਦੀ ਦੁਰਵਰਤੋਂ ਕਰਨ ਲਈ ਸਖ਼ਤ ਨਿਖੇਧੀ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਰਤਨ ਸਿੰਘ ਅਜਨਾਲਾ ਨੇ ਇਹ ਦਰਸਾ ਕੇ ਘੋਰ ਪਾਪ ਕੀਤਾ ਹੈ ਕਿ ਸੰਗਰਾਂਦ ਦੇ ਪਵਿੱਤਰ ਦਿਹਾੜੇ ਉੱਤੇ ਸ੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀ ਭਰਨ ਲਈ ਇਕੱਤਰ ਹੋਏ ਸ਼ਰਧਾਲੂ ਉਹਨਾਂ ਦੇ ਹਮਾਇਤੀ ਹਨ ਅਤੇ ਅੱਜ ਉਹਨਾਂ ਦਾ ਸਮਰਥਨ ਕਰਨ ਲਈ ਆਏ ਹਨ। ਉਹਨਾਂ ਕਿ ਇਸ ਤੋਂ ਇਲਾਵਾ ਅੱਜ ਐਤਵਾਰ ਹੈ, ਅਜਿਹੇ ਮੌਕਿਆਂ ਉੱਤੇ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤ ਦੀ ਆਮਦ ਦੁੱਗਣੀ ਹੋ ਜਾਂਦੀ ਹੈ। ਇਹਨਾਂ ਤੱਥਾਂ ਦੀ ਰੋਸ਼ਨੀ ਵਿਚ ਘਟੀਆ ਤਰੀਕੇ ਨਾਲ ਸ਼ਰਧਾਲੂਆਂ ਨੂੰ ਸਮਰਥਕਾਂ ਵਜੋਂ ਵਿਖਾਉਣ ਵਾਲੀਆਂ ਤਸਵੀਰਾਂ ਜਾਰੀ ਕਰਨਾ ਸਾਬਿਤ ਕਰਦਾ ਹੈ ਕਿ ਇਸ ਜੁੰਡਲੀ ਲਈ ਕੁੱਝ ਵੀ ਪਵਿੱਤਰ ਨਹੀਂ ਹੈ।
ਇਹ ਟਿੱਪਣੀ ਕਰਦਿਆਂ ਕਿ ਇਹ ਗੱਲ ਹੋਰ ਵੀ ਦੁਖਦਾਈ ਹੈ ਕਿ ਇਸ ਸਭ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ, ਡਾਕਟਰ ਚੀਮਾ ਨੇ ਕਿਹਾ ਕਿ ਇਸ ਨਾਕਾਮ ਅਤੇ ਨਕਾਰੀ ਹੋਈ ਤਿੱਕੜੀ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਆਪਣੀ ਨਵੀਂ ਪਾਰਟੀ ਦੀ ਘੋਸ਼ਣਾ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਵਾਲੇ ਦਿਨ 14 ਦਸੰਬਰ ਨੂੰ ਕਰਨਗੇ। ਉਹਨਾਂ ਕਿਹਾ ਕਿ ਉਸ ਤਾਰੀਕ ਨੂੰ ਬਿਨਾਂ ਕੋਈ ਕਾਰਣ ਦੱਸੇ ਇਕਦਮ ਬਦਲ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਹੁਣ ਸਪੱਸ਼ਟ ਹੋਇਆ ਹੈ ਕਿ ਅਕਾਲੀ ਦਲ ਵਿਚੋਂ ਕੱਢੇ ਜਾਣ ਮਗਰੋਂ ਲੋਕਾਂ ਵੱਲੋਂ ਨਕਾਰੀ ਇਸ ਤਿੱਕੜੀ ਨੇ ਇਹ ਸਕੀਮ ਅਜਿਹਾ ਪ੍ਰਭਾਵ ਦੇਣ ਲਈ ਘੜੀ ਸੀ ਕਿ ਇਹਨਾਂ ਨੂੰ ਪੰਥ ਦੀ ਹਮਾਇਤ ਹਾਸਿਲ ਹੈ।
ਇਹਨਾਂ ਬਾਪੂਆਂ ਅਤੇ ਬੇਟਿਆਂ ਦੇ ਗਰੁੱਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰ ਡਿਓਢੀ ਵਿਚ ਖੜ• ਕੇ ਝੂਠ ਬੋਲਣ ਅਤੇ ਲੋਕਾਂ ਨੂੰ ਧੋਖਾ ਦੇਣ ਤੋਂ ਵਰਜਦਿਆਂ ਅਕਾਲੀ ਆਗੂ ਨੇ ਕਿਹਾ ਕਿ ਅਜਿਹੇ ਹਥਕੰਡਿਆਂ ਨਾਲ ਕਿਸੇ ਨੂੰ ਬੇਵਕੂਫ ਨਹੀਂ ਬਣਾਇਆ ਜਾ ਸਕਦਾ। ਉਹਨਾਂ ਕਿਹਾ ਕਿ ਬ੍ਰਹਮਪੁਰਾ ਐਂਡ ਕੰਪਨੀ ਸਿਰਫ ਆਪਣੇ ਆਪ ਨੂੰ ਬੇਵਕੂਫ ਬਣਾ ਰਹੇ ਹਨ, ਕਿਉਂਕਿ ਲੋਕਾਂ ਉਹਨਾਂ ਦੀ ਖੇਡ ਸਮਝ ਚੁੱਕੇ ਹਨ।ਉਹਨਾਂ ਕਿਹਾ ਕਿ ਇਹ ਤਿੱਕੜੀ ਪਰਿਵਾਰਵਾਦ ਦੀਆਂ ਗੱਲਾਂ ਕਰਦੀ ਸੀ, ਪਰ ਨਵੀਂ ਜਥੇਬੰਦੀ ਵਿਚ ਇਹਨਾਂ ਨੇ ਸਾਰੇ ਅਹਿਮ ਅਹੁਦੇ ਆਪਣੇ ਬੇਟਿਆਂ ਨੂੰ ਦਿੱਤੇ ਹਨ। ਉਹਨਾਂ ਨੇ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਉਹ ਮਾਂ-ਪਾਰਟੀ ਵੱਲੋਂ ਉਹਨਾਂ ਨੂੰ ਦਿੱਤੇ ਮਾਣ-ਸਨਮਾਨ ਨਾਲ ਸਤੁੰਸ਼ਟ ਨਹੀਂ ਸਨ ਅਤੇ ਆਪਣੇ ਪਰਿਵਾਰਾਂ ਦੇ ਹਿੱਤ ਪੂਰਨ ਵਾਸਤੇ ਅਕਾਲੀ ਦਲ ਨੂੰ ਬਲੈਕਮੇਲ ਕਰ ਰਹੇ ਸਨ। ਅਜਿਹਾ ਕਰਦਿਆਂ ਉਹਨਾਂ ਨੇ ਪੰਥ ਨੂੰ ਵੀ ਧੋਖਾ ਦਿੱਤਾ ਹੈ , ਇਸ ਲਈ ਉਹਨਾਂ ਨੂੰ ਪੰਥਕ ਆਗੂ ਕਹਾਉਣ ਦਾ ਕੋਈ ਹੱਕ ਨਹੀਂ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਅੱਜ ਦਾ ਨਵੀਂ ਪਾਰਟੀ ਲਾਂਚ ਕਰਨ ਦਾ ਸਮਾਗਮ ਪੂਰੀ ਤਰ•ਾਂ ਫਲਾਪ ਰਿਹਾ। ਕੋਈ ਵੀ ਅਕਾਲੀ ਦਲ ਵਿਚੋਂ ਕੱਢੀ ਇਸ ਤਿੱਕੜੀ ਨਾਲ ਨਹੀਂ ਰਲਿਆ। ਉਹਨਾਂ ਕਿਹਾ ਕਿ ਬਹੁਤ ਸਾਰੇ ਐਲਾਨ ਕੀਤੇ ਗਏ ਸਨ ਕਿ ਉੱਘੇ ਆਗੂ ਇਹਨਾਂ ਦੀ ਜਥੇਬੰਦੀ ਵਿਚ ਸ਼ਾਮਿਲ ਹੋਣਗੇ, ਪਰ ਉਹ ਸਾਰੇ ਦਾਅਵੇ ਠੁੱਸ ਸਾਬਿਤ ਹੋ ਗਏ ਹਨ।
ਇਹ ਟਿੱਪਣੀ ਕਰਦਿਆਂ ਕਿ ਨਵੀਂ ਲਾਂਚ ਕੀਤੀ ਕਾਂਗਰਸ ਦੀ ਬੀ ਟੀਮ ਅਤੇ ਬੇਟਿਆਂ ਦੀ ਪਾਰਟੀ ਕਾਂਗਰਸ ਪਾਰਟੀ ਦੀ ਕਠਪੁਤਲੀ ਹੈ, ਡਾਕਟਰ ਚੀਮਾ ਨੇ ਕਿਹਾ ਕਿ ਇਹ ਪਾਰਟੀ ਕਾਂਗਰਸ ਦੇ ਇਸ਼ਾਰੇ ਉਤੇ ਬਣਾਈ ਗਈ ਹੈ, ਜਿਸ ਨੂੰ ਅਕਾਲੀ ਦਲ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲੜਣ ਲਈ ਇੱਕ ਫਰੰਟ ਦੀ ਲੋੜ ਸੀ। ਉਹਨਾਂ ਕਿਹਾ ਕਿ ਬ੍ਰਹਮਪੁਰਾ ਅਤੇ ਉਸ ਦੇ ਸਾਥੀਆਂ ਨੇ ਖੁਦ ਨੂੰ ਕਾਂਗਰਸ ਕੋਲ ਵੇਚ ਦਿੱਤਾ ਹੈ ਅਤੇ ਕਾਂਗਰਸ ਨੂੰ ਯਕੀਨ ਦਿਵਾਇਆ ਹੈ ਕਿ ਉਹ ਐਸਜੀਪੀਸੀ ਨੂੰ ਇੰਦਰਾ ਗਾਂਧੀ ਦੀ ਪਾਰਟੀ ਦੀ ਝੋਲੀ ਵਿਚ ਪਾ ਦੇਣਗੇ। ਉਹਨਾਂ ਕਿਹਾ ਕਿ ਪਰ ਉਹਨਾਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਸਿੱਖ ਸੰਗਤ ਅਜਿਹਾ ਕਦੇ ਬਰਦਾਸ਼ਤ ਨਹੀਂ ਕਰੇਗੀ। ਸਿੱਖ ਸੰਗਤ ਨੇ ਹਮੇਸ਼ਾਂ ਕਾਂਗਰਸ ਦੀਆਂ ਆਪਣੇ ਮੋਹਰੇ ਖੜ•ੇ ਕਰਕੇ ਅਕਾਲੀ ਦਲ ਅਤੇ ਸਿੱਖ ਪੰਥ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਬੁਰੀ ਤਰ•ਾਂ ਨਾਕਾਮ ਕੀਤਾ ਹੈ। ਇਹ ਜਥੇਬੰਦੀ ਦਾ ਵੀ ਇਹੋ ਹਸ਼ਰ ਹੋਵੇਗਾ। ਇਸ ਦੇ ਆਗੂ ਜਦੋਂ ਅਗਲੀ ਵਾਰ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਕੋਈ ਸਮਾਗਮ ਰੱਖਣਗੇ ਤਾਂ ਉਹਨਾਂ ਨੂੰ ਆਪਣੀ ਅਸਲੀ ਹਾਲਤ ਦਾ ਗਿਆਨ ਹੋ ਜਾਵੇਗਾ।