ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਖੌਤੀ ਪੰਥਕ ਧਿਰਾਂ ਕਾਂਗਰਸ ਦੀ ਬੀ ਟੀਮ ਹਨ
ਸ੍ਰੀ ਮੁਕਤਸਰ ਸਾਹਿਬ: 14 ਜਨਵਰੀ:ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਕਾਂਗਰਸ ਪਾਰਟੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦੂਜੀ ਸਿੱਖ ਸੰਸਥਾਵਾਂ ਉਤੇ ਕਬਜ਼ਾ ਕਰਨ ਵਾਸਤੇ ਘਟੀਆ ਪਹੁੰਚ ਅਪਣਾਉਣ ਲਈ ਫਟਕਾਰਦਿਆਂ ਕਿਹਾ ਹੈ ਕਿ ਕਾਂਗਰਸ ਆਪਣਾ ਨਾਪਾਕ ਇਰਾਦਾ ਪੂਰਾ ਕਰਨ ਲਈ ਪੰਥ-ਦੋਖੀਆਂ ਨਾਲ ਮਿਲ ਕੇ ਸਿੱਖਾਂ ਵਿਚਕਾਰ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇੱਥੇ ਮਾਘੀ ਮੇਲੇ ਦੇ ਪਵਿੱਤਰ ਦਿਹਾੜੇ ਉੱਤੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮੈਂ ਆਪਣੇ 40 ਸਾਲਾਂ ਦੇ ਸਿਆਸੀ ਜੀਵਨ ਵਿਚ ਇਹੀ ਗੱਲ ਅਨੁਭਵ ਕੀਤੀ ਹੈ ਕਿ ਕਾਂਗਰਸ ਪਾਰਟੀ ਪੰਜਾਬ ਅਤੇ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਉਹਨਾਂ ਕਿਹਾ ਕਿ ਤੁਸੀਂ ਮੋਦੀ ਸਰਕਾਰ ਨਾਲ ਇਸ ਦਾ ਮੁਕਾਬਲਾ ਕਰਕੇ ਖੁਦ ਇਹ ਫਰਕ ਵੇਖ ਸਕਦੇ ਹੋ। ਉਹਨਾਂ ਕਿਹਾ ਕਿ ਇੱਕ ਪਾਸੇ ਕਾਂਗਰਸ ਪਾਰਟੀ ਸਿੱਖਾਂ ਨੂੰ ਇੱਕ ਦੂਜੇ ਖ਼ਿਲਾਫ ਭੜਕਾ ਕੇ ਸਾਡੇ ਗੁਰਧਾਮਾਂ ਉੱਤੇ ਕਰਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਦੂਜੇ ਪਾਸੇ ਮੋਦੀ ਸਰਕਾਰ ਹਰ ਸਿੱਖ ਦੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਬਿਨਾਂ ਰੁਕਾਵਟ ਦਰਸ਼ਨ ਕਰਨ ਦੀ ਚਿਰੋਕਣੀ ਤਾਂਘ ਨੂੰ ਪੂਰਾ ਕਰ ਰਹੀ ਹੈ।
ਸਿੱਖਾਂ ਲਈ ਦੋ ਇਤਿਹਾਸਕ ਅਤੇ ਮਿਸਾਲੀ ਫੈਸਲੇ ਲੈਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਖਾਲਸਾ ਪੰਥ ਸਦਾ ਵਾਸਤੇ ਮੋਦੀ ਸਾਹਿਬ ਦਾ ਰਿਣੀ ਹੋ ਗਿਆ, ਜਿਹਨਾਂ ਨੇ ਕਰਤਾਰਪੁਰ ਸਾਹਿਬ ਲਈ ਲਾਂਘਾ ਤਿਆਰ ਕਰਵਾਉਣ ਦਾ ਫੈਸਲਾ ਲਿਆ ਹੈ ਅਤੇ ਕਾਂਗਰਸ ਸਰਕਾਰਾਂ ਵੱਲੋਂ ਬੰਦ ਕੀਤੇ ਸਿੱਖ ਕਤਲੇਆਮ ਦੇ ਕੇਸਾਂ ਨੂੰ ਦੁਬਾਰਾ ਖੋਲ•ਣ ਲਈ ਸਿਟ ਦਾ ਗਠਨ ਕਰਕੇ ਪੀੜਤਾਂ ਨੂੰ ਇਨਸਾਫ ਦਿਵਾਇਆ ਹੈ। ਉਹਨਾਂ ਕਿਹਾ ਕਿ ਜਿਹੜੇ ਲੋਕ ਸਿੱਖ ਪੰਥ ਨਾਲ ਹਮਦਰਦੀ ਕਰਦੇ ਹਨ, ਅਸੀਂ ਉਹਨਾਂ ਨੂੰ ਕਦੇ ਨਹੀਂ ਭੁਲਾਉਂਦੇ। ਆਪਣੇ ਦੋਵੇਂ ਨੇਕ ਕਾਰਜਾਂ ਰਾਹੀਂ ਮੋਦੀ ਜੀ ਨੇ ਸਿੱਖਾਂ ਦੇ ਦਿਲ ਜਿੱਤ ਲਏ ਹਨ। ਅਸੀਂ ਉਹਨਾਂ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਵੇਖਣਾ ਚਾਹੁੰਦੇ ਹਾਂ।
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੁੱਝ ਪੰਥ-ਦੋਖੀ ਤਾਕਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਸਮੇਤ ਸਿੱਖ ਸੰਸਥਾਨਾਂ ਉੱਤੇ ਕਬਜ਼ਾ ਕਰਨ ਦੀ ਨਾਕਾਮ ਕੋਸ਼ਿਸ ਵਿਚ ਅਕਾਲੀ ਦਲ ਅਤੇ ਇਸ ਦੇ ਸੀਨੀਅਰ ਆਗੂਆਂ ਨੂੰ ਬਦਨਾਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦੇ ਕੰਮਕਾਜ ਬਾਰੇ ਝੂਠੇ ਅਤੇ ਬੇਬੁਨਿਆਦ ਦਾਅਵੇ ਕਰਕੇ ਸਿੱਖਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਸਿੱਖਾਂ ਦੇ ਨੁੰਮਾਇਦਿਆਂ ਬਾਰੇ ਚਲਾਇਆ ਜਾਂਦਾ ਹੈ, ਬਾਦਲ ਪਰਿਵਾਰ ਵੱਲੋਂ ਨਹੀਂ। ਇਹ ਲੋਕ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ 'ਚ ਹਨ। ਉਹਨਾਂ ਕਿਹਾ ਕਿ ਅਖੌਤੀ ਪੰਥਕ ਧਿਰਾਂ ਕਾਂਗਰਸ ਦੀ ਬੀ ਟੀਮ ਹਨ। ਕਾਂਗਰਸ ਦੇ ਕਹਿਣ ਉਤੇ ਇਹਨਾਂ ਨੇ ਧਰਨਾ ਲਾਇਆ ਅਤੇ ਫਿਰ ਚੁੱਕ ਦਿੱਤਾ। ਅਕਾਲੀ ਆਗੂਆਂ ਦੇ ਕਾਫਲੇ ਰੋਕੇ, ਬਾਦਲ ਪਰਿਵਾਰ ਵਿਰੁੱਧ ਝੂਠ ਬਿਆਨਬਾਜ਼ੀ ਕੀਤੀ, ਇਹ ਸਭ ਕੁੱਝ ਕਾਂਗਰਸ ਦੇ ਇਸ਼ਾਰੇ ਉਤੇ ਹੋਇਆ।
ਪੰਜਾਬ ਅਤੇ ਸਿੱਖਾਂ ਪ੍ਰਤੀ ਹਮੇਸ਼ਾ ਵੈਰ ਭਾਵਨਾ ਰੱਖਣ ਲਈ ਕਾਂਗਰਸ ਪਾਰਟੀ ਉੱਤੇ ਨਿਸ਼ਾਨਾ ਸੇਧਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਸਾਡੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਉੱਤੇ ਤੋਪਾਂ ਅਤੇ ਟੈਂਕਾਂ ਨਾਲ ਹਮਲਾ ਕੀਤਾ। ਉਹਨਾਂ ਪਹਿਲਾਂ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਮਾਰਨ ਲਈ 1984 ਵਿਚ ਸਿੱਖਾਂ ਦੀ ਨਸਲਕੁਸ਼ੀ ਕਰਵਾਈ ਅਤੇ ਫਿਰ ਦੋਸ਼ੀਆਂ ਦੀ ਸਿਆਸੀ ਪੁਸ਼ਤਪਨਾਹੀ ਕੀਤੀ, ਜਿਸ ਕਰਕੇ ਪੀੜਤਾਂ ਨੂੰ ਇਸ ਮਨੁੱਖਤਾ ਵਿਰੁੱਧ ਕੀਤੇ ਘਿਣਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸਾਲਾਂ ਬੱਧੀ ਦਰ-ਦਰ ਭਟਕਣਾ ਪਿਆ।
ਪੰਜਾਬੀਆਂ ਖਾਸ ਕਰਕੇ ਸਿੱਖਾਂ ਦੀਆਂ ਮੰਗਾਂ ਵੱਲ ਨਾ ਸਿਰਫ ਧਿਆਨ ਦੇਣ ਲਈ, ਸਗੋਂ ਕਰਤਾਰਪੁਰ ਸਾਹਿਬ ਲਾਂਘਾ ਤਿਆਰ ਕਰਾਉਣ ਅਤੇ 1984 ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਮਿਸਾਲੀ ਫੈਸਲੇ ਲੈਣ ਵਾਸਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸ੍ਰੀ ਮੋਦੀ ਨੇ ਸਿੱਖਾਂ ਦੀ ਉਹਨਾਂ ਗੁਰਧਾਮਾਂ ਦੇ ਦਰਸ਼ਨਾਂ ਦੀ ਚਿਰੋਕਣੀ ਰੀਝ ਨੂੰ ਪੂਰਾ ਕਰਨ ਵਾਸਤੇ ਅਹਿਮ ਫੈਸਲਾ ਲਿਆ ਹੈ, ਜਿਹੜੇ ਵੰਡ ਸਮੇ ਖਾਲਸਾ ਪੰਥ ਤੋਂ ਵਿਛੋੜੇ ਗਏ ਸਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ 1984 ਕਤਲੇਆਮ ਦੇ ਦੋਸ਼ੀਆਂ ਨੂੰ 34 ਸਾਲ ਮਗਰੋਂ ਪਹਿਲੀ ਵਾਰ ਜੇਲ• ਭੇਜ ਕੇ ਖਾਲਸਾ ਪੰਥ ਦੇ ਜ਼ਖ਼ਮਾਂ ਉੱਤੇ ਵੀ ਮੱਲ•ਮ ਲਾਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਬਿਕਰਮ ਸਿੰਘ ਮਜੀਠੀਆ, ਸਿਕੰਦਰ ਸਿੰਘ ਮਲੂਕਾ, ਰੋਜ਼ੀ ਬਰਕੰਦੀ, ਪਰਮਬੰਸ ਸਿੰਘ ਬੰਟੀ ਰੋਮਾਣਾ, ਮਨਤਾਰ ਬਰਾੜ, ਜਗਦੀਪ ਸਿੰਗ ਨਕਈ, ਡਿੰਪੀ ਢਿੱਲੋਂ, ਤੀਕਸ਼ਨ ਸੂਦ, ਅਰੁਣ ਨਾਰੰਗ ਅਤੇ ਅਸ਼ੋਕ ਅਹੂਜਾ ਵੀ ਹਾਜ਼ਿਰ ਸਨ।