ਪਿਛਲੇ ਤਿੰਨ ਸਾਲਾਂ ਦੇ ਘਾਟੇ ਦਾ ਦੋਸ਼ ਇਸ ਸਾਲ ਜਨਵਰੀ 'ਚ ਚਾਰਜ ਲੈਣ ਵਾਲੇ ਮੁੱਖ ਸਕੱਤਰ ਸਿਰ ਨਾ ਮੜ੍ਹੋ: ਅਕਾਲੀ ਦਲ
ਅਕਾਲੀ ਦਲ ਨੇ ਮੰਤਰੀਆਂ ਵੱਲੋਂ ਇੱਕ ਦੂਜੇ ਵਿਰੁੱਧ ਲਾਏ ਦੋਸ਼ਾਂ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ
ਡਾਕਟਰ ਚੀਮਾ ਨੇ ਕਿਹਾ ਕਿ ਹੁਣ ਕਾਂਗਰਸ ਦੀਆਂ ਪੋਲਾਂ ਖੁੱਲ੍ਹ ਰਹੀਆਂ ਹਨ
ਚੰਡੀਗੜ੍ਹ/14 ਮਈ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਕਾਂਗਰਸੀ ਆਗੂ ਆਪਣੇ ਭ੍ਰਿਸ਼ਟਾਚਾਰ ਦੇ ਖੁੱਲ੍ਹ ਰਹੇ ਭੇਤਾਂ ਉੱਤੇ ਪਰਦਾ ਪਾਉਣ ਲਈ ਸੂਬੇ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਸਾਜ਼ਿਸ਼ ਰਚ ਰਹੇ ਹਨ।
ਅੱਜ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੂਰੀ ਤਰ੍ਹਾਂ ਬੇਕਸੂਰ ਅਤੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਉਠਾਉਣ ਵਾਲੇ ਸੂਬੇ ਦੇ ਮੁੱਖ ਸਕੱਤਰ ਨੂੰ ਨਿਸ਼ਾਨਾ ਬਣਾਉਣ ਤੋਂ ਇਲਾਵਾ ਕਾਂਗਰਸੀ ਮੰਤਰੀਆਂ ਅਤੇ ਆਗੂਆਂ ਨੇ ਹੁਣ ਸ਼ਰੇਆਮ ਇੱਕ ਦੂਜੇ ਦੇ ਭੇਤ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਕਾਂਗਰਸੀ ਮੰਤਰੀਆਂ ਦੁਆਰਾ ਇੱਕ ਦੂਜੇ ਵਿਰੁੱਧ ਲਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਧਮਕੀਆਂ ਤੋਂ ਪਤਾ ਚੱਲਦਾ ਹੈ ਕਿ ਕਿਸ ਤਰ੍ਹਾਂ ਹਾਈਵੇਅ ਦੇ ਡਕੈਤਾਂ ਵਾਂਗ ਇਹ ਮੰਂਤਰੀ ਲੁੱਟ ਦਾ ਮਾਲ ਲੈਣ ਲਈ ਆਪਸ ਵਿਚ ਖਹਿਬੜ ਰਹੇ ਹਨ।
ਡਾਕਟਰ ਚੀਮਾ ਨੇ ਕਿਹਾ ਕਿ ਸਰਕਾਰੀ ਖਜ਼ਾਨੇ ਨੂੰ ਪਏ ਕਰੋੜਾਂ ਰੁਪਏ ਦੇ ਘਾਟੇ ਨਾਲ ਮੁੱਖ ਸਕੱਤਰ ਦਾ ਕੋਈ ਸੰਬੰਧ ਨਹੀਂ ਹੈ, ਕਿਉਂਕਿ ਉਸ ਨੇ ਆਬਕਾਰੀ ਵਿਭਾਗ ਦਾ ਚਾਰਜ ਇਸ ਸਾਲ ਜਨਵਰੀ ਵਿਚ ਸੰਭਾਲਿਆ ਸੀ। ਜਦਕਿ ਸੂਬਾ ਪਿਛਲੇ ਤਿੰਨ ਸਾਲਾਂ ਤੋਂ ਹਜ਼ਾਰਾਂ ਕਰੋੜ ਰੁਪਏ ਦਾ ਘਾਟਾ ਝੱਲਦਾ ਆ ਰਿਹਾ ਹੈ। ਉਹਨਾਂ ਕਿਹਾ ਕਿ 2017 ਤੋਂ ਜਨਵਰੀ 2020 ਵਿਚਕਾਰ ਪਏ ਘਾਟਿਆਂ ਲਈ ਕੌਣ ਜ਼ਿੰਮੇਵਾਰ ਹੈ, ਕਿਉਂਕਿ ਉਸ ਸਮੇਂ ਕਰਨ ਅਵਤਾਰ ਸਿੰਘ ਕੋਲ ਆਬਕਾਰੀ ਮਹਿਕਮਾ ਨਹੀਂ ਸੀ? ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਵਿਭਾਗ ਦੇ ਮੁਖੀ ਵਜੋਂ ਇਹ ਮੁੱਖ ਸਕੱਤਰ ਵੱਲੋਂ ਤਿਆਰ ਕੀਤੀ ਪਹਿਲੀ ਆਬਕਾਰੀ ਨੀਤੀ ਹੋਣੀ ਸੀ। ਉਹਨਾਂ ਕਿਹਾ ਕਿ ਮੁੱਖ ਸਕੱਤਰ ਨੂੰ ਉਹਨਾਂ ਸਾਲਾਂ ਦੇ ਵਿੱਤੀ ਘਾਟਿਆਂ ਲਈ ਦੋਸ਼ੀ ਕਿਵੇਂ ਠਹਿਰਾਇਆ ਜਾ ਸਕਦਾ ਹੈ, ਜਦੋਂ ਉਹ ਇਸ ਮਹਿਕਮੇ ਵਿਚ ਹੀ ਨਹੀਂ ਸੀ?
ਡਾਕਟਰ ਚੀਮਾ ਨੇ ਅੱਗੇ ਦੱਸਿਆ ਕਿ ਕਿੰਨੀ ਅਜੀਬ ਗੱਲ ਹੈ ਕਿ ਮੰਤਰੀਆਂ ਨੇ ਆ ਰਹੇ ਸਾਲ ਵਾਸਤੇ ਆਬਕਾਰੀ ਨੀਤੀ ਦੇ ਮੁੱਦੇ ਉੱਤੇ ਪਹਿਲਾਂ ਮੁੱਖ ਸਕੱਤਰ ਹਮਲਾ ਕੀਤਾ ਸੀ, ਪਰੰਤੂ 24 ਘੰਟਿਆਂ ਦੇ ਅੰਦਰ ਹੀ ਉਹਨਾਂ ਨੇ ਉਸੇ ਨੀਤੀ ਨੂੰ ਪ੍ਰਵਾਨ ਕਰਨ ਦੀ ਸਾਰੀ ਤਾਕਤ ਮੁੱਖ ਮੰਤਰੀ ਨੂੰ ਦੇ ਦਿੱਤੀ ਸੀ। ਉਹਨਾਂ ਕਿਹਾ ਕਿ ਸਪੱਸ਼ਟ ਹੈ ਕਿ ਅਸਲੀ ਮੁੱਦਾ ਆਬਕਾਰੀ ਨੀਤੀ ਦਾ ਨਹੀਂ ਸੀ, ਸਗੋਂ ਮੁੱਖ ਸਕੱਤਰ ਵੱਲੋਂ ਉਠਾਇਆ ਇਹ ਇਤਰਾਜ਼ ਸੀ ਕਿ ਕਾਂਗਰਸੀ ਆਗੂ ਖਾਸ ਕਰਕੇ ਬਠਿੰਡਾ ਖੇਤਰ ਦੇ ਕਾਂਗਰਸੀ ਇਸ ਨੀਤੀ ਨੂੰ ਈਮਾਨਾਦਾਰੀ ਨਾਲ ਲਾਗੂ ਨਹੀਂ ਕਰਨ ਦੇ ਰਹੇ ਹਨ, ਕਿਉਂਕਿ ਉਹਨਾਂ ਦੀ ਗੈਰਕਾਨੂੰਨੀ ਸ਼ਰਾਬ ਦੇ ਕਾਰੋਬਾਰ ਵਿਚ ਵੱਡੀ ਹਿੱਸੇਦਾਰੀ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਅਕਾਲੀ ਦਲ ਚਾਹੁੰਦਾ ਹੈ ਕਿ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਉਹਨਾਂ ਨੂੰ ਰਾਹਤ ਦੇਣ ਦੀ ਬਜਾਇ ਉਹਨਾਂ ਦੇ ਮੰਤਰੀ ਸ਼ਰਾਬ ਦੇ ਠੇਕੇਦਾਰਾਂ ਨੂੰ ਰਾਹਤ ਦੇਣ ਲਈ ਆਪਸ ਵਿਚ ਲੜ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸੀ ਮੰਤਰੀਆਂ ਨੇ ਇੱਥੋਂ ਤਕ ਕਿਹਾ ਸੀ ਕਿ ਜਰੂਰੀ ਵਸਤਾਂ ਦੀ ਦੁਕਾਨਾਂ ਬੰਦ ਰੱਖੋ , ਪਰ ਸ਼ਰਾਬ ਦੇ ਠੇਕੇ ਜਰੂਰ ਖੋਲ੍ਹਣੇ ਪੈਣਗੇ। ਉਹਨਾਂ ਕਿਹਾ ਕਿ ਉਸ ਤੋਂ ਬਾਅਦ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਪੰਜਾਬ ਵਿਚ ਦੁੱਧ ਦੀ ਹੋਮ ਡਿਲੀਵਰੀ ਬੰਦ ਕਰ ਦਿੱਤੀ ਅਤੇ ਸ਼ਰਾਬ ਦੀ ਸ਼ੁਰੂ ਕਰ ਦਿੱਤੀ। ਉਹਨਾਂ ਕਿਹਾ ਕਿ ਇਹ ਸਭ ਤਾਲਾਬੰਦੀ ਦੌਰਾਨ ਗੈਰਕਾਨੂੰਨੀ ਤੌਰ ਤੇ ਵੇਚੀ ਗਈ ਸ਼ਰਾਬ ਉੱਤੇ ਕਾਨੂੰਨੀ ਪਰਦਾ ਪਾਉਣ ਲਈ ਕੀਤਾ ਗਿਆ। ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸੀ ਆਗੂਆਂ ਦੁਆਰਾ ਕੀਤੀ ਇਸ ਲੁੱਟ ਕਰਕੇ ਹੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਆਬਕਾਰੀ ਵਿਭਾਗ ਤੋਂ ਆਉਣ ਵਾਲਾ ਮਾਲੀਆ ਲਗਾਤਾਰ ਘਟਦਾ ਚਲਾ ਗਿਆ।
ਡਾਕਟਰ ਚੀਮਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਆਬਕਾਰੀ ਮਹਿਕਮੇ ਤੋਂ ਹੋਣ ਵਾਲੀ ਆਮਦਨ ਵਿਚ ਹਮੇਸ਼ਾਂ ਰਿਕਾਰਡ ਵਾਧਾ ਹੁੰਦਾ ਹੈ ਅਤੇ ਜਦੋਂ ਕਾਂਗਰਸ ਸਰਕਾਰ ਬਣ ਜਾਂਦੀ ਹੈ ਤਾਂ ਇਹ ਮਾਲੀਆ ਘਟਣਾ ਸ਼ੁਰੂ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਇਕੱਲੇ ਇਸ ਸਾਲ ਦੌਰਾਨ ਹੀ ਸਰਕਾਰੀ ਖਜ਼ਾਨੇ ਨੂੰ 2 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਘਾਟਾ ਪਿਆ ਹੈ। ਅਕਾਲੀ ਆਗੂ ਨੇ ਕਿਹਾ ਕਿ ਇਹ ਲੋਕਾਂ ਦਾ ਪੈਸਾ ਲੋਕਾਂ ਦੀ ਭਲਾਈ ਵਾਸਤੇ ਖਰਚਣ ਲਈ ਹੁੰਦਾ ਹੈ, ਪਰੰਤੂ ਹੁਣ ਇਹ ਸਿੱਧਾ ਕਾਂਗਰਸੀਆਂ ਦੀਆਂ ਜੇਬਾਂ ਵਿਚ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸ਼ਰਾਬ ਘੁਟਾਲੇ ਦੀ ਸੁਤੰਤਰ ਜਾਂਚ ਕਰਵਾਈ ਜਾਣੀ ਚਾਹੀਦੀ ਹੈ।