ਜਲੰਧਰ, 18 ਜੁਲਾਈ : ਯੂਥ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ, ਆਪ ਅਤੇ ਢੀਂਡਸਾ ਗਰੁੱਪ ਡੇਰੇ ਦੀ ਸਮਰਥਕ ਵੀਰਪਾਲ ਕੌਰ ਨਾਲ ਰਲੇ ਹੋਏ ਹਨ ਜਿਸਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਅਫਵਾਹਾਂ ਫੈਲਾਈਆਂ ਹਨ ਜੋ ਪੰਜਾਬੀਆਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਯੂਥ ਅਕਾਲੀ ਦਲ ਨੇ ਬੇਅਦਬੀ ਕੇਸਾਂ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਨਿਸ਼ਚਿਤ ਸਮੇਂ ਅੰਦਰ ਜਾਂਚ ਕਰਵਾਏ ਜਾਣ ਦੀ ਵੀ ਮੰਗ ਕੀਤੀ ਤਾਂ ਕਿ ਸਿੱਖ ਪੰਥ ਨੂੰ ਬੇਅਦਬੀ ਕੇਸਾਂ ਵਿਚ ਨਿਆਂ ਮਿਲ ਸਕੇ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਡੇਰੇ ਦੀ ਸਮਰਥਕ ਵੀਰਪਾਲ ਕੌਰ ਨੇ ਜਾਣ ਬੁੱਝ ਕੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਸਲਾਬਤਪੁਰਾ ਵਿਚ ਰਚਾਏ ਸਵਾਂਗ ਜਿਸਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਸੀ, ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਨਾਂ 'ਪੁਸ਼ਾਕ' ਨਾਲ ਜੋੜਿਆ। ਉਹਨਾਂ ਕਿਹਾ ਕਿ ਵੀਰਵਾਲ ਤਾਂ ਪਹਿਲਾਂ ਹੀ ਝੂਠੀ ਸਾਬਤ ਹੋ ਗਈ ਹੈ ਕਿਉਂਕਿ ਜਿਸ ਪੁਲਿਸ ਅਫਸਰ ਦਾ ਨਾਂ ਉਸਨੇ ਲਿਆ ਹੈ, ਉਸਨੇ ਹੀ ਇਹਨਾਂ ਦੋਸ਼ਾਂ ਦਾ ਖੰਡਨ ਕਰ ਦਿੱਤਾ ਹੈ ਤੇ ਜਿਸ ਫੁਰਤੀ ਨਾਲ ਕਾਂਗਰਸ ਤੇ ਸ੍ਰੀ ਸੁਖਦੇਵ ਸਿੰਘ ਢੀਂਡਸਾ ਇਸ ਮਾਮਲੇ ਵਿਚ ਕੁੱਦ ਕੇ ਝੂਠੇ ਬਿਆਨ ਦਾ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ, ਉਸਨੇ ਸਾਬਤ ਕਰ ਦਿੱਤਾ ਹੈ ਕਿ ਉਹ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਲਈ ਜ਼ਿੰਮੇਵਾਰ ਹਨ।
ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਵੀਰਪਾਲ ਉਹੀ ਮਹਿਲਾ ਹੈ ਜੋ 2007 ਵਿਚ ਚਾਰ ਹੋਰ ਮਹਿਲਾਵਾਂ ਨਾਲ ਮਿਲ ਕੇ ਮਨੁੱਖੀ ਬੰਬ ਬਣ ਕੇ ਸ੍ਰੀ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਨੂੰ ਉਡਾਉਣ ਦੀ ਸਾਜ਼ਿਸ਼ ਵਿਚ ਸ਼ਾਮਲ ਸੀ। ਉਹਨਾਂ ਕਿਹਾ ਕਿ ਉਦੋਂ ਵੀਰਵਾਲ ਨੇ ਮਨੁੱਖੀ ਬੰਬ ਬਣ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਘੜੀ ਸੀ ਤੇ ਹੁਣ ਕਾਂਗਰਸ ਨੇ ਉਸਦੀ ਵਰਤੋਂ ਸ਼੍ਰੋਮਣੀ ਅਕਾਲੀ ਦਲ ਖਿਲਾਫ ਸਿਆਸੀ ਬੰਬ ਵਜੋਂ ਕਰਨ ਦਾ ਯਤਨ ਕੀਤਾ ਹੈ ਪਰ ਉਹ ਬੁਰੀ ਤਰ•ਾਂ ਅਸਫਲ ਹੋ ਗਈ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਤੇ ਡੇਰਾ ਸਿਰਸਾ ਦੇ ਕੁੜਮ ਹਰਮਿੰਦਰ ਜੱਸੀ ਵੀਰਪਾਲ ਦੀ ਹਮਾਇਤ ਵਿਚ ਆਏ ਸਨ ਤੇ ਅੱਜ ਵੀ ਜਾਖੜ ਤੇ ਸੁਖਦੇਵ ਸਿੰਘ ਢੀਂਡਸਾ ਉਸਦੀ ਹਮਾਇਤ ਵਿਚ ਨਿਤਰ ਆਏ ਹਨ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਬਜਾਏ ਕਿ ਇਸ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਸਪਸ਼ਟੀਕਰਨ ਦੇਵੇ, ਸ੍ਰੀ ਢੀਂਡਸਾ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਆਪਣੇ ਪੁੱਤਰ ਤੇ ਉਸਦੇ ਵੇਲੇ ਦੇ ਪੰਜਾਬ ਦੇ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਡੇਰੇ ਵਿਚ ਜਾਣ ਤੋਂ ਕਿਉਂ ਨਹੀਂ ਰੋਕਿਆ ਸੀ। ਉਹਨਾਂ ਕਿਹਾ ਕਿ ਸ੍ਰੀ ਢੀਂਡਸਾ ਨੂੰ ਇਹ ਵੀ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਆਪਣੇ ਪੁੱਤਰ ਨੂੰ ਪੰਜਾਬ ਮੰਤਰੀ ਮੰਡਲ ਵਿਚ ਬਣਿਆ ਕਿਉਂ ਰਹਿਣ ਦਿੱਤਾ ਤੇ ਆਪ 2016 ਵਿਚ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਕਿਉਂ ਬਣੇ ? ਉਹਨਾਂ ਕਿਹਾ ਕਿ ਹਾਲ ਹੀ ਵਿਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੰਟਰਨੈਸ਼ਨਲ ਸਿੱਖ ਕੌਂਸਲ ਦੀ ਤਰਵਿੰਦਰ ਕੌਰ ਖਾਲਸਾ ਵੱਲੋਂ ਦਿੱਤੀ ਸ਼ਿਕਾਇਤ ਵੀ ਸ੍ਰੀ ਢੀਂਡਸਾ ਦੇ ਪ੍ਰੇਰਿਤ ਕਰਨ 'ਤੇ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸ੍ਰੀ ਢੀਂਡਸਾ ਦੇ ਹਾਲ ਹੀ ਵਿਚ ਦਿੱਤਾ ਬਿਆਨ ਕਾਂਗਰਸ ਦੀ ਜਥੇਬੰਦੀ ਸੇਵਾ ਦਲ ਵਰਗਾ ਬਿਆਨ ਸੀ।
ਸ੍ਰੀ ਰੋਮਾਣਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਬਹੁਤ ਸਪਸ਼ਟ ਹੈ ਤੇ ਪਾਰਟੀ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਜਨਤਕ ਤੌਰ 'ਤੇ ਅਰਦਾਸ ਕੀਤੀ ਹੈ ਕਿ ਜੋ ਵੀ ਬੇਅਦਬੀ ਕਰਨ ਵਿਚ ਜਾਂ ਕਰਵਾਉਣ ਵਿਚ ਸ਼ਾਮਲ ਹੋਵੇ ਜਾਂ ਇਸਦਾ ਸਿਆਸੀ ਲਾਹਾ ਲੈਣ ਵਾਲਾ ਹੋਵੇ, ਉਸਦਾ ਕੱਖ ਨਾ ਰਹੇ। ਉਹਨਾਂ ਕਿਹਾ ਕਿ ਜਾਖੜ ਦੇ ਪਿਤਾ ਬਲਰਾਮ ਜਾਖੜ ਨੇ ਇਕ ਵਾਰ ਕਿਹਾ ਸੀ ਕਿ 'ਜੇਕਰ ਸਾਨੂੰ ਸਾਡੀ ਖੇਤਰੀ ਅਖੰਡਤਾ ਬਚਾਉਣ ਲਈ 10 ਲੱਖ ਸਿੱਖਾਂ ਦਾ ਕਤਲ ਕਰਨਾ ਪਵੇ ਤਾਂ ਕਰ ਦੇਣਾ ਚਹੀਦਾ ਹੈ।' ਉਹਨਾਂ ਕਿਹਾ ਕਿ ਕਾਂਗਰਸ ਨੂੰ ਤਾਂ ਬੇਅਦਬੀ ਬਾਰੇ ਬੋਲਣ ਦਾ ਕੋਈ ਨੈਤਿਕ ਅਧਿਕਾਰ ਹੀ ਨਹੀਂ ਹੈ ਕਿਉਂਕਿ ਉਸਨੇ ਸ੍ਰੀ ਹਰਿਮੰਦਿਰ ਸਾਹਿਬ 'ਤੇ ਹਮਲਾ ਕੀਤਾ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਜਦਕਿ 1984 ਵਿਚ ਦਿੱਲੀ ਤੇ ਹੋਰ ਸ਼ਹਿਰਾਂ ਵਿਚ ਸਿੱਖਾਂ ਦੀ ਨਸਲਕੁਸ਼ੀ ਕੀਤੀ।
ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਜਾਣ ਬੁੱਝ ਕੇ ਬੇਅਦਬੀ ਮਾਮਲੇ ਦਾ ਸਿਆਸੀਕਰਨ ਕਰ ਰਹੀ ਹੈ। ਉਹਨਾਂ ਕਿਹਾ ਕਿ ਪਾਰਟੀ ਨੇ ਨਵੰਬਰ 2015 ਰਾਸ਼ਟਰਪਤੀ ਕੋਲ ਪਹੁੰਚ ਕਰ ਕੇ ਬੇਅਦਬੀ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਸੀ ਤੇ ਹੁਣ ਉਸਨੇ ਮਾਮਲੇ ਵਿਚ ਯੂ ਟਰਨ ਲੈ ਲਿਆ ਹੈ। ਉਹਨਾਂ ਕਿਹਾ ਕਿ ਬੇਅਦਬੀ ਮਾਮਲੇ ਦੀ ਜਾਂਚ ਲਈ ਬਣਾਈ ਐਸ ਆਈ ਟੀ ਕਾਂਗਰਸ ਪਾਰਟੀ ਤੋਂ ਹੀ ਹਦਾਇਤਾਂ ਲੈ ਰਹੀ ਹੈ ਤੇ ਇਸ ਮਾਮਲੇ ਦੀ ਸਿਰਫ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਸਿੱਖ ਕੌਮ ਨੂੰ ਨਿਆਂ ਮਿਲ ਸਕੇ।
ਇਸ ਮੌਕੇ ਸ੍ਰੀ ਰੋਮਾਣਾ ਦੇ ਨਾਲ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਤੇ ਸੁਖਦੀਪ ਸਿੰਘ ਸੁਕਾਰ,ਗੁਰਪ੍ਰੀਤ ਸਿੰਘ ਖਾਲਸਾ,ਗੁਰਮਿੰਦਰ ਸਿੰਘ ਕਿਸ਼ਨਪੁਰ, ਤਜਿੰਦਰ ਸਿੰਘ ਨਿੱਝਰ ਵੀ ਹਾਜ਼ਰ ਸਨ।