ਬਠਿੰਡਾ/20 ਜੂਨ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਐਮਬੀਬੀਐਸ ਵਿਦਿਆਰਥੀਆਂ ਦੇ ਪਹਿਲੇ ਬੈਚ ਦੀ ਕੌਂਸਲਿੰਗ ਸ਼ੁਰੂ ਹੋਣ ਨਾਲ ਏਮਜ਼ ਬਠਿੰਡਾ ਦੀ ਉਸਾਰੀ ਦਾ ਇੱਕ ਹੋਰ ਮੀਲ ਪੱਥਰ ਸਥਾਪਤ ਹੋ ਗਿਆ ਹੈ।
ਇੱਥੇ ਦੱਸਣਯੋਗ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਸਿਹਤ ਮੰਤਰਾਲੇ ਕੋਲ ਇਹ ਮੁੱਦਾ ਉਠਾ ਕੇ ਐਮਬੀਬੀਐਸ ਦਾ ਪਹਿਲਾ ਬੈਚ ਸ਼ੁਰੂ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਜਿਸ ਤੋਂ ਬਾਅਦ ਸਿਹਤ ਮੰਤਰਾਲੇ ਨੇ ਪੀਜੀਆਈਐਮਈਆਰ ਨੂੰ ਇੱਕ ਕਮੇਟੀ ਬਣਾਉਣ ਲਈ ਕਿਹਾ ਸੀ ਜੋ ਕਿ ਏਮਜ਼ ਬਠਿੰਡਾ ਦੀ ਆਪਣੀ ਇਮਾਰਤ ਦੀ ਉਸਾਰੀ ਹੋਣ ਤਕ ਐਮਬੀਬੀਐਸ ਦੇ ਪਹਿਲੇ ਬੈਚ ਦੀਆਂ ਕਲਾਸਾਂ ਸ਼ੁਰੂ ਕਰਨ ਲਈ ਸਭ ਤੋਂ ਵਧੀਆ ਸੰਸਥਾਨ ਬਾਰੇ ਸੁਝਾਅ ਦੇਵੇ। ਇਸ ਤੋਂ ਬਾਅਦ ਫਰੀਦਕੋਟ ਵਿਖੇ ਸਥਿਤ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੀ ਇਸ ਕਾਰਜ ਲਈ ਚੋਣ ਕੀਤੀ ਗਈ ਸੀ।
ਬੀਬਾ ਬਾਦਲ ਨੇ ਕਿਹਾ ਕਿ ਮੈਰਿਟ ਸੂਚੀ ਮੁਤਾਬਿਕ ਸਾਰੇ ਉਮੀਦਵਾਰਾਂ ਦੀ ਅੱਜ ਕੌਂਸਲਿੰਗ ਸ਼ੁਰੂ ਹੋ ਗਈ। ਉਹਨਾਂ ਕਿਹਾ ਕਿ 15 ਏਮਜ਼ ਸੰਸਥਾਵਾਂ ਲਈ ਪਹਿਲੇ ਗੇੜ ਦੀ ਕੌਂਸਲਿੰਗ ਵਾਸਤੇ 3884 ਉਮੀਦਵਾਰ ਯੋਗ ਸਾਬਤ ਹੋਏ ਹਨ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਮਰਜ਼ੀ ਦਾ ਸੰਸਥਾਨ ਚੁਣਨ ਦੀ ਖੁੱਲ੍ਹ ਦੇਣ ਲਈ ਕਾਊਂਸਲਿੰਗ ਦੇ ਚਾਰ ਗੇੜ ਹੋਣਗੇ।