ਚੰਡੀਗੜ•/19 ਫਰਵਰੀ: ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਉਹ ਪੁਲਵਾਮਾ ਵਿਚ ਕੀਤੇ ਗਏ ਅੱਤਵਾਦੀ ਹਮਲੇ ਉੱਪਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋ ਧਾਰੀ ਖਾਮੋਸ਼ੀ ਤੋਂ ਹੈਰਾਨ ਹਨ। ਉਹਨਾਂ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਸ ਘਿਣਾਉਣੇ ਅਪਰਾਧ ਦੀ ਜ਼ਿੰਮੇਵਾਰੀ ਲੈਣ ਵਾਲਿਆਂ ਖ਼ਿਲਾਫ ਇੱਕ ਵੀ ਸ਼ਬਦ ਨਹੀਂ ਆਖਿਆ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਕੀ ਪੁਲਵਾਮਾ ਹਮਲੇ ਬਾਰੇ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖਾਨ ਦੇ ਮੂੰਹੋਂ ਕੁੱਝ ਸੁਣਿਆ ਹੈ ਅਤੇ ਉਹ ਪਾਕਿਸਤਾਨੀ ਪ੍ਰਧਾਨ ਮੰਤਰੀ ਵੱਲੋਂ ਧਾਰੀ ਚੁੱਪ ਬਾਰੇ ਕੀ ਸੋਚਦਾ ਹੈ। ਉਹਨਾਂ ਕਿਹਾ ਕਿ ਕੀ ਸਿੱਧੂ ਅਜੇ ਵੀ ਇਹ ਮੰਨਦਾ ਹੈ ਕਿ ਅੱਤਵਾਦ ਨੂੰ ਕਿਸੇ ਦੁਸ਼ਮਣ ਮੁਲਕ ਦੀ ਸਰਕਾਰ ਦੀ ਹਮਾਇਤ ਪ੍ਰਾਪਤ ਨਹੀਂ ਹੁੰਦੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਯਕੀਨ ਨਹੀਂ ਆਉੁਂਦਾ ਕਿ ਇੰਨੀ ਜ਼ਿੰਮੇਵਾਰ ਕੁਰਸੀ ਉੱਪਰ ਬੈਠੇ ਵਿਅਕਤੀ ਨੂੰ ਉਹਨਾਂ ਅੱਤਵਾਦੀਆਂ ਦੀ ਨਿਖੇਧੀ ਕਰਨ ਤੋਂ ਇਨਕਾਰ ਕਰਨਾ ਚਾਹੀਦਾ ਹੈ, ਜਿਹੜੇ ਮਨੁੱਖਤਾ ਖ਼ਿਲਾਫ ਕੀਤੇ ਆਪਣੇ ਘਿਣਾਉਣੇ ਅਪਰਾਧ ਦਾ ਸ਼ਰੇਆਮ ਰੌਲਾ ਪਾ ਰਹੇ ਹਨ। ਉਹਨਾਂ ਕਿਹਾ ਕਿ ਪੁਲਵਾਮਾ ਹਮਲੇ ਬਾਰੇ ਦਿੱਤੇ ਆਪਣੇ ਭਾਸ਼ਣ ਵਿਚ ਇਮਰਾਨ ਖਾਨ ਨੇ ਉਸ ਹੌਲਨਾਕ ਘਟਨਾ ਦਾ ਜ਼ਿਕਰ ਤਕ ਨਹੀਂ ਕੀਤਾ, ਜਿਸ ਕਰਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਇਹ ਤਣਾਅਪੂਰਨ ਮਾਹੌਲ ਬਣਿਆ ਹੈ। ਉਹਨਾਂ ਕਿਹਾ ਕਿ ਕੀ ਉਹ ਜਾਣਦਾ ਨਹੀਂ ਕਿ ਇਸ ਘਿਣਾਉਣੇ ਹਮਲੇ ਦੀ ਜ਼ਿੰਮੇਵਾਰੀ ਇੱਕ ਅਜਿਹੇ ਅੱਤਵਾਦੀ ਗਰੁੱਪ ਵੱਲੋਂ ਲਈ ਜਾ ਚੁੱਕੀ ਹੈ, ਜਿਸ ਦਾ ਮੁਖੀ ਉਸੇ ਮੁਲਕ ਅੰਦਰ ਸ਼ਰੇਆਮ ਖੁੱਲ•ਾ ਘੁੰਮ ਰਿਹਾ ਹੈ, ਜਿਸ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਹੈ? ਉਹ ਕਹਿੰਦਾ ਹੈ ਕਿ ਉਸ ਨੂੰ ਸਬੂਤ ਚਾਹੀਦੇ ਹਨ। ਉਹਨਾਂ ਕਿਹਾ ਕਿ ਅੱਤਵਾਦੀ ਗਰੁੱਪ ਦਾ ਮੁਖੀ ਸ਼ਰੇਆਮ ਪਾਕਿਸਤਾਨ ਵਿਚ ਘੁੰਮ ਰਿਹਾ ਹੈ, ਉਹ ਲਾਹੌਰ ਅਤੇ ਕਰਾਚੀ ਵਿਚ ਰੈਲੀਆਂ ਨੂੰ ਸੰਬੋਧਨ ਕਰਦਾ ਹੋਇਆ ਭਾਰਤ ਖ਼ਿਲਾਫ ਜ਼ਹਿਰ ਉੁਗਲ ਰਿਹਾ ਹੈ ਅਤੇ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਨੂੰ ਤਬਾਹ ਕਰਨ ਅਤੇ ਭਾਰਤੀਆਂ ਨੂੰ ਜਾਨੋਂ ਮਾਰਨ ਲਈ ਉਕਸਾ ਰਿਹਾ ਹੈ। ਕੀ ਪ੍ਰਧਾਨ ਮੰਤਰੀ ਲਈ ਇਹ ਸਭ ਸਬੂਤ ਕਾਰਵਾਈ ਕਰਨ ਲਈ ਕਾਫੀ ਨਹੀਂ ਹਨ? ਸਰਦਾਰ ਬਾਦਲ ਨੇ ਕਿਹਾ ਕਿ ਸਬੂਤਾਂ ਉੱਤੇ ਕਾਰਵਾਈ ਤਾਂ ਦੂਰ ਦੀ ਗੱਲ, ਉਹ ਤਾਂ ਇਹ ਹਮਲੇ ਦੇ ਦੋਸ਼ੀਆਂ ਦੀ ਨਿਖੇਧੀ ਕਰਨ ਤੋਂ ਡਰ ਗਿਆ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਇਹ ਵੇਖ ਕੇ ਬਹੁਤ ਧੱਕਾ ਲੱਗਿਆ ਹੈ ਕਿ ਇਮਰਾਨ ਨੇ ਇਸ ਦੁਖਦਾਈ ਘਟਨਾ ਉੱਤੇ ਇਨਸਾਨੀ ਹਮਦਰਦੀ ਵੀ ਜ਼ਾਹਿਰ ਨਹੀਂ ਕੀਤੀ ਅਤੇ ਨਾ ਹੀ ਇਸ ਅੱਤਵਾਦੀ ਹਮਲੇ ਵਿਚ ਮਾਰੇ ਗਏ ਫੌਜੀ ਜਵਾਨਾਂ ਦੇ ਪਰਿਵਾਰਾਂ ਪ੍ਰਤੀ ਕੋਈ ਦੁੱਖ ਦੀ ਭਾਵਨਾ ਪ੍ਰਗਟ ਕੀਤੀ ਹੈ। ਉਹਨਾਂ ਕਿਹਾ ਕਿ ਇਮਰਾਨ ਦਾਅਵਾ ਕਰਦਾ ਹੈ ਕਿ ਉਸ ਦੇ ਮੁਲਕ ਅੰਦਰ ਅੱਤਵਾਦੀ ਹਮਲਿਆਂ ਵਿਚ 70 ਹਜ਼ਾਰ ਨਿਰਦੋਸ਼ ਪਾਕਿਸਤਾਨੀ ਮਾਰੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਇਮਰਾਨ ਨੂੰ ਅਜਿਹੇ ਘਿਣਾਉਣੇ ਅਪਰਾਧ ਕਰਨ ਵਾਲਿਆਂ ਦੀ ਨਿਖੇਧੀ ਕਰਨ ਤੋਂ ਕੌਣ ਰੋਕ ਰਿਹਾ ਹੈ?