ਹਰਸਿਮਰਤ ਕੌਰ ਬਾਦਲ ਦੇ ਦਖਲ ਮਗਰੋਂ ਪੰਜਾਬੀਆਂ ਨੇ 13 ਸਾਲਾਂ ਮਗਰੋਂ ਖੋਲ•ੀ ਮੁਆਫੀ ਸਕੀਮ ਦਾ ਲਿਆ ਲਾਭ
ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਆਪ ਤੇ ਢੀਂਡਸਾ ਦਲ ਉਸ ਕਾਂਗਰਸ ਦੇ ਮੋਹਰੀ ਸੰਗਠਨ ਬਣੇ ਜੋ ਆਪਣੀਆਂ ਅਸਫਲਤਾਵਾਂ 'ਤੇ ਪਰਦਾ ਪਾਉਣ ਲਈ ਉਹਨਾਂ ਦੀ ਵਰਤੋਂ ਕਰ ਰਹੀ ਹੈ
ਚੰਡੀਗੜ•, 20 ਜੁਲਾਈ : ਇਟਲੀ ਵਿਚ ਰਹਿੰਦੇ ਹਜ਼ਾਰਾਂ ਪੰਜਾਬੀਆਂ ਨੂੰ ਹੁਣ ਇਟਲੀ ਸਰਕਾਰ ਵੱਲੋਂ ਐਲਾਨੀ ਮੁਆਫੀ ਸਕੀਮ ਤਹਿਤ ਨਾਗਰਿਕਤਾ ਮਿਲਣ ਦੀ ਪ੍ਰਕਿਰਿਆ ਸਿਰੇ ਲੱਗਣ ਲੱਗੀ ਹੈ ਤੇ ਉਹਨਾਂ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ ਹੈ ਜਿਹਨਾਂ ਵੱਲੋਂ ਭਾਰਤ ਸਰਕਾਰ ਕੋਲ ਇਹ ਮਾਮਲਾ ਉਠਾਉਣ ਤੇ ਉਹਨਾਂ ਦੇ ਜ਼ਰੂਰੀ ਕਾਗਜ਼ ਉਹਨਾਂ ਨੂੰ ਮਿਲਣੇ ਯਕੀਨੀ ਬਣਾਉਣ ਸਦਕਾ ਹੁਣ ਉਹ ਇਟਲੀ ਵਿਚ ਰੈਗੂਲਰ ਹੋ ਜਾਣਗੇ।
ਇਹਨਾਂ ਨੌਜਵਾਨਾਂ, ਜਿਹਨਾਂ ਨੇ ਅੱਜ ਵੈਰੋਨਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਐਨ ਆਰ ਆਈ ਵਿੰਗ ਵੱਲੋਂ ਰੱਖੇ ਸਮਾਗਮ ਵਿਚ ਆਪਣੇ ਪ੍ਰਤੀਨਿਧਾਂ ਰਾਹੀਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ, ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨਾਲ ਵੀਡੀਓ ਕਾਨਫਰੰਸ ਕੀਤੀ ਤੇ ਉਹਨਾਂ ਦਾ ਵੀ ਧੰਨਵਾਦ ਕੀਤਾ।
ਅਕਾਲੀ ਦਲ ਦੇ ਐਨ ਆਰ ਆਈ ਵਿੰਗ ਦੇ ਪ੍ਰਧਾਨ ਜਗਵੰਤ ਸਿੰਘ ਨੇ ਵੀਡੀਓ ਕਾਨਫਰੰਸ ਵਿਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਭਾਵੇਂ ਇਟਲੀ ਸਰਕਾਰ ਨੇ 13 ਸਾਲਾਂ ਮਗਰੋਂ ਆਮ ਮੁਆਫੀ ਦਾ ਐਲਾਨ ਕੀਤਾ ਸੀ ਪਰ ਇਟਲੀ ਵਿਚ ਰਹਿੰਦੇ ਬਹੁਤੇ ਪੰਜਾਬੀ ਇਸਦਾ ਲਾਭ ਨਹੀਂ ਲੈ ਸਕਦੇ ਸਨ ਕਿਉਂਕਿ ਉਹਨਾਂ ਕੋਲ ਲੋੜੀਂਦਾ ਭਾਰਤੀ ਪਾਸਪੋਰਟ ਨਹੀਂ ਸੀ। ਉਹਨਾਂ ਕਿਹਾ ਕਿ ਬਹੁਤੇ ਨੌਜਵਾਨਾਂ ਦੇ ਪਾਸਪੋਰਟ ਜਾਂ ਤਾਂ ਗੁਆਚ ਗਏ ਸਨ ਜਾਂ ਫਿਰ ਟਰੈਵਲ ਏਜੰਟਾਂ ਨੇ ਤਬਾਹ ਕਰ ਦਿੱਤੇ ਸਨ ਕਿਉਂਕਿ ਉਹ ਗੈਰ ਕਾਨੂੰਨੀ ਤੌਰ 'ਤੇ ਇਟਲੀ ਵਿਚ ਦਾਖਲ ਹੋਏ ਸਨ। ਉਹਨਾਂ ਦੱਸਿਆ ਕਿ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਇਹ ਮਾਮਲਾ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਕੋਲ ਚੁੱਕਿਆ। ਸ੍ਰੀ ਜਗਵੰਤ ਸਿੰਘ ਤੇ ਪਾਰਟੀ ਦੇ ਐਨ ਆਰ ਆਈ ਵਿੰਗ ਦੇ ਜਨਰਲ ਸਕੱਤਰ ਜਗਜੀਤ ਸਿੰਘ ਨੇ ਕਿਹਾ ਕਿ ਸ੍ਰੀਮਤੀ ਬਾਦਲ ਦੇ ਯਤਨਾਂ ਮਗਰੋਂ ਇਟਲੀ ਵਿਚ ਭਾਰਤੀ ਸਫਾਰਤਖਾਨੇ ਵਿਚਲੇ ਸਹਾਇਤਾ ਡੈਸਕ ਨੇ ਅਕਾਲੀ ਦਲ ਦੇ ਵਾਲੰਟੀਅਰਾਂ ਦੇ ਨਾਲ ਮਿਲ ਕੇ ਪੰਜਾਬੀਆਂ ਨੂੰ ਲੋੜੀਂਦੇ ਦਸਤਾਵੇਜ਼ ਉਪਲਬਧ ਕਰਵਾਏ ਤਾਂ ਕਿ ਉਹ ਰੈਗੂਲਰ ਕੀਤੇ ਜਾ ਸਕਣ। ਇਹਨਾਂ ਆਗੂਆਂ ਤੇ ਨੌਜਵਾਨਾਂ ਨੇ ਕਿਹਾ ਕਿ ਅਸੀਂ ਇਸ ਦਖਲ ਲਈ ਸ੍ਰੀਮਤੀ ਬਾਦਲ ਦਾ ਧੰਨਵਾਦ ਕਰਦੇ ਹਾਂ।
ਯੂਥ ਅਕਾਲੀ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨਾਲ ਗੱਲਬਾਤ ਕਰਦਿਆਂ ਇਹਨਾਂ ਨੌਜਵਾਨਾਂ ਨੇ ਕਿਹਾ ਕਿ ਪਿਛਲੀ ਅਕਾਲੀ ਦਲ ਤੇ ਭਾਜਪਾ ਸਰਕਾਰ ਵਿਕਾਸ ਲਈ ਜਾਣੀ ਜਾਂਦੀ ਸੀ ਪਰ ਮੰਦੇਭਾਗਾਂ ਨੂੰ ਕਾਂਗਰਸ ਦੇ ਰਾਜਕਾਲ ਵਿਚ ਇਹ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਹਨ। ਉਹਨਾਂ ਕਿਹਾ ਕਿ ਨੌਜਵਾਨ ਵਰਗ ਸਭ ਤੋਂ ਵੱਧ ਪ੍ਰਭਾਵਤ ਹੋਇਆ ਹੈ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਮੌਜੂਦਾ ਕਾਂਗਰਸ ਸਰਕਾਰ ਦੇ ਰਾਜਕਾਲ ਵਿਚ ਉਹਨਾਂ ਦਾ ਪੰਜਾਬ ਵਿਚ ਕੋਈ ਭਵਿੱਖ ਨਹੀਂ ਹੈ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਇਸ ਕਰ ਕੇ ਵੀ ਸੰਤਾਪ ਭੁਗਤ ਰਿਹਾ ਹੈ ਕਿਉਂਕਿ ਅਕਾਲੀ ਦਲ ਨੂੰ ਛੱਡ ਕੇ ਹੋਰ ਵਿਰੋਧੀ ਧਿਰਾਂ ਕਾਂਗਰਸ ਪਾਰਟੀ ਦੇ ਮੂਹਰਲੇ ਸੰਗਠਨ ਬਣ ਗਏ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਤੇ ਨਵੇਂ ਬਣੇ ਢੀਂਡਸਾ ਦਲ ਦੀ ਵਰਤੋਂ ਆਪਣੀਆਂ ਅਸਫਲਤਾਵਾਂ 'ਤੇ ਪਰਦਾ ਪਾਉਣ ਲਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਸ੍ਰੀ ਰੋਮਾਣਾ ਨੇ ਇਹ ਵੀ ਦੱਸਿਆ ਕਿ ਕਿਵੇਂ ਕਾਂਗਰਸ ਪਾਰਟੀ ਨੇ 2017 ਵਿਚ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਖਿਲਵਾੜ ਕਰਨ ਤੋਂ ਬਾਅਦ ਹੁਣ ਮੁੜਕੇ ਇਹ ਕੰਮ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਬੇਅਦਬੀ ਕੇਸਾਂ ਵਿਚ ਇਨਸਾਫ ਦੇਣ ਦਾ ਕੋਈ ਇਰਾਦਾ ਨਹੀਂ ਹੈ ਤੇ ਉਹ ਇਸ ਸੰਵੇਦਨਸ਼ੀਲ ਮੁੱਦੇ 'ਤੇ ਰਾਜਨੀਤੀ ਕਰ ਕੇ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਦਾ ਯਤਨ ਕਰ ਰਹੀ ਹੈ। ਉਹਨਾਂ ਨੇ ਲੋਕਾਂ ਨੂੰ ਚੇਤੇ ਕਰਵਾਇਆ ਕਿ ਪਾਰਟੀ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਹੀ ਅਰਦਾਸ ਕੀਤੀ ਹੈ ਕਿ ਜਿਸਨੇ ਬੇਅਦਬੀ ਕੀਤੀ, ਕਰਵਾਈ ਜਾਂ ਇਸਦੀ ਵਰਤੋਂ ਸਿਆਸਤ ਵਾਸਤੇ ਕੀਤੀ, ਉਸਦਾ ਕੱਖ ਨਾ ਰਹੇ। ਉੁਹਨਾਂ ਇਹ ਵੀ ਦੱਸਿਆ ਕਿ ਕਿਵੇਂ ਹਾਲ ਹੀ ਵਿਚ ਕਾਂਗਰਸ ਦੇ ਇਕ ਮੰਤਰੀ ਤੇ ਵਿਧਾਇਕ ਦੀ ਭੂਮਿਕਾ ਬਹਿਬਲ ਕਲਾਂ ਪੁਲਿਸ ਫਾਇਰਿੰਗ ਕੇਸ ਦੇ ਮੁੱਖ ਗਵਾਹ ਦੀ ਮੌਤ ਦੇ ਮਾਮਲੇ ਵਿਚ ਸਾਹਮਣੇ ਆਈ ਹੈ।
ਅਕਾਲੀ ਦਲ ਤੇ ਭਾਜਪਾ ਸਰਕਾਰ ਵੇਲੇ ਕੀਤੇ ਵਿਕਾਸ ਦੀ ਗੱਲ ਕਰਦਿਆਂ ਸ੍ਰੀ ਰੋਮਾਣਾ ਨੇ ਕਿਹਾ ਕਿ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਉਣ ਤੋਂ ਇਲਾਵਾ 46 ਹਜ਼ਾਰ ਕਰੋੜ ਰੁਪਏ ਦੇ ਸੜਕ ਪ੍ਰਾਜੈਕਟ ਲਿਆਂਦੇ ਗਏ ਤੇ ਨਵੇਂ ਹਵਾਈ ਅੱਡੇ ਤੇ ਵਿਸ਼ਵ ਪੱਧਰ ਦੀਆਂ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ ਤੇ ਸਰਕਾਰ ਨੇ ਐਨ ਆਰ ਆਈਜ਼ ਦੀ ਭਲਾਈ ਵਾਸਤੇ ਅਹਿਮ ਫੈਸਲੇ ਲਏ। ਉਹਨਾਂ ਕਿਹਾ ਕਿ ਇਹਨਾਂ ਫੈਸਲਿਆਂ ਵਿਚ ਐਨ ਆਰ ਆਈ ਪੁਲਿਸ ਥਾਣਿਆਂ ਦੀ ਸਥਾਪਨਾ, ਐਨ ਆਰ ਆਈ ਵੈਕੇਸ਼ਨ ਆਫ ਪ੍ਰਾਪਰਟੀ ਐਕਟ ਤੇ ਕਾਲੀ ਸੂਚੀ ਨੂੰ ਖਤਮ ਕਰਨ ਲਈ ਕੰਮ ਕਰਨਾ ਸ਼ਾਮਲ ਹਨ। ਉਹਨਾਂ ਕਿਹਾ ਕਿ ਹੁਣ ਵੀ ਅਕਾਲੀ ਦਲ ਐਨ ਆਰ ਆਈਜ਼ ਦੀ ਭਲਾਈ ਵਾਸਤੇ ਕੰਮ ਕਰ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਪਾਰਟੀ ਨੇ ਮਲੇਸ਼ੀਆ ਤੋਂ ਪੰਜਾਬੀ ਨੌਜਵਾਨਾਂ ਨੂੰ ਵਾਪਸ ਲਿਆਉਣ ਵਿਚ ਅਹਿਮ ਭੂਮਿਕਾ ਅਦਾ ਕੀਤੀ ਹੈ।