ਚੰਡੀਗੜ•/13 ਫਰਵਰੀ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ)ਨੇ ਸਾਬਿਤ ਕਰ ਦਿੱਤਾ ਹੈ ਕਿ ਇਹ ਕਾਂਗਰਸ ਦੀ ਬੀ ਟੀਮ ਹੈ, ਕਿਉਂਕਿ ਵਿਰੋਧੀ ਪਾਰਟੀ ਦੇ ਆਗੂ ਹਰਪਾਲ ਚੀਮਾ ਨੇ ਪੰਜਾਬ ਦੇ ਭਖਦੇ ਮੁੱਦਿਆਂ ਉੱਤੇ ਚਰਚਾ ਕਰਨ ਲਈ ਬਜਟ ਸੈਸ਼ਨ ਨੂੰ ਲੰਬਾ ਕੀਤੇ ਜਾਣ ਦੀ ਮੰਗ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਵਿਧਾਨ ਸਭਾ ਦੀ ਮੀਡੀਆ ਗੈਲਰੀ ਵਿਚ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀਆਂ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਅਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਵਿਚ ਕਦੇ ਵੀ ਵਿਰੋਧੀ ਪਾਰਟੀ ਸੂਬੇ ਅੰਦਰ ਲੋਕਤੰਤਰ ਦਾ ਕਤਲ ਹੁੰਦਾ ਵੇਖ ਕੇ ਇੱਕ ਮੂਕ ਦਰਸ਼ਕ ਨਹੀਂ ਬਣੀ। ਉਹਨਾਂ ਕਿਹਾ ਕਿ ਸੈਸ਼ਨ ਨੂੰਥ ਲੰਬਾ ਕਰਨ ਸੰਬੰਧੀ ਬਿਜਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਵਿਚ ਅਤੇ ਅੱਜ ਵਿਧਾਨ ਸਭਾ ਅੰਦਰ ਜਿਸ ਤਰੀਕੇ ਨਾਲ ਵਿਰੋਧੀ ਪਾਰਟੀ ਦੇ ਆਗੂ ਹਰਪਾਲ ਚੀਮਾ ਨੇ ਚੁੱਪ ਧਾਰੀ ਰੱਖੀ, ਉਸ ਤੋਂ ਸਾਬਿਤ ਹੁੰਦਾ ਹੈ ਕਿ ਆਪ ਕਾਂਗਰਸ ਪਾਰਟੀ ਨਾਲ ਮਿਲ ਕੇ ਕੰਮ ਕਰ ਰਹੀ ਹੈ।
ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸਰਦਾਰ ਢੀਂਡਸਾ ਨੇ ਕਿਹਾ ਕਿ ਬਿਜ਼ਨਸ ਐਡਵਾਈਜ਼ਰੀ ਕਮੇਟੀ (ਬੀਏਸੀ) ਦੀ ਮੀਟਿੰਗ ਦੌਰਾਨ ਉਹਨਾਂ ਵਾਰ ਵਾਰ ਹਰਪਾਲ ਚੀਮਾ ਨੂੰ ਬੇਨਤੀ ਕੀਤੀ ਸੀ ਕਿ ਉਹ ਕਾਂਗਰਸ ਵੱਲੋਂ ਇੱਕ ਹਫਤੇ ਦਾ ਬਜਟ ਸੈਸ਼ਨ ਰੱਖਣ ਲਈ ਪਾ ਜਾ ਰਹੇ ਦਬਾਅ ਦਾ ਵਿਰੋਧ ਕਰੇ। ਪਰ ਚੀਮਾ ਨੇ ਮੇਰੀ ਬੇਨਤੀਆਂ ਵੱਲ ਕੋਈ ਤਵੱਜੋ ਨਹੀਂ ਦਿੱਤੀ ਅਤੇ ਅੱਜ ਜਦੋਂ ਬੀਏਸੀ ਦੀਆਂ ਸਿਫਾਰਿਸ਼ਾਂ ਸੰਬੰਧੀ ਵੋਟਿੰਗ ਹੋਣੀ ਸੀ ਤਾਂ ਚੀਮਾ ਨੇ ਕਿਸਾਨਾਂ, ਨੌਜਵਾਨਾਂ, ਕਰਮਚਾਰੀਆਂ ਅਤੇ ਦਲਿਤਾਂ ਦੇ ਮੁੱਦਿਆਂ ਉੱਤੇ ਚਰਚਾ ਕਰਨ ਲਈ ਸੈਸ਼ਨ ਨੂੰ ਲੰਬਾ ਕਰਨ ਦੀ ਮੰਗ ਕਰਨ ਤੋਂ ਇਨਕਾਰ ਕਰ ਦਿੱਤਾ।
ਸਰਦਾਰ ਢੀਂਡਸਾ ਨੇ ਕਿਹਾ ਕਿ ਬੀਏਸੀ ਦੀ ਮੀਟਿੰਗ ਦੌਰਾਨ ਉਹਨਾਂ ਨੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਸਬੂਤ ਦਿੱਤਾ ਸੀ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸਿਰਫ ਉਹਨਾਂ ਸਾਲਾਂ ਨੂੰ ਛੱਡ ਕੇ ਜਦੋਂ ਆ ਰਹੀਆਂ ਚੋਣਾਂ ਕਰਕੇ ਅੰਤਰਿਮ ਬਜਟ ਪੇਸ਼ ਕੀਤਾ ਗਿਆ ਸੀ, ਬਜਟ ਸੈਸ਼ਨ ਕਦੇ ਵੀ ਇੰਨਾ ਛੋਟਾ ਨਹੀਂ ਰੱਖਿਆ ਗਿਆ ਸੀ । ਉਹਨਾਂ ਕਿਹਾ ਕਿ 2010 ਵਿਚ ਬਜਟ ਸੈਸ਼ਨ 14 ਦਿਨ ਦਾ ਰੱਖਿਆ ਸੀ ਅਤੇ 2016 ਵਿਚ ਬਜਟ ਸੈਸ਼ਨ 13 ਦਿਨਾਂ ਦਾ ਰੱਖਿਆ ਗਿਆ ਸੀ।
ਸਰਦਾਰ ਮਜੀਠੀਆ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਦੇ ਵਤੀਰੇ ਨੇ ਸਾਬਿਤ ਕਰ ਦਿੱਤਾ ਹੈ ਕਿ ਕਾਂਗਰਸ ਅਤੇ ਆਪ ਰਲ ਕੇ ਮੈਚ ਖੇਡ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਇਸ ਲਈ ਵਾਪਰ ਰਿਹਾ ਹੈ, ਕਿਉਂਕਿ ਹਰਪਾਲ ਚੀਮਾ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਨਹੀਂ ਗੁਆਉਣਾ ਚਾਹੁੰਦਾ ਸੀ। ਉਹਨਾਂ ਕਿਹਾ ਕਿ ਸਪੀਕਰ ਜਦੋਂ ਚਾਹੇ ਸੱਤ ਵਿਧਾਇਕਾਂ ਨੂੰ ਅਯੋਗ ਕਰਾਰ ਦੇ ਸਕਦਾ ਹੈ, ਅਕਾਲੀ ਆਗੂ ਨੇ ਉਹਨਾਂ ਆਪ ਵਿਧਾਇਕਾਂ ਬਾਰੇ ਬੋਲਦਿਆਂ ਕਿਹਾ, ਜਿਹੜੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਚੁੱਕੇ ਹਨ। ਉਹਨਾਂ ਕਿਹਾ ਕਿ ਸੰਵਿਧਾਨਿਕ ਨਿਯਮਾਂ ਮੁਤਾਬਿਕ ਉਹ ਅਯੋਗ ਹੋ ਚੁੱਕੇ ਹਨ। ਪਰੰਤੂ ਸਪੀਕਰ ਸਾਹਿਬ ਨੇ ਇਸ ਮਾਮਲੇ ਉਤੇ ਅਜੇ ਫੈਸਲਾ ਨਹੀਂ ਲਿਆ ਹੈ।ਮੈਂ ਸਿਰਫ ਇੱਕ ਗੱਲ ਪੁੱਛਣੀ ਚਾਹੁੰਦਾ ਹਾਂ ਕਿ ਕੀ ਇਹ ਵਿਧਾਇਕ ਸੰਵਿਧਾਨ ਤੋਂ ਉੱਪਰ ਹਨ?ਉਹ ਤਨਖਾਹਾਂ, ਰਿਹਾਇਸ਼ ਤੇ ਸੁਰੱਿਖਆ ਦੀਆਂ ਸਹੂਲਤਾਂ ਕਿਵੇਂ ਲੈ ਰਹੇ ਹਨ? ਉਹਨਾਂ ਨੂੰ ਇਹਨਾਂ ਸੁਆਲਾਂ ਦਾ ਜੁਆਬ ਦੇਣਾ ਚਾਹੀਦਾ ਹੈ, ਕਿਉਂਕਿ ਇਹ ਸੁਆਲ ਸੰਵਿਧਾਨਿਕ ਨਿਯਮਾਂ ਅਤੇ ਇਖ਼ਲਾਕੀ ਕੀਮਤਾਂ ਨਾਲ ਜੁੜੇ ਹਨ।
ਇਹ ਕਹਿੰਦਿਆਂ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਆਪ ਸਿਰਫ ਮੁੱਖ ਵਿਰੋਧੀ ਪਾਰਟੀ ਬਣੀ ਰਹਿਣ ਲਈ ਜਨਤਕ ਮੁੱਦੇ ਨਹੀਂ ਉਠਾ ਰਹੀ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਪਟਿਆਲਾ ਵਿਖੇ ਸ਼ਾਂਤਮਈ ਅੰਦੋਲਨ ਦੌਰਾਨ ਪੁਲਿਸ ਵੱਲੋਂ ਕੀਤੀ ਮਾਰਕੁੱਟ ਦਾ ਸ਼ਿਕਾਰ ਬਣੀਆਂ ਮਹਿਲਾ ਅਧਿਆਪਕਾਂ ਨੂੰ ਇਨਸਾਫ ਦਿਵਾਉਣ ਅਤੇ ਸੂਬੇ ਅੰਦਰ ਅਮਨ ਤੇ ਕਾਨੂੰਨ ਦੀ ਖਸਤਾ ਹੋਈ ਹਾਲਤ ਸਮੇਤ ਸਾਰੇ ਜਨਤਕ ਮੁੱਦਿਆਂ ਨੂੰ ਉਠਾਉਣਾ ਜਾਰੀ ਰੱਖੇਗਾ। ਉਹਨਾਂ ਕਿਹਾ ਕਿ ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਲੁਧਿਆਣਾ ਬਲਾਤਕਾਰ ਕਾਂਡ ਹੋਣ ਤੋਂ 27 ਘੰਟਿਆਂ ਮਗਰੋਂ ਕੇਸ ਦਰਜ ਕੀਤਾ ਗਿਆ ਸੀ। ਅਸੀਂ ਸਰਕਾਰੀ ਕਰਮਚਾਰੀਆਂ ਦੇ 4 ਹਜ਼ਾਰ ਕਰੋੜ ਰੁਪਏ ਦੇ ਡੀਏ ਕਿਸ਼ਤਾਂ ਦੇ ਬਕਾਏ ਜਾਰੀ ਕਰਨ ਅਤੇ ਠੇਕੇ ਤੇ ਰੱਖੇ 27ਹਜ਼ਾਰ ਕਰਮਚਾਰੀਆਂ ਨੂੰ ਤੁਰੰਤ ਪੱਕੇ ਕੀਤੇ ਜਾਣ ਦੀ ਮੰਗ ਕਰਦੇ ਹਾਂ।