ਤਲਵੰਡੀ ਸਾਬੋ/06 ਮਈ:ਆਮ ਆਦਮੀ ਪਾਰਟੀ ਅਤੇ ਇਸ ਦੀ ਲੋਕ ਸਭਾ ਹਲਕਾ ਉਮੀਦਵਾਰ ਬਲਜਿੰਦਰ ਕੌਰ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਆਪ ਉਮੀਦਵਾਰ ਦੇ ਅੰਕਲ ਜਸਵਿੰਦਰ ਸਿੰਘ ਜ਼ੈਲਦਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ। ਸਰਦਾਰ ਜ਼ੈਲਦਾਰ ਬਲਜਿੰਦਰ ਕੌਰ ਦੇ ਮੁੱਖ ਚੋਣ ਮੈਨੇਜਰ ਵੀ ਸਨ।
ਜਗ੍ਹਾ ਰਾਮ ਤੀਰਥ ਪਿੰਡ ਵਿਚ ਬਲਜਿੰਦਰ ਕੌਰ ਦੀ ਰਿਹਾਇਸ਼ ਦੇ ਬਿਲਕੁੱਲ ਨਜ਼ਦੀਕ ਰਹਿਣ ਵਾਲੇ ਸਰਦਾਰ ਜਸਵਿੰਦਰ ਸਿੰਘ ਜ਼ੈਲਦਾਰ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਮੌਜੂਦਗੀ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋਏ। ਇਸ ਮੌਕੇ ਪਿੰਡ ਦੇ ਤਿੰਨ ਪੰਚਾਇਤ ਮੈਂਬਰ ਬਲਵਿੰਦਰ ਸਿੰਘ, ਬੂਟਾ ਸਿੰਘ ਅਤੇ ਮਲਕੀਤ ਕੌਰ ਵੀ ਅਕਾਲੀ ਦਲ ਵਿਚ ਸ਼ਾਮਿਲ ਹੋਏ।
ਇਸ ਮੌਕੇ ਉੱਪਰ ਬੋਲਦਿਆਂ ਬੀਬੀ ਬਾਦਲ ਨੇ ਕਿਹਾ ਕਿ ਲੋਕਾਂ ਦਾ ਆਪ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਲੋਕ ਆਪ ਨੂੰ ਇਸ ਲਈ ਛੱਡ ਰਹੇ ਸਨ, ਕਿਉਂਕਿ ਇਹ ਆਪਣੀ ਵਿਚਾਰਧਾਰਾ ਤੋਂ ਦੂਰ ਹੋ ਗਈ ਸੀ। ਪਰ ਹੁਣ ਤਾਂ ਆਪ ਉਮੀਦਵਾਰਾਂ ਦੇ ਨੇੜਲੇ ਰਿਸ਼ਤੇਦਾਰ ਵੀ ਇਸ ਪਾਰਟੀ ਨੂੰ ਛੱਡ ਰਹੇ ਹਨ। ਉਹਨਾਂ ਕਿਹਾ ਕਿ ਜਸਵਿੰਦਰ ਜ਼ੈਲਦਾਰ ਦੇ ਜਾਣ ਨਾਲ ਬਲਜਿੰਦਰ ਕੌਰ ਦੀ ਚੋਣ ਮੁਹਿੰਮ ਨੂੰ ਵੱਡਾ ਧੱਕਾ ਲੱਗਿਆ ਹੈ। ਉਹਨਾਂ ਕਿਹਾ ਕਿ ਜ਼ੈਲਦਾਰ ਆਪ ਉਮੀਦਵਾਰ ਦਾ ਮੁੱਖ ਰਣਨੀਤੀਘਾੜਾ ਸੀ। ਉਸ ਦੇ ਜਾਣ ਨਾਲ ਆਪ ਬਠਿੰਡਾ ਵਿਚ ਪੂਰੀ ਤਰ੍ਹਾਂ ਚੋਣ ਮੁਕਾਬਲੇ 'ਚੋਂ ਬਾਹਰ ਹੋ ਗਈ ਹੈ।
ਇਸ ਮੌਕੇ ਉੱਪਰ ਬੋਲਦਿਆਂ ਜਸਵਿੰਦਰ ਜ਼ੈਲਦਾਰ ਨੇ ਕਿਹਾ ਕਿ ਉਹ ਆਪ ਤੋਂ ਪੂਰੀ ਨਿਰਾਸ਼ ਹੋ ਗਏ ਸਨ, ਕਿਉਂਕਿ ਇਹ ਕਹਿੰਦੀ ਕੁੱਝ ਹੋਰ ਸੀ ਅਤੇ ਕਰਦੀ ਬਿਲਕੁੱਲ ਹੀ ਕੁੱਝ ਹੋਰ ਸੀ। ਉਹਨਾਂ ਕਿਹਾ ਕਿ ਮੈਨੂੰ ਬਾਕੀ ਹਜ਼ਾਰਾਂ ਵਲੰਟੀਅਰਾਂ ਵਾਂਗ ਪਾਰਟੀ ਵੱਲੋਂ ਗੁੰਮਰਾਹ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਉਹ 19 ਮਈ ਨੂੰ ਅਕਾਲੀ ਉਮੀਦਵਾਰ ਨੂੰ ਜਿਤਾਉਣ ਲਈ ਆਪਣੀ ਪੂਰੀ ਵਾਹ ਲਾ ਦੇਣਗੇ।