ਕਿਹਾ ਕਿ ਕਾਂਗਰਸ ਇਕੱਲੀ ਲੋਕਾਂ 'ਚ ਜਾਣ ਤੋਂ ਡਰਦੀ ਹੈ, ਇਸ ਲਈ ਆਪ ਨਾਲ ਗਠਜੋੜ ਕਰ ਰਹੀ ਹੈ ਅਤੇ ਅਖੌਤੀ ਟਕਸਾਲੀਆਂ ਅਤੇ ਖਹਿਰਾ ਗਰੁੱਪ ਦੀ ਅਗਵਾਈ ਕਰ ਰਹੀ ਹੈ
ਕਿਹਾ ਕਿ ਆਪ ਦਾ ਇੰਨਾ ਮਾੜਾ ਹਾਲ ਹੋ ਗਿਆ ਹੈ ਕਿ ਇਹ ਕਾਂਗਰਸ ਕੋਲੋਂ ਇੱਕ ਸੀਟ ਦੀ ਭੀਖ ਮੰਗ ਰਹੀ ਹੈ
ਚੰਡੀਗੜ•/20 ਮਾਰਚ: ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਕਾਰ ਗਠਜੋੜ ਲਈ ਚੱਲ ਰਹੀ ਖੁੱਲ•ੀ ਗੱਲਬਾਤ ਨੇ ਸਾਬਿਤ ਕਰ ਦਿੱਤਾ ਹੈ ਕਿ ਆਪ ਕਾਂਗਰਸ ਦੀ ਬੀ ਟੀਮ ਹੈ ਅਤੇ ਕਾਂਗਰਸ ਇੱਕ ਨਿਰਾਲਾ ਗਠਜੋੜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਸਾਰੇ ਚੋਣ ਵਾਅਦਿਆਂ ਤੋਂ ਮੁਕਰ ਜਾਣ ਮਗਰੋਂ ਹੁਣ ਇਸ ਵਿਚ ਇਕੱਲਿਆਂ ਲੋਕਾਂ 'ਚ ਜਾਣ ਦਾ ਹੌਂਸਲਾ ਨਹੀਂ ਰਿਹਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਅੰਦਰ ਇੱਕ ਰਸਮੀ ਗਠਜੋੜ ਬਣਾਉਣ ਲਈ ਕਾਂਗਰਸ ਨਾ ਸਿਰਫ ਆਪ ਨਾਲ ਗੱਲਬਾਤ ਕਰ ਰਹੀ ਹੈ, ਸਗੋਂ ਇਸ ਨੇ ਅਖੌਤੀ ਟਕਸਾਲੀਆਂ ਅਤੇ ਸੁਖਪਾਲ ਖਹਿਰਾ ਦੇ ਧੜੇ ਨਾਲ ਵੀ ਗੈਰ-ਰਸਮੀ ਗਠਜੋੜ ਵੀ ਕਾਇਮ ਕਰ ਰੱਖਿਆ ਹੈ। ਉਹਨਾਂ ਕਿਹਾ ਕਿ ਇਹ ਸਭ ਘਬਰਾਹਟ ਦੀ ਨਿਸ਼ਾਨੀ ਹੈ। ਕਾਂਗਰਸ ਨੇ ਮਹਿਸੂਸ ਕਰ ਲਿਆ ਹੈ ਕਿ ਆ ਰਹੀਆਂ ਚੋਣਾਂ ਵਿਚ ਲੋਕ ਇਸ ਨੂੰ ਸਬਕ ਸਿਖਾਉਣਗੇ।ਇਸ ਲਈ ਆਪ ਨਾਲ ਗੱਲਬਾਤ ਕਰ ਰਹੀ ਹੈ ਅਤੇ ਪੰਥਕ ਵੋਟ ਲੈਣ ਵਾਸਤੇ ਅਖੌਤੀ ਟਕਸਾਲੀਆਂ ਦੀ ਅਗਵਾਈ ਕਰ ਰਹੀ ਹੈ। ਇਸ ਦੇ ਅਜਿਹੇ ਹਥਕੰਡੇ ਕਾਮਯਾਬ ਨਹੀਂ ਹੋਣਗੇ। ਸਿੱਖ ਪੰਥ ਕਾਂਗਰਸ ਦੀਆਂ ਸਿਆਸੀ ਚਾਲਾਂ ਨੂੰ ਵੇਖ ਚੁੱਕਿਆ ਹੈ।ਸ੍ਰੀ ਦਰਬਾਰ ਸਾਹਿਬ ਉੱਤੇ ਤੋਪਾਂ ਅਤੇ ਟੈਕਾਂ ਨਾਲ ਹਮਲਾ ਕਰਵਾਉਣ ਵਾਲਿਆਂ ਅਤੇ ਦਿੱਲੀ ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਸਿੱਖ ਪੰਥ ਵੱਲੋਂ ਕਦੇ ਮੂੰਹ ਨਹੀਂ ਲਾਇਆ ਜਾਵੇਗਾ।
ਆਪ ਬਾਰੇ ਬੋਲਦਿਆਂ ਬੀਬੀ ਬਾਦਲ ਨੇ ਕਿਹਾ ਕਿ ਇਸ ਪਾਰਟੀ ਦਾ ਇੰਨਾ ਮਾੜਾ ਹਾਲ ਹੋ ਚੁੱਕਿਆ ਹੈ ਕਿ ਇਹ ਆਪਣੇ ਸਟੇਟ ਕਨਵੀਨਰ ਭਗਵੰਤ ਮਾਨ ਵਾਸਤੇ ਸਿਰਫ ਇੱਕ ਸੰਗਰੂਰ ਦੀ ਸੀਟ ਲੈਣ ਵਾਸਤੇ ਕਾਂਗਰਸ ਪਾਰਟੀ ਦੇ ਹਾੜੇ ਕੱਢ ਰਹੀ ਹੈ। ਉਹਨਾਂ ਕਿਹਾ ਕਿ ਆਪ ਮੁਖੀ ਅਰਵਿੰਦ ਕੇਜਰੀਵਾਲ ਦਾ ਵੀ ਸਾਰਾ ਜ਼ੋਸ ਠੰਡਾ ਪੈ ਚੁੱਕਿਆ ਹੈ ਅਤੇ ਉਹ ਦਿੱਲੀ, ਹਰਿਆਣਾ ਅਤੇ ਪੰਜਾਬ ਅੰਦਰ ਗਠਜੋੜ ਕਰਨ ਲਈ ਕਾਂਗਰਸ ਦੇ ਹਾੜੇ ਕੱਢ ਰਿਹਾ ਹੈ।
ਬਠਿੰਡਾ ਸਾਂਸਦ ਨੇ ਕਿਹਾ ਕਿ ਪਹਿਲਾਂ ਵੀ ਆਪ ਨੇ ਦਿੱਲੀ ਅਤੇ ਪੰਜਾਬ ਵਿਚ ਕਾਂਗਰਸ ਨਾਲ ਗਠਜੋੜ ਕੀਤਾ ਸੀ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਇਹ ਐਲਾਨ ਕਰਕੇ ਲੋਕਾਂ ਨੂੰ ਬੇਵਕੂਫ ਬਣਾਇਆ ਸੀ ਕਿ ਜੇਕਰ ਆਪ ਦਿੱਲੀ ਅੰਦਰ ਸੱਤਾ ਵਿਚ ਆਈ ਤਾਂ ਉਹ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਖਸ਼ਤ ਖਿਲਾਫ ਇੱਕ ਅਪਰਾਧਿਕ ਮਾਮਲਾ ਦਰਜ ਕਰੇਗਾ। ਉਹਨਾਂ ਕਿਹਾ ਕਿ ਸ਼ੀਲਾ ਦੀਖਸ਼ਤ ਉਸੇ ਤਰ•ਾਂ ਖੁੱਲ•ੀ ਘੁੰਮ ਰਹੀ ਹੈ ਅਤੇ ਹੁਣ ਕੇਜਰੀਵਾਲ ਸ਼ੀਲਾ ਦੀਖਸ਼ਤ ਨਾਲ ਦਿੱਲੀ ਵਿਚ ਗਠਜੋੜ ਕਰਨ ਲਈ ਗੱਲਬਾਤ ਕਰ ਰਿਹਾ ਹੈ। ਇਸੇ ਤਰ•ਾਂ ਕੇਜਰੀਵਾਲ ਪੰਜਾਬ ਵਿਚ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗਠਜੋੜ ਕਰਨ ਲਈ ਗੱਲਬਾਤ ਕਰ ਰਿਹਾ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਆਪ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਨਾਲ ਮਿਲ ਕੇ ਲੜੀਆਂ ਸਨ ਅਤੇ ਹੁਣ ਆਪਣੇ ਪੁਰਾਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ।
ਇਹ ਟਿੱਪਣੀ ਕਰਦਿਆਂ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਕਾਲੀ-ਭਾਜਪਾ ਗਠਜੋੜ ਦੀ ਮਜ਼ਬੂਤ ਇਰਾਦੇ ਵਾਲੀ ਲੀਡਰਸ਼ਿਪ ਹੈ ਅਤੇ ਦੂਜੇ ਪਾਸੇ ਭ੍ਰਿਸ਼ਟਾਚਾਰ ਨਾਲ ਲਿਬੜੀ ਕਾਂਗਰਸ ਦੀ ਨਿਕੰਮੀ ਸਰਕਾਰ ਅਤੇ ਆਪ ਵਰਗੇ ਮੌਕਾਪ੍ਰਸਤ ਗਰੁੱਪ ਹਨ, ਇਹ ਵਿਚੋਂ ਲੋਕਾਂ ਨੇ ਆਪਣੀ ਸਮਝ ਅਨੁਸਾਰ ਚੋਣ ਕਰਨੀ ਹੈ। ਉਹਨਾਂ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਲੋਕ ਵਿਕਾਸ ਅਤੇ ਖੁਸ਼ਹਾਲੀ ਦੀ ਅਗਵਾਈ ਕਰਨ ਵਾਲੇ ਅਕਾਲੀ-ਭਾਜਪਾ ਗਠਜੋੜ ਨੂੰ ਹੀ ਚੁਣਨਗੇ।