ਚੰਡੀਗੜ•/30 ਅਕਤੂਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਕਾਂਗਰਸੀ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਸੀਨੀਅਰ ਆਈਏਐਸ ਮਹਿਲਾ ਅਧਿਕਾਰੀ ਦਾ ਜਿਨਸੀ ਸੋਸ਼ਣ ਕਰਨ ਦੇ ਮਾਮਲੇ 'ਚੋਂ ਬਚਣ ਲਈ ਦਲਿਤ ਪੱਤਾ ਖੇਡਣਾ ਬਹੁਤ ਹੀ ਗਲਤ ਹੈ, ਕਿਉੁਂਕਿ ਦਲਿਤਾਂ ਦਾ ਇਤਿਹਾਸ ਔਰਤਾਂ ਦਾ ਸਤਿਕਾਰ ਕਰਨ ਅਤੇ ਉਹਨਾਂ ਦੀ ਰਾਖੀ ਕਰਨ ਦਾ ਹੈ, ਉਹਨਾਂ ਉੱਤੇ ਜਿਨਸੀ ਹਮਲੇ ਕਰਨ ਦਾ ਨਹੀਂ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਆਗੂਆਂ ਗੁਲਜ਼ਾਰ ਸਿੰਘ ਰਣੀਕੇ, ਸੋਹਨ ਸਿੰਘ ਠੰਡਲ ਅਤੇ ਪਵਰ ਕੁਮਾਰ ਟੀਨੂੰ ਇਕ ਆਈਏਐਸ ਅਧਿਕਾਰੀ ਦੀ ਜਿਨਸੀ ਛੇੜਛਾੜ ਦੇ ਮਾਮਲੇ ਨੂੰ ਸਰਕਾਰ ਦੇ ਮੂੰਹ ਉੱਤੇ ਬਦਨਾਮੀ ਦਾ ਧੱਬਾ ਕਰਾਰ ਦਿੱਤਾ ਅਤੇ ਦੋਸ਼ੀ ਮੰਤਰੀ ਦੀ ਤੁਰੰਤ ਬਰਖਾਸਤਗੀ ਅਤੇ ਉਸ ਖ਼ਿਲਾਫ ਭਾਰਤੀ ਦੰਡ ਧਾਰਾ ਦੇ ਸੈਕਸ਼ਨ 345 ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ।
ਸੀਨੀਅਰ ਅਕਾਲੀ ਆਗੂਆਂ ਨੇ ਦਾਅਵਾ ਕੀਤਾ ਕਿ ਦੇਸ਼ ਦੇ ਇਤਿਹਾਸ ਅੰਦਰ ਦਲਿਤਾਂ ਨੇ ਬਹਾਦਰੀ ਅਤੇ ਨੇਕੀ ਦੇ ਰਾਹ ਉੱਤੇ ਚੱਲਣ ਦੀ ਮਿਸਾਲ ਕਾਇਮ ਕੀਤੀ ਹੈ। ਉਹਨਾਂ ਦੱਸਿਆ ਕਿ ਜਦੋਂ 1675 ਵਿਚ ਮੁਗਲ ਹਾਕਮ ਔਰੰਗਜ਼ੇਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਕੱਟਿਆ ਗਿਆ ਸੀ, ਤਾਂ ਉਹ ਇੱਕ ਦਲਿਤ ਹੀ ਸੀ, ਜਿਹੜਾ ਆਪਣੀ ਜਾਨ ਉੱਤੇ ਖੇਡ ਕੇ ਗੁਰੂ ਸਾਹਿਬ ਦਾ ਸੀਸ ਲੈ ਕੇ ਆਇਆ ਸੀ ਅਤੇ ਹੁਣ ਤਕ ਉਸ ਨੂੰ ਸਿੱਖਾਂ ਵੱਲੋਂ ਹੀ ਨਹੀਂ, ਸਗੋਂ ਪੂਰੇ ਦੇਸ਼ ਵੱਲੋਂ ਪਿਆਰ ਨਾਲ 'ਰੰਘਰੇਟਾ ਗੁਰੂ ਕਾ ਬੇਟਾ'ਕਹਿ ਕੇ ਯਾਦ ਕੀਤਾ ਜਾਂਦਾ ਹੈ।
ਰਣੀਕੇ ਅਤੇ ਠੰਡਲ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਵਿਚ ਇੱਕ ਸੀਨੀਅਰ ਆਈਏਐਸ ਅਧਿਕਾਰੀ ਨਾਲ ਵਾਪਰੀ ' ਮੀ ਟੂ' ਦੀ ਭਿਆਨਕ ਘਟਨਾ ਨੂੰ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਮੁਖੀ ਸੁਨੀਲ ਜਾਖੜ ਦੇ ਰਵੱਈਏ ਨੇ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਆਸ਼ਾ ਕੁਮਾਰੀ ਨੇ ਇੱਕ ਔਰਤ ਹੋਣ ਦੇ ਬਾਵਜੂਦ ਨੇ ਔਰਤਾਂ ਅਤੇ ਖਾਸ ਕਰਕੇ ਮਹਿਲਾ ਅਧਿਕਾਰੀ ਪ੍ਰਤੀ ਕੋਈ ਹਮਦਰਦੀ ਨਾ ਵਿਖਾਉਂਦਿਆਂ ਬਹੁਤ ਹੀ ਬੇਹੂਦਾ ਵਿਵਹਾਰ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਦਾ ਨੈਤਿਕ ਤੌਰ ਤੇ ਮੁਕੰਮਲ ਪਤਨ ਹੋ ਚੁੱਕਿਆ ਹੈ।
ਉਹਨਾਂ ਕਿਹਾ ਕਿ ਭਾਈ ਜੀਵਨ ਸਿੰਘ ਦੀ ਕੁਰਬਾਨੀ ਦਾ ਇਤਿਹਾਸ ਗਵਾਹ ਹੈ। ਇਸ ਤੋਂ ਇਲਾਵਾ ਅਜਿਹੇ ਸੈਕੜੇ ਦਲਿਤ ਹੋਏ ਹਨ, ਜਿਹਨਾਂ ਨੇ ਔਰਤਾਂ ਦੀ ਰਾਖੀ ਕਰਦਿਆਂ ਭਾਰਤੀ ਇਤਿਹਾਸ ਅੰਦਰ ਉੱਚ ਕਦਰਾਂ ਕੀਮਤਾਂ ਉੱਤੇ ਪਹਿਰਾ ਦਿੱਤਾ ਹੈ। ਸ੍ਰੀ ਟੀਨੂੰ ਨੇ ਕਿਹਾ ਕਿ ਪੰਜਾਬ ਵਿਚ ਆਉਣ ਵਾਲੇ ਹਮਲਾਵਰਾਂ ਤੋਂ ਔਰਤਾਂ ਨੂੰ ਬਚਾਉਣ ਲਈ ਬਹਾਦਰ ਦਲਿਤ ਤਲਵਾਰਾਂ ਤਾਣ ਕੇ ਖਲੋ ਜਾਂਦੇ ਸਨ। ਅੱਜ ਇਹ ਹਾਲਾਤ ਹੋ ਗਏ ਹਨ ਕਿ ਇੱਕ ਕੈਬਨਿਟ ਮੰਤਰੀ ਇਸ ਗੱਲ ਦੀ ਆੜ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਕਿਉਂਕਿ ਉਹ ਦਲਿਤ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਘਟੀਆ ਸੋਚ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਕਾਂਗਰਸ ਨੂੰ ਆਪਣਾ ਸਿਰ ਸ਼ਰਮ ਨਾਲ ਝੁਕਾ ਲੈਣਾ ਚਾਹੀਦਾ ਹੈ ਕਿ ਇਹ ਇੱਕ ਦੋਸ਼ੀ ਨੂੰ ਬਚਾਉਣ ਵਿਚ ਰੁੱਝੀ ਹੋਈ ਹੈ, ਜੋ ਕਿ ਔਰਤਾਂ ਖ਼ਿਲਾਫ ਇੱਕ ਬਹੁਤ ਹੀ ਗੰਭੀਰ ਅਤੇ ਘਿਣਾਉਣਾ ਗੁਨਾਹ ਹੈ। ਉਹਨਾਂ ਕਿਹਾ ਕਿ ਸਰਕਾਰ ਦਾ ਰਵੱਈਆ ਵੇਖ ਕੇ ਸਰਕਾਰੀ ਦਫਤਰਾਂ ਵਿਚ ਜੂਨੀਅਰ ਪੱਧਰ ਉੱਤੇ ਕੰਮ ਕਰਦੀਆਂ ਕੰਮਕਾਜੀ ਔਰਤਾਂ ਦੀ ਹਾਲਤ ਕਿੰਨੀ ਮਾੜੀ ਹੋਣੀ ਹੈ।
ਉਹਨਾਂ ਕਿਹਾ ਕਿ ਇਹ ਇੱਕ ਅਜਿਹਾ ਦੇਸ਼ ਹੈ, ਜਿਸ ਨੇ ਭਾਰਤ ਦਾ ਸੰਵਿਧਾਨ ਘੜਣ ਵਾਲੇ ਡਾਕਟਰ ਬੀ ਆਰ ਅੰਬੇਦਕਰ ਵਰਗੇ ਦਲਿਤ ਸਪੁੱਤਰ ਪੈਦਾ ਕੀਤੇ ਹਨ। ਉਹਨਾਂ ਕਿਹਾ ਕਿ ਸਾਡੇ ਕੋਲ ਚੰਨੀ ਵਰਗੇ ਕਿਰਦਾਰ ਵਾਲੇ ਵਿਅਕਤੀ ਵੀ ਹਨ, ਜਿਹੜੇ ਸੀਨੀਅਰ ਮਹਿਲਾ ਅਧਿਕਾਰੀਆਂ ਨਾਲ ਜਿਨਸੀ ਛੇੜਛਾੜ ਕਰਕੇ ਵੀ ਸਾਫ ਬਚ ਜਾਂਦੇ ਹਨ, ਕਿਉਂਕਿ ਉਸ ਉੱਤੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਮਿਹਰ ਹੈ ਜੋ ਕਿ ਔਰਤਾਂ ਦੇ ਸਤਿਕਾਰ, ਮੁੱਢਲੇ ਅਧਿਕਾਰਾਂ ਅਤੇ ਸੁਰੱਖਿਆ ਪ੍ਰਤੀ ਬੇਹੱਦ ਲਾਪਰਵਾਹ ਹੈ।
ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਨੂੰ ਉਸੇ ਦਿਨ ਫੈਸਲਾ ਲੈਣਾ ਚਾਹੀਦਾ ਸੀ, ਜਦੋਂ ਇਸ ਭਿਆਨਕ ਘਟਨਾ ਸਾਹਮਣੇ ਆਈ ਸੀ। ਪਰੰਤੂ ਅਫਸੋਸ ਦੀ ਗੱਲ ਹੈ ਕਿ ਰਾਹੁਲ ਗਾਂਧੀ ਨੇ ਚੁੱਪ ਰਹਿਣਾ ਠੀਕ ਸਮਝਿਆ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਆਸ਼ਾ ਕੁਮਾਰੀ ਨੂੰ ਔਰਤਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ 'ਅਪਮਾਨਜਨਕ ਬਿਆਨਨਬਾਜ਼ੀ'ਕਰਨ ਲਈ ਮੂਹਰੇ ਕਰ ਦਿੱਤਾ।