ਕਿਹਾ ਕਿ ਏਮਜ਼ ਨਾਲ ਬਠਿੰਡਾ ਦੀ ਅਰਥ ਵਿਵਸਥਾ ਅੰਦਰ ਦੂਜਾ ਉਛਾਲ ਆਵੇਗਾ। ਇਸ ਤੋਂ ਪਹਿਲਾਂ ਰਿਫਾਈਨਰੀ ਨੇ ਬਠਿੰਡਾ ਦਾ ਵਿਕਾਸ ਕੀਤਾ ਸੀ
ਬਠਿੰਡਾ/11 ਮਈ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਅਗਲੇ ਕੁੱਝ ਮਹੀਨਿਆਂ ਦੌਰਾਨ ਹਸਪਤਾਲ ਵਿਚ ਓਪੀਡੀ ਅਤੇ ਦੂਜੀਆਂ ਸੇਵਾਵਾਂ ਸ਼ੁਰੂ ਨਾਲ ਏਮਜ਼ ਬਠਿੰਡਾ ਅੰਦਰ ਹਜ਼ਾਰਾਂ ਨੌਕਰੀਆਂ ਪੈਦਾ ਹੋਣਗੀਆਂ। ਉਹਨਾਂ ਕਿਹਾ ਕਿ ਮੈਨੂੰ ਇਸ ਦਾ ਸਿਹਰਾ ਲੈਣ ਤੋਂ ਰੋਕਣ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕਾਂਗਰਸ ਵੱਲੋਂ ਪਾਏ ਅਨੇਕਾਂ ਅੜਿੱਕਿਆਂ ਦੇ ਬਾਵਜੂਦ ਇਹ ਵੱਕਾਰੀ ਸੰਸਥਾਨ ਰਿਕਾਰਡ ਸਮੇਂ ਅੰਦਰ ਬਣ ਕੇ ਤਿਆਰ ਹੋਇਆ ਹੈ।
ਅੱਜ ਮੌੜ ਹਲਕੇ ਅੰਦਰ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਮੈਂ ਸਿਹਰਾ ਲੈਣ ਵਾਸਤੇ ਬਠਿੰਡਾ ਵਿਚ ਏਮਜ਼ ਸਥਾਪਤ ਕਰਵਾਉਣ ਦਾ ਕੰਮ ਨਹੀਂ ਕੀਤਾ ਹੈ। ਮੈਂ ਇਸ ਇਲਾਕੇ ਅੰਦਰ ਕੈਂਸਰ ਅਤੇ ਪ੍ਰਦੂਸ਼ਿਤ ਪਾਣੀ ਕਰਕੇ ਹੋਣ ਵਾਲੀਆਂ ਦੂਜੀਆਂ ਬੀਮਾਰੀਆਂ ਨਾਲ ਲੜਣ ਵਾਸਤੇ ਇਹ ਕੰਮ ਕੀਤਾ ਹੈ। ਮੈਂ ਉਹਨਾਂ ਲੋਕਾਂ ਦੀ ਮੱਦਦ ਲਈ ਅਜਿਹਾ ਕੀਤਾ ਹੈ, ਜਿਹੜੇ ਕੈਂਸਰ ਦਾ ਇਲਾਜ ਕਰਵਾਉਣ ਲਈ ਬੀਕਾਨੇਰ ਜਾਂ ਪੀਜੀਆਈ ਚੰਡੀਗੜ੍ਹ ਜਾਂਦੇ ਸਨ। ਉਹਨਾਂ ਕਿਹਾ ਕਿ ਵਿੱਤ ਮੰਤਰੀ ਵੱਲੋਂ ਇਸ ਵੱਕਾਰੀ ਸੰਸਥਾਨ ਨੂੰ ਲਟਕਾਉਣ ਅਤੇ ਪੀਈਪੀ ਆਗੂ ਸੁਖਪਾਲ ਖਹਿਰਾ ਵਲੋਂ ਏਮਜ਼ ਨੂੰ ਬਠਿੰਡਾ ਆਉਣ ਤੋਂ ਰੋਕਣ ਲਈ ਕੀਤੇ ਪ੍ਰਦਰਸ਼ਨਾਂ ਦੇ ਬਾਵਜੂਦ ਹੁਣ ਕੈਂਸਰ ਦਾ ਇਲਾਜ ਦਾ ਸਭ ਤੋਂ ਵਧੀਆ ਹਸਪਤਾਲ ਤੁਹਾਡੇ ਬਿਲਕੁੱਲ ਬੂਹੇ ਉੱਤੇ ਬਣਾ ਦਿੱਤਾ ਹੈ।
ਸੀਨੀਅਰ ਆਗੂ ਜਨਮੇਜਾ ਸਿੰਘ ਸੇਖੋਂ ਨਾਲ ਇੱਥੇ ਪਹੁੰਚੇ ਕੇਂਦਰੀ ਮੰਤਰੀ ਨੇ ਕਿਹਾ ਕਿ ਏਮਜ਼ ਦੇ ਬਣਨ ਨਾਲ ਬਠਿੰਡਾ ਦੀ ਅਰਥ ਵਿਵਸਥਾ ਅੰਦਰ ਦੂਜਾ ਵੱਡਾ ਉਛਾਲ ਆਵੇਗਾ। ਉਹਨਾਂ ਕਿਹਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਸਥਾਪਤ ਕੀਤੀ ਰਿਫਾਈਨਰੀ ਨਾਲ ਬਠਿੰਡਾ ਨੇ ਵਿਕਾਸ ਦੀ ਵੱਡੀ ਪੁਲਾਂਗ ਪੁੱਟੀ ਸੀ। ਹੁਣ ਇਹ ਦੂਜੀ ਵੱਡੀ ਪੁਲਾਂਘ ਸਾਬਿਤ ਹੋਵੇਗੀ। ਏਮਜ਼ ਹਸਪਤਾਲ ਬਠਿੰਡਾ ਅੰਦਰ ਸੁਪਰ ਸਪੈਸ਼ਲਿਟੀ ਸੇਵਾਵਾਂ ਲੈ ਕੇ ਆਵੇਗਾ ਅਤੇ ਇਹ ਸ਼ਹਿਰ ਮੈਡੀਕਲ ਸਹੂਲਤਾਂ ਦਾ ਗੜ੍ਹ ਬਣ ਜਾਵੇਗਾ। ਉਹਨਾਂ ਕਿਹਾ ਕਿ ਇਸ ਨਾਲ ਲੈਬਾਰਟਰੀ ਅਤੇ ਕੈਮਿਸਟ ਸ਼ਾਪ ਸੇਵਾਵਾਂ ਤੋਂ ਇਲਾਵਾ ਹੋਰ ਵਿਸ਼ੇਸ਼ ਸੇਵਾਵਾਂ ਵਿਚ ਵੀ ਵਾਧਾ ਹੋਵੇਗਾ। ਇਸ ਤਰ੍ਹਾਂ ਇਹਨਾਂ ਸਾਰੇ ਕੰਮਾਂ ਵਿਚ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।
ਬੀਬੀ ਬਾਦਲ ਨੇ ਕਿਹਾ ਕਿ ਉਹ ਆਪਣੇ ਯਤਨਾਂ ਬਾਰੇ ਇੰਨਾ ਹੀ ਕਹਿ ਸਕਦੇ ਹਨ ਕਿ ਪੂਰੇ ਦੇਸ਼ ਵਾਸਤੇ ਐਲਾਨੇ ਗਏ 13 ਏਮਜ਼ ਵਿਚੋਂ ਸਿਰਫ ਬਠਿੰਡਾ ਏਮਜ਼ ਹੀ ਇੰਨੀ ਤੇਜ਼ੀ ਨਾਲ ਬਣਿਆ ਹੈ ਕਿ ਇੱਕ ਮਹੀਨੇ ਅੰਦਰ ਇਸ ਦੀ ਓਪੀਡੀ ਸ਼ੁਰੂ ਹੋ ਜਾਵੇਗੀ। ਉਹਨਾਂ ਕਿਹਾ ਕਿ ਉਹਨਾਂ ਨੇ ਏਮਜ਼ ਬਠਿੰਡਾ ਦੀ ਸਮੇਂ ਸਿਰ ਉਸਾਰੀ ਲਈ ਅਣਥੱਕ ਮਿਹਨਤ ਕੀਤੀ ਹੈ ਜਦਕਿ ਸੂਬਾ ਸਰਕਾਰ ਇਸ ਮਾਮਲੇ ਵਿਚ ਪਹਿਲਾਂ ਲੋੜੀਂਦੀਆਂ ਪ੍ਰਵਾਨਗੀਆਂ ਦੇਣ 'ਚ ਅਤੇ ਫਿਰ ਐਮਬੀਬੀਐਸ ਦੇ ਪਹਿਲੇ ਬੈਚ ਨੂੰ ਸ਼ੁਰੂ ਕਰਵਾਉਣ ਦੇ ਕੰਮ 'ਚ ਦੇਰੀ ਕਰਕੇ ਜਾਣਬੁੱਝ ਕੇ ਅੜਿੱਕੇ ਪਾਉਂਦੀ ਰਹੀ ਹੈ।
ਬਠਿੰਡਾ ਸਾਂਸਦ ਨੇ ਕਿਹਾ ਕਿ ਹੁਣ ਵੀ ਕਾਂਗਰਸ ਸਰਕਾਰ ਨੇ ਅਜੇ ਤੀਕ ਬਿਜਲੀ ਗਰਿੱਡ ਨਹੀਂ ਲਗਾਇਆ ਹੈ, ਜਿਸ ਨੇ ਪੂਰੇ ਪ੍ਰਾਜੈਕਟ ਨੂੰ ਬਿਜਲੀ ਦੀ ਸਪਲਾਈ ਦੇਣੀ ਹੈ। ਉਹਨਾਂ ਕਿਹਾ ਕਿ ਹਸਪਤਾਲ ਤਾਂ ਤਿਆਰ ਹੋਣ ਵਾਲਾ ਹੈ, ਪਰ ਕੈਪਟਨ ਸਰਕਾਰ ਸਮੇਂ ਸਿਰ ਬਿਜਲੀ ਗਰਿਡ ਲਾਉਣ ਲਈ ਤਿਆਰ ਨਹੀਂ ਹੈ ਜਦਕਿ ਇਹ ਭਲੀਭਾਂਤ ਇਸ ਪ੍ਰਾਜੈਕਟ ਦੀ ਅਹਿਮੀਅਤ ਜਾਣਦੀ ਹੈ, ਜਿਸ ਉੱਤੇ ਸਾਰਾ ਪੈਸਾ ਕੇਂਦਰ ਸਰਕਾਰ ਵੱਲੋਂ ਲਾਇਆ ਗਿਆ ਹੈ।
ਬੀਬੀ ਬਾਦਲ ਨੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਐਨਡੀਏ ਸਰਕਾਰ ਦੇ ਦੁਬਾਰਾ ਸੱਤਾ ਵਿਚ ਆਉਣ 'ਤੇ ਨਾ ਸਿਰਫ ਏਮਜ਼ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਹੋਰ ਵੱਡਾ ਕੀਤਾ ਜਾਵੇਗਾ, ਸਗੋਂ ਉਹ ਬਠਿੰਡਾ ਅੰਦਰ ਹੋਰ ਵੀ ਕਈ ਵੱਡੇ ਪ੍ਰਾਜੈਕਟ ਲੈ ਕੇ ਆਉਣਗੇ। ਉਹਨਾਂ ਲੋਕਾਂ ਨੂੰ ਕਿਹਾ ਕਿ ਬਠਿੰਡਾ ਨੂੰ ਦੇਸ਼ ਦਾ ਸਭ ਤੋਂ ਉੱਨਤ ਹਲਕਾ ਬਣਾਉਣ ਲਈ ਮੇਰਾ ਸਹਿਯੋਗ ਦਿਓ।