ਕਿਹਾ ਕਿ ਇਹ ਹਮਲਾ ਮੁੱਖ ਮੰਤਰੀ ਦੀ ਗਰਮਖ਼ਿਆਲੀਆਂ ਦਾ ਸਮਰਥਨ ਕਰਨ ਦੀ ਨੀਤੀ ਦਾ ਨਤੀਜਾ ਹੈ
ਚੰਡੀਗੜ•/19 ਨਵੰਬਰ:ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਅੰਮ੍ਰਿਤਸਰ ਵਿਚ ਗ੍ਰੇਨੇਡ ਦੇ ਹਮਲੇ ਲਈ ਪੂਰੀ ਤਰ•ਾਂ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਦੇ ਹੱਥ ਨਿਰਦੋਸ਼ ਲੋਕਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ।
ਕੋਟਕਪੁਰਾ ਗੋਲੀਬਾਰੀ ਦੀ ਘਟਨਾ ਬਾਰੇ ਹਾਲ ਹੀ ਵਿਚ ਦਰਜ ਕੀਤੀ ਐਫਆਈਆਰ ਸੰਬੰਧੀ ਪੁਲਿਸ ਹੈਡਕੁਆਟਰਜ਼ ਵਿਖੇ ਬਿਆਨ ਦੇਣ ਮਗਰੋਂ ਇੱਥੇ ਵਿਧਾਇਕਾਂ ਦੇ ਫਲੈਟਾਂ 'ਚ ਸਥਿਤ ਆਪਣੀ ਰਿਹਾਇਸ਼ ਉੱਤੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਮੰਦਭਾਗਾ ਹਮਲਾ ਮੁੱਖ ਮੰਤਰੀ ਦੀ ਗਰਮਖ਼ਿਆਲੀਆਂ ਦਾ ਸਮਰਥਨ ਕਰਨ ਅਤੇ ਮੁੱਖਧਾਰਾ ਦੇ ਉਦਾਰਵਾਦੀ ਅਕਾਲੀਆਂ ਨੂੰ ਕਮਜ਼ੋਰ ਵਾਸਤੇ ਉਹਨਾਂ ਦਾ ਇਸਤੇਮਾਲ ਕਰਨ ਦੀ ਨੀਤੀ ਦਾ ਸਿੱਧਾ ਨਤੀਜਾ ਹੈ। ਉਹਨਾਂ ਕਿਹਾ ਕਿ ਇਹੀ ਕੁੱਝ 1980ਵਿਆਂ ਅਤੇ 1990ਵਿਆਂ ਵਿਚ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਹੁਣ ਦੁਬਾਰਾ ਪੰਜਾਬ ਨੂੰ ਖੂਨ-ਖ਼ਰਾਬੇ ਵੱਲ ਧੱਕਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਰਣਜੀਤ ਸਿੰਘ ਕਮਿਸ਼ਨ ਦਾ ਇਸਤੇਮਾਲ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਤੋਂ ਧਿਆਨ ਲਾਂਭੇ ਕਰਨ ਲਈ ਕੀਤਾ ਗਿਆ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਹੋਈ ਕਰੂਰਤਾ ਭਰੀ ਘਟਨਾ ਮਗਰੋਂ ਹੁਣ ਲੋਕ ਅਤੇ ਕਾਂਗਰਸੀ ਆਗੂ ਵੀ ਕੈਪਟਨ ਅਮਰਿੰਦਰ ਵੱਲੋਂ ਗਰਮਖ਼ਿਆਲੀਆਂ ਨੂੰ ਦਿੱਤੀ ਸ਼ਹਿ ਉੱਤੇ ਸੁਆਲ ਉਠਾ ਰਹੇ ਹਨ। ਉਹਨਾਂ ਕਿਹਾ ਕਿ ਲੁਧਿਆਣਾ ਸਾਂਸਦ ਰਵਨੀਤ ਬਿੱਟੂ ਹੁਣ ਕੱਲ• ਵਾਪਰੇ ਦੁਖਾਂਤ ਲਈ ਦਾਦੂਵਾਲ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ ਅਤੇ ਉਸ ਵੱਲੋਂ ਇਕੱਠੇ ਕੀਤੇ ਗਏ ਕਰੋੜਾਂ ਰੁਪਏ ਬਾਰੇ ਗੱਲਾਂ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਅਸੀਂ ਅਮਰਿੰਦਰ ਵੱਲੋਂ ਦਾਦੂਵਾਲ ਨੂੰ ਦਿੱਤੇ ਰਾਤਰੀ ਭੋਜ ਵਾਲੀ ਮੁਲਾਕਾਤ ਅਤੇ ਦਾਦੂਵਾਲ ਵੱਲੋਂ ਇਕੱਠੇ ਕੀਤੇ 18 ਕਰੋੜ ਰੁਪਏ ਦੇ ਸਬੂਤ ਦਿੱਤੇ ਸਨ, ਤਾਂ ਉਸ ਸਮੇਂ ਬਿੱਟੂ ਨੇ ਕਿਉਂ ਚੁੱਪੀ ਧਾਰੀ ਸੀ?
ਇਹ ਟਿੱਪਣੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕਮਜ਼ੋਰ ਹੈ, ਸਰਦਾਰ ਬਾਦਲ ਨੇ ਕਿਹਾ ਕਿ ਮੈਂ ਪੁਲਿਸ ਹੈਡਕੁਆਟਰਜ਼ ਵਿਖੇ ਸਿੱਟ ਦੇ ਮੈਂਬਰਾਂ ਨੂੰ ਪੁੱਛਿਆ ਕਿ ਤੁਸੀਂ ਦੱਸੋ ਕਿ ਮੁੱਖ ਮੰਤਰੀ ਨੇ ਅਮਨ-ਕਾਨੂੰਨ ਨੂੰ ਲੈ ਕੇ ਕਿੰਨੀ ਵਾਰੀ ਮੀਟਿੰਗਾਂ ਕੀਤੀਆਂ ਹਨ। ਉਹਨਾਂ ਕਿਹਾ ਕਿ ਮੈਨੂੰ ਕੋਈ ਜੁਆਬ ਨਹੀਂ ਮਿਲਿਆ। ਉਹਨਾਂ ਕਿਹਾ ਕਿ ਮੈਂ ਸਿੱਟ ਦੇ ਅਧਿਕਾਰੀਆਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹਨਾਂ ਨੂੰ ਅਕਾਲੀ ਦਲ ਨੂੰ ਬਦਨਾਮ ਕਰਨ ਦਾ ਹੁਕਮ ਦਿੱਤਾ ਗਿਆ ਹੈ, ਤਾਂ ਹੀ ਅੱਜ ਮੈਨੂੰ ਇੱਥੇ ਪੁੱਛਗਿੱਛ ਲਈ ਸੱਦਿਆ ਗਿਆ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾ ਨੇ ਇੱਕ ਅਧਿਕਾਰੀ ਆਈਜੀ ਅਰੁਣਪਾਲ ਸਿੰਘ ਨੂੰ ਪੁੱਛਿਆ ਕਿ ਦਸ ਸਾਲ ਪਹਿਲਾਂ ਸਿਟ ਦੇ ਮੁਖੀ ਵਜੋਂ ਉਸ ਨੇ ਇੱਕ ਕੈਮਰਾ ਚੋਰੀ ਦੇ ਕੇਸ ਵਿਚ ਉਹਨਾਂ ਨੂੰ ਕੋਟਕਪੂਰਾ ਪੁਲਿਸ ਸਟੇਸ਼ਨ ਕਿਉਂ ਸੱਦਿਆ ਸੀ? ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਸਰਕਾਰਾਂ ਦੁਆਰਾ ਵਿਰੋਧੀਆਂ ਨੂੰ ਫਸਾਉਣ ਜਾਂ ਆਪਣੇ ਬੰਦਿਆਂ ਨੂੰ ਕਲੀਨ ਚਿਟਾਂ ਦੇਣ ਵਾਸਤੇ ਸਿੱਟਾਂ ਬਣਾਈਆਂ ਜਾਂਦੀਆਂ ਹਨ, ਉਹਨਾਂ ਕਿਹਾ ਕਿ ਇੱਕ ਤਾਜ਼ਾ ਸਿਟ ਨੇ ਉਹਨਾਂ ਗਰਮਖ਼ਿਆਲੀਆਂ ਖ਼ਿਲਾਫ ਦਰਜ ਗੰਭੀਰ ਕੇਸਾਂ ਨੂੰ ਵਾਪਸ ਲੈ ਲਿਆ ਹੈ, ਜਿਹਨਾਂ ਨੇ ਹਾਲ ਹੀ ਵਿਚ ਅੰਮ੍ਰਿਤਰਸਰ ਵਿਖੇ ਉਹਨਾਂ ਦੇ ਵਾਹਨ ਉੱਤੇ ਹਮਲਾ ਕੀਤਾ ਸੀ।
ਇਹ ਟਿੱਪਣੀ ਕਰਦਿਆਂ ਕਿ ਸਿੱਟ ਵੱਲੋਂ ਅੱਜ ਕੀਤੀ ਪੁੱਛਗਿੱਛ ਵਿਚੋਂ ਸਿਆਸੀ ਬਦਲੇਖੋਰੀ ਦੀ ਬੂ ਆਉਂਦੀ ਸੀ, ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਐਫਆਈਆਰ ਵਿਚ ਦਰਜ ਤੱਥਾਂ ਮੁਤਾਬਿਕ, ਉਹਨਾਂ ਨੂੰ ਪੁਲਿਸ ਦੇ ਇਸ਼ਾਰੇ ਉੱਤੇ ਹੋਈ ਕੋਟਕਪੂਰਾ ਗੋਲੀਬਾਰੀ ਦੇ ਸੰਬੰਧ ਵਿਚ ਦਰਜ ਇੱਕ ਐਫਆਈਆਰ ਦੇ ਸਿਲਸਿਲੇ ਵਿਚ ਸੱਦਿਆ ਗਿਆ ਸੀ। ਉਹਨਾਂ ਕਿਹਾ ਕਿ ਸਿਰਫ ਇਹੀ ਨਹੀਂ, ਮੈਨੂੰ ਪੁੱਛਿਆ ਗਿਆ ਕਿ 14 ਅਕਤੂਬਰ 2015 ਨੂੰ ਮੈਂ ਕੀ ਨਿਰਦੇਸ਼ ਦਿੱਤੇ ਸਨ, ਜਦਕਿ ਉਸ ਦਿਨ ਮੈਂ ਮੁੱਖ ਮੰਤਰੀ ਨੂੰ ਬਾਕਾਇਦਾ ਦੱਸਣ ਮਗਰੋਂ ਸੂਬੇ ਤੋਂ ਬਾਹਰ ਗਿਆ ਹੋਇਆ ਸੀ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਉਹਨਾਂ ਸਿੱਟ ਦੇ ਇੱਕ ਹੋਰ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਪੁੱਛਿਆ ਸੀ ਕਿ ਜਦੋਂ ਉਹ 2015 ਵਿਚ ਆਈਜੀ ਬਾਰਡਰ ਰੇਂਜ ਸੀ ਤਾਂ ਬਿਆਸ ਪੁਲ ਤੋਂ ਲੋਕਾਂ ਨੂੰ ਹਟਾਉਣ ਲਈ ਕੀ ਉਸ ਨੂੰ ਕੋਈ ਨਿਰਦੇਸ਼ ਮਿਲੇ ਸਨ?
ਇਹ ਕਹਿੰਦਿਆਂ ਕਿ ਸਿੱਟ ਦੇ ਮੈਂਬਰਾਂ ਨੇ ਉਹਨਾਂ ਤੋਂ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਉੱਤੇ ਕਈ ਫਜ਼ੂਲ ਦੇ ਸਵਾਲ ਪੁੱਛੇ, ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਪੰਜਾਬ ਤੋਂ ਬਾਹਰ ਅਦਾਕਾਰ ਅਕਸ਼ੈ ਕੁਮਾਰ ਨੂੰ ਕਦੇ ਵੀ ਨਹੀਂ ਮਿਲੇ। ਸਰਦਾਰ ਬਾਦਲ ਨੇ ਆਪ ਆਗੂ ਐਚ ਐਸ ਫੂਲਕਾ ਨੂੰ ਇਹ ਬਿਆਨ ਦੇਣ ਲਈ ਸਖ਼ਤ ਝਾੜ ਪਾਈ ਕਿ ਅੰਮ੍ਰਿਤਰ ਹਮਲੇ ਲਈ ਭਾਰਤੀ ਫੌਜ ਵੀ ਜ਼ਿੰਮੇਵਾਰ ਹੋ ਸਕਦੀ ਹੈ। ਉਹਨਾਂ ਕਿਹਾ ਕਿ ਇਹ ਆਪਣੇ ਆਪ ਵਿਚ ਇੱਕ ਰਾਸ਼ਟਰ-ਵਿਰੋਧੀ ਹਰਕਤ ਹੈ। ਉਹਨਾਂ ਨੇ ਫੂਲਕਾ ਦੀ ਟਿੱਪਣੀ ਦਾ ਸਮਰਥਨ ਕਰਨ ਲਈ ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਦੋਹਾਂ ਖ਼ਿਲਾਫ ਸਖ਼ਥਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।