ਸਾਬਕਾ ਮੁੱਖ ਮੰਤਰੀ ਨੇ ਇਸ ਦੁੱਖ ਦੀ ਘੜੀ 'ਚ ਲੋਕਾਂ ਨੂੰ ਛੱਡ ਕੇ ਮੁੱਖ ਮੰਤਰੀ ਦੇ ਵਿਦੇਸ਼ ਜਾਣ ਤੇ ਹੈਰਾਨੀ ਪ੍ਰਗਟ ਕੀਤੀ
ਕਿਹਾ ਕਿ ਇਸ ਟਾਲਣਯੋਗ ਦੁਖਾਂਤ ਲਈ ਸਿੱਧੂ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ
ਚੰਡੀਗੜ•/23 ਅਕਤੂਬਰ:ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਵਿਚ ਵਾਪਰੇ ਖੂਨੀ ਸਾਕੇ ਨੂੰ 'ਮਨੁੱਖ ਵੱਲੋਂ ਕੀਤੀ ਬੱਜਰ ਗਲਤੀ ਦਾ ਨਤੀਜਾ'ਕਰਾਰ ਦਿੰਦਿਆਂ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਸਰਕਾਰ ਉੱਤੇ ਇਸ ਮਾਮਲੇ ਉੱਤੇ ਕਠੋਰ ਅਤੇ ਗੈਰ-ਸੰਜੀਦਾ ਹੋਣ ਦਾ ਦੋਸ਼ ਲਾਇਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਦੁੱਖ ਦੀ ਘੜੀ ਵਿਚ ਸੂਬੇ ਦੇ ਲੋਕਾਂ ਨੂੰ ਇਕੱਲਿਆਂ ਛੱਡ ਕੇ ਵਿਦੇਸ਼ ਚਲੇ ਜਾਣ ਦਾ ਫੈਸਲਾ ਇਸ ਗੈਰ-ਸੰਜੀਦਗੀ ਅਤੇ ਲਾਪਰਵਾਹੀ ਦੀ ਮੂੰਹ-ਬੋਲਦੀ ਮਿਸਾਲ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਮੈਨੂੰ ਇਹ ਲਾਪਰਵਾਹੀ ਦੀ ਅੱਤ ਲੱਗਦੀ ਹੈ ਕਿ ਮੁੱਖ ਮੰਤਰੀ ਆਪਣੇ ਸੂਬੇ ਦੇ ਲੋਕਾਂ ਨੂੰ ਕਿਸਮਤ ਦੇ ਆਸਰੇ ਛੱਡ ਕੇ ਇੱਕ ਮੁਲਤਵੀਯੋਗ ਵਿਦੇਸ਼ੀ ਦੌਰੇ ਉੱਤੇ ਚਲਿਆ ਗਿਆ ਹੈ। ਜੇ ਮੈਂ ਉਸ ਦੀ ਥਾਂ ਹੁੰਦਾ ਤਾਂ ਮੈਂ ਇਹ ਵਿਦੇਸ਼ੀ ਦੌਰਾ ਰੱਦ ਕਰ ਦੇਣਾ ਸੀ। ਮੈਂ ਇਹ ਸਮਾਂ ਇੱਕ ਬੱਜਰ ਮਨੁੱਖੀ ਗਲਤੀ ਨਾਲ ਵਾਪਰੇ ਦੁਖਾਂਤ ਸਦਕਾ ਦੁੱਖ ਭੋਗ ਰਹੇ ਆਪਣੇ ਸੂਬੇ ਦੇ ਲੋਕਾਂ ਦੇ ਦੁੱਖ-ਤਕਲੀਫਾਂ ਨੂੰ ਦੂਰ ਕਰਦਿਆਂ ਬਿਤਾਉਣਾ ਸੀ।
ਇਹ ਸ਼ਬਦ ਸਾਬਕਾ ਮੁੱਖ ਮੰਤਰੀ ਨੇ ਅੱਜ ਇੱਥੇ ਅਕਾਲੀ-ਭਾਜਪਾ ਵਫ਼ਦ ਵੱਲੋਂ ਪੰਜਾਬ ਦੇ ਰਾਜਪਾਲ ਸ੍ਰੀ ਵੀ ਪੀ ਸਿੰਘ ਬਦਨੌਰ ਨਾਲ ਕੀਤੀ ਮੁਲਾਕਾਤ ਮਗਰੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਕਹੇ। ਇਸ ਤੋਂ ਪਹਿਲਾਂ ਅਕਾਲੀ-ਭਾਜਪਾ ਵਫ਼ਦ ਨੇ ਰਾਜਪਾਲ ਨੂੰ ਮਿਲ ਕੇ ਅੰਮ੍ਰਿਤਸਰ ਦੁਖਾਂਤ ਦੇ ਪੀੜਤਾਂ ਨੂੰ ਇਨਸਾਫ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ ਉਹਨਾਂ ਨੂੰ ਦਖ਼ਲ ਦੇਣ ਲਈ ਅਪੀਲ ਕੀਤੀ।
ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਸ਼ਵੇਤ ਮਲਿਕ ਦੀ ਅਗਵਾਈ ਵਿਚ ਰਾਜਪਾਲ ਨੂੰ ਮਿਲੇ ਸਾਂਝੇ ਵਫ਼ਦ ਵਿਚ ਸ਼ਾਮਿਲ ਰਹੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਅਤੇ ਉਸ ਦੀ ਪਤਨੀ ਨੇ ਜ਼ਿੰਮੇਵਾਰੀ ਦੀ ਭਾਵਨਾ ਵਿਖਾਉਂਦਿਆਂ ਬਿਨਾਂ ਸਰਕਾਰੀ ਮਨਜ਼ੂਰੀ ਤੋਂ ਕਰਵਾਏ ਜਾ ਰਹੇ ਸਮਾਗਮ ਦਾ ਹਿੱਸਾ ਬਣਨ ਤੋਂ ਇਨਕਾਰ ਕੀਤਾ ਹੁੰਦਾ ਤਾਂ ਅਜਿਹੇ ਦੁਖਾਂਤ ਨੂੰ ਆਸਾਨੀ ਨਾਲ ਟਾਲਿਆ ਜਾ ਸਕਦਾ ਸੀ। ਉਹਨਾਂ ਕਿਹਾ ਕਿ ਸਿੱਧੂ ਜੋੜੀ ਦੀ ਪੁਸ਼ਤਪਨਾਹੀ ਦਾ ਆਨੰਦ ਮਾਣਨ ਵਾਲੇ ਸਮਾਗਮ ਪ੍ਰਬੰਧਕਾਂ ਨੇ ਹਜ਼ਾਰਾਂ ਲੋਕਾਂ ਨੂੰ ਇਕ ਅਜਿਹੀ ਥਾਂ ਉੱਤੇ ਸੱਦ ਲਿਆ, ਜਿੱਥੇ ਹਾਦਸਾ ਵਾਪਰਨ ਦੀ ਵੱਡੀ ਸੰਭਾਵਨਾ ਸੀ, ਕਿਉਂਕਿ ਇਹ ਇੱਕ ਅਜਿਹੀ ਰੇਲਵੇ ਲਾਇਨ ਦਾ ਨਾਲ ਲੱਗਦਾ ਸੀ, ਜਿਸ ਉੱਤੇ ਅਕਸਰ ਲੰਬੀ ਦੂਰੀ ਵਾਲੀਆਂ ਰੇਲ-ਗੱਡੀਆਂ ਦੋੜਦੀਆਂ ਹਨ। ਸਰਦਾਰ ਬਾਦਲ ਨੇ ਕਿਹਾ ਕਿ ਜੇਕਰ ਪ੍ਰਬੰਧਕਾਂ ਨੇ ਸਰਕਾਰੀ ਮਨਜ਼ੂਰੀ ਮੰਗੀ ਹੁੰਦੀ ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਸੀ ਕਿ ਇਹ ਮਨਜ਼ੂਰੀ ਉੁਹਨਾਂ ਨੂੰ ਦਿੱਤੀ ਹੀ ਨਾ ਜਾਂਦੀ ਜਾਂ ਫਿਰ ਰੇਲਵੇ ਅਧਿਕਾਰੀਆਂ ਨਾਲ ਮਸ਼ਵਰਾ ਕਰਨ ਮਗਰੋਂ ਦਿੱਤੀ ਜਾਂਦੀ।
ਸਰਦਾਰ ਬਾਦਲ ਨੇ ਕਿਹਾ ਕਿ ਉਹ ਇਸ ਇੰਨੇ ਵੱਡੇ ਹਾਦਸੇ ਦੇ ਦੋਸ਼ੀਆਂ ਵੱਲੋਂ ਵਿਖਾਈ ਜਾ ਰਹੀ ਬੇਸ਼ਰਮੀ ਉੱਤੇ ਹੈਰਾਨ ਹਨ। ਉਹਨਾਂ ਕਿਹਾ ਕਿ ਕੋਈ ਪਛਤਾਵਾ ਅਤੇ ਨਿਮਰਤਾ ਵਿਖਾਉਣ ਦੀ ਥਾਂ, ਉਹ ਇਸ ਭਿਆਨਕ ਦੁਖਾਂਤ 'ਚ ਆਪਣੀ ਭੂਮਿਕਾ ਬਾਰੇ ਸ਼ੇਖੀ ਮਾਰ ਕੇ ਗੱਲਾਂ ਕਰ ਰਹੇ ਹਨ। ਇਹਨਾਂ ਨੇ ਤਾਂ ਢੀਠਪੁਣੇ ਅਤੇ ਬੇਸ਼ਰਮੀ ਦੀ ਹੱਦ ਹੀ ਮੁਕਾ ਦਿੱਤੀ ਹੈ।
ਸਰਦਾਰ ਬਾਦਲ ਨੇ ਇਸ ਹਾਦਸੇ ਲਈ ਜ਼ਿੰਮੇਵਾਰ ਕਰਾਰ ਦਿੰਦਿਆਂ ਨਵਜੋਤ ਸਿੱਧੂ ਤੁਰੰਤ ਕੈਬਨਿਟ ਮੰਤਰੀ ਤੋਂ ਹਟਾਉਣ ਦੀ ਆਪਣੀ ਪਾਰਟੀ ਦੀ ਮੰਗ ਨੂੰ ਦੁਹਰਾਇਆ। ਇਸ ਤੋਂ ਇਲਾਵਾ ਉਹਨਾਂ ਨੇ ਮੁੱਖ ਦੋਸ਼ੀ ਨਵਜੋਤ ਸਿੱਧੂ, ਉਸ ਦੀ ਪਤਨੀ ਬੀਬੀ ਨਵਜੋਤ ਕੌਰ ਸਿੱਧੂ,ਕਾਂਗਰਸ ਕੌਂਸਲਰ ਅਤੇ ਦੁਸਹਿਰਾ ਪ੍ਰਬੰਧਕ ਸੌਰਭ ਮਦਨ ਮਿੱਠੂ ਖ਼ਿਲਾਫ ਅਪਰਾਧਿਕ ਮਾਮਲੇ ਦਰਜ ਕਰਨ ਦੀ ਮੰਗ ਵੀ ਕੀਤੀ।
ਸਰਦਾਰ ਬਾਦਲ ਨੇ ਕਿਹਾ ਕਿ ਸਮਾਗਮ ਵਾਲੀ ਜਗ•ਾ ਸਥਾਨਕ ਸਰਕਾਰਾਂ ਵਿਭਾਗ ਦੀ ਹੈ, ਜਿਸ ਦਾ ਮੰਤਰੀ ਨਵਜੋਤ ਸਿੱਧੂ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਕਾਨੂੰਨ ਅਤੇ ਜਨਤਾ ਦੀ ਸੁਰੱਖਿਆ ਨੂੰ ਛਿੱਕੇ ਟੰਗਦਿਆਂ ਸਿਰਫ ਆਪਣੀ ਹਾਜ਼ਰੀ ਵਿਖਾਉਣ ਲਈ ਰੇਲਵੇ ਲਾਇਨ ਦੇ ਬਿਲਕੁੱਲ ਨਜ਼ਦੀਕ ਸਮਾਗਮ ਕਰਵਾਉਣ ਵਾਸਤੇ ਆਪਣੇ ਸਰਕਾਰੀ ਰਸੂਖ ਦੀ ਦੁਰਵਰਤੋਂ ਕੀਤੀ। ਉਹਨਾਂ ਕਿਹਾ ਕਿ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਸ ਦੀ ਪਤਨੀ ਬੀਬੀ ਨਵਜੋਤ ਕੌਰ ਸਿੱਧੂ ਦੀ ਸਿਰਫ ਕੁੱਝ ਮਿੰਟਾਂ ਲਈ ਬੱਲੇ ਬੱਲੇ ਕਰਵਾਉਣ ਦੀ ਭੁੱਖ ਦੀ ਕੀਮਤ 62 ਲੋਕਾਂ ਨੂੰ ਆਪਣੀਆਂ ਜਾਨਾਂ ਦੇ ਕੇ ਤਾਰਨੀ ਪਈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਵੀਆਈਪੀਜ਼ ਦੀ ਸਹੂਲਤ ਲਈ ਇਸ ਸਮਾਗਮ ਵਿਚ ਬੇਲੋੜੀ ਦੇਰੀ ਨਾ ਕੀਤੀ ਜਾਂਦੀ ਤਾਂ ਵੀ ਇਸ ਦੁਖਾਂਤ ਨੂੰ ਆਸਾਨੀ ਨਾਲ ਟਾਲਿਆ ਜਾ ਸਕਦਾ ਸੀ। ਉਹਨਾਂ ਕਿਹਾ ਕਿ ਉਹਨਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਸੀ ਕਿ ਇਸ ਸਮਾਗਮ ਦਾ ਸਮਾਂ ਰੇਲ ਗੱਡੀਆਂ ਦੇ ਸਮੇਂ ਨਾਲ ਨਾ ਟਕਰਾਏ। ਰੇਲਵੇ ਕੋਲੋਂ ਗੱਡੀਆਂ ਦੀ ਸਮਾਂ-ਸੂਚੀ ਹਾਸਿਲ ਕਰਨਾ ਬੜਾ ਸੌਖਾ ਜਿਹਾ ਕੰਮ ਸੀ। ਲੋਕਾਂ ਕੋਲੋਂ ਨਵਜੋਤ ਕੌਰ ਸਿੱਧੂ ਦੀ ਉਡੀਕ ਨਹੀਂ ਸੀ ਕਰਵਾਉਣੀ ਚਾਹੀਦੀ। ਸਟੇਜ ਤੋਂ ਕੀਤੇ ਐਲਾਨਾਂ ਨੇ ਪੁਸ਼ਟੀ ਕੀਤੀ ਹੈ ਕਿ ਪ੍ਰਬੰਧਕ ਆ ਰਹੀਆਂ ਰੇਲਗੱਡੀਆਂ ਦੇ ਖ਼ਤਰੇ ਤੋਂ ਭਲੀਭਾਂਤ ਵਾਕਿਫ ਸਨ। ਇਸ ਲਈ ਉਹਨਾਂ ਨੇ ਅਜਿਹੇ ਬੇਹੂਦੇ ਐਲਾਨ ਕੀਤੇ ਸਨ ਕਿ ਮੱੁੱਖ ਮਹਿਮਾਨ ਲਈ ਪਿਆਰ ਵਾਸਤੇ ਲੋਕ ਗੱਡੀਆਂ ਥੱਲੇ ਵੀ ਆਉਣ ਲਈ ਤਿਆਰ ਹਨ। ਉਹਨਾਂ ਕਿਹਾ ਕਿ ਇੱਕ ਵੱਡੇ ਦੁਖਾਂਤ ਨੂੰ ਦਿੱਤੀ ਜਾ ਰਹੀ ਅਜਿਹੀ ਹੱਲਾਸ਼ੇਰੀ ਨੂੰ ਰੋਕਣ ਦੀ ਥਾਂ ਨਵਜੋਤ ਕੌਰ ਸਿੱਧੂ ਅਜਿਹੀਆਂ ਘੋਸ਼ਣਾਵਾਂ ਨੂੰ ਸੁਣ ਕੇ ਖੀਵੀ ਹੁੰਦੀ ਰਹੀ।
ਸਰਦਾਰ ਬਾਦਲ ਨੇ ਕਿਹਾ ਕਿ ਹਾਦਸਾ ਵਾਪਰਨ ਤੋਂ ਬਾਅਦ ਬੀਬੀ ਨਵਜੋਤ ਕੌਰ ਸਿੱਧੂ ਦਾ ਵਿਵਹਾਰ ਬਹੁਤ ਕਠੋਰ, ਅਣਮਨੁੱਖੀ ਅਤੇ ਗੈਰਜ਼ਿੰਮੇਵਾਰਾਨਾ ਸੀ। ਉਹਨਾਂ ਕਿਹਾ ਕਿ ਲੋਕਾਂ ਨੂੰ ਆਪਣੇ ਹਾਲ ਉੱਤੇ ਛੱਡ ਕੇ ਉੱਥੋਂ ਭੱਜਣ ਦੀ ਥਾਂ ਘਟਨਾ ਵਾਲੀ ਥਾਂ ਉੱਤੇ ਰੁਕਣਾ ਉਸ ਦਾ ਫਰਜ਼ ਸੀ, ਜੋ ਕਿ ਉਸ ਨੇ ਖੁਦ ਵਾਪਰਨ ਦਿੱਤੀ ਸੀ। ਉਹਨਾਂ ਕਿਹਾ ਕਿ ਜਦੋਂ ਰੋਂਦੇ ਕੁਰਲਾਉਂਦੇ ਅਤੇ ਗੁੱਸੇ ਨਾਲ ਬੇਕਾਬੂ ਹੋਏ ਲੋਕਾਂ ਨੂੰ ਪ੍ਰਸਾਸ਼ਨ ਨੇ ਸ਼ਾਂਤ ਕਰ ਲਿਆ, ਤਾਂ ਬੀਬੀ ਸਿੱਧੂ ਹਸਪਤਾਲਾਂ ਵਿਚ ਜ਼ਖਮੀਆਂ ਨੂੰ ਮਿਲ ਕੇ ਸ਼ੁਹਰਤ ਬਟੋਰਨ ਲਈ ਦੁਬਾਰਾ ਪ੍ਰਗਟ ਹੋ ਗਈ।
ਸਰਦਾਰ ਬਾਦਲ ਨੇ ਅਫਸੋਸ ਜਤਾਇਆ ਕਿ ਜ਼ਿੰਮੇਵਾਰੀ ਲੈਣ ਦੀ ਥਾਂ ਇਸ ਦੁਖਾਂਤ ਦੇ ਦੋਸ਼ੀ ਬੜੀ ਬੇਸ਼ਰਮੀ ਨਾਲ ਖੁਦ ਨੂੰ ਨਾਇਕ ਵਜੋਂ ਪੇਸ਼ ਕਰਨ ਵਿਚ ਰੁੱਝੇ ਹੋਏ ਹਨ। ਉਹਨਾਂ ਕਿਹਾ ਕਿ ਉਹ ਆਪਣੇ ਉੱਪਰੋ ਦੋਸ਼ ਹਟਾ ਕੇ ਦੂਜਿਆਂ ਉੱਤੇ ਮੜਣ ਵਾਸਤੇ ਹੁਣ ਦਿਨ ਰਾਤ ਇੱਕ ਕਰ ਰਹੇ ਹਨ।
ਇਸ ਤੋਂ ਪਹਿਲਾਂ ਅਕਾਲੀ-ਭਾਜਪਾ ਦਾ ਇੱਕ ਸਾਂਝਾ ਵਫ਼ਦ ਪੰਜਾਬ ਦੇ ਰਾਜਪਾਲ ਸ੍ਰੀ ਵੀ ਪੀ ਸਿੰਘ ਬਦਨੌਰ ਨੂੰ ਮਿਲਿਆ ਅਤੇ ਹਾਦਸਾ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਰਾਜਪਾਲ ਨੂੰ ਦਖ਼ਲ ਦੇਣ ਵਾਸਤੇ ਕਿਹਾ। ਵਫ਼ਦ ਨੇ ਰਾਜਪਾਲ ਨੂੰ ਮੰਗ ਪੱਤਰ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਕੈਬਨਿਟ ਵਿਚੋਂ ਹਟਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਨਵਜੋਤ ਸਿੱਧੂ, ਉਸ ਦੀ ਪਤਨੀ ਬੀਬੀ ਨਵਜੋਤ ਕੌਰ ਸਿੱਧੂ ਤੋਂ ਇਲਾਵਾ ਦੁਸਹਿਰਾ ਸਮਾਗਮ ਦੇ ਮੁੱਖ ਪ੍ਰਬੰਧਕ ਸੌਰਭ ਮਦਨ ਮਿੱਠੂ ਅਤੇ ਬਾਕੀ ਪ੍ਰਬੰਧਕਾਂ ਖ਼ਿਲਾਫ ਸੈਕਸ਼ਨ 304 ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ।
ਦੋਵੇਂ ਪਾਰਟੀਆਂ ਨੇ ਇਹ ਵੀ ਮੰਗ ਕੀਤੀ ਕਿ ਇਸ ਹਾਦਸੇ ਪਿਛਲੀ ਸੱਚਾਈ ਬਾਹਰ ਲਿਆਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਕਿਸੇ ਮੌਜੂਦਾ ਜੱਜ ਕੋਲੋਂ ਇਸ ਮਾਮਲੇ ਦੀ ਨਿਆਂਇਕ ਜਾਂਚ ਕਰਵਾਈ ਜਾਵੇ।
ਮੰਗ-ਪੱਤਰ ਵਿਚ ਇਹ ਵੀ ਮੰਗ ਕੀਤੀ ਗਈ ਕਿ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਇੱਕ ਕਰੋੜ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਅਤੇ ਹਰ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਤੋਂ ਇਲਾਵਾ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ 50 ਲੱਖ ਰੁਪਏ ਪ੍ਰਤੀ ਵਿਅਕਤੀ ਮੁਆਵਜ਼ਾ ਦਿੱਤਾ ਜਾਵੇ। ਇਹ ਤੋਂ ਇਲਾਵਾ ਇਹ ਮੰਗ ਵੀ ਕੀਤੀ ਗਈ ਕਿ ਇਸ ਘਟਨਾ ਦੀ ਸੁਤੰਤਰ ਅਤੇ ਨਿਰਪੱਖ ਜਾਂਚ ਲਈ ਜ਼ਿਲ•ੇ ਦੇ ਸਾਰੇ ਸੀਨੀਅਰ ਅਧਿਕਾਰੀਆਂ ਦਾ ਤੁਰੰਤ ਤਬਾਦਲਾ ਕੀਤਾ ਜਾਵੇ।
ਅਕਾਲੀ-ਭਾਜਪਾ ਵਫ਼ਦ ਦੇ ਮੈਂਬਰਾਂ ਵਿਚ ਹੋਰਨਾਂ ਤੋਂ ਇਲਾਵਾ ਸਾਂਸਦ ਸਰਦਾਰ ਬਲਵਿੰਦਰ ਸਿੰਘ ਭੂੰਦੜ, ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਕੈਬਨਿਟ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ, ਸਾਬਕਾ ਕੈਬਨਿਟ ਮੰਤਰੀ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਕੈਬਟਿਨ ਮੰਤਰੀ ਬੀਬੀ ਜੰਗੀਰ ਕੌਰ, ਸਾਬਕਾ ਕੈਬਨਿਟ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ, ਸਾਬਕਾ ਕੈਬਨਿਟ ਮੰਤਰੀ ਸਰਦਾਰ ਬਲਦੇਵ ਸਿੰਘ ਮਾਨ, ਸਾਬਕਾ ਮੁੱਖ ਸੰਸਦੀ ਸਕੱਤਰ ਸਰਦਾਰ ਵਿਰਸਾ ਸਿੰਘ ਵਲਟੋਹਾ, ਸੀਨੀਅਰ ਭਾਜਪਾ ਆਗੂ ਸ੍ਰੀ ਤਰੁਣ ਚੁੱਘ, ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸ੍ਰੀ ਕਮਲ ਸ਼ਰਮਾ, ਸਾਬਕਾ ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ, ਵਿਧਾਇਕ ਸ੍ਰੀ ਸੋਮ ਪ੍ਰਕਾਸ਼, ਸਾਬਕਾ ਵਿਧਾਇਕ ਸ੍ਰੀ ਅਸ਼ਵਨੀ ਸ਼ਰਮਾ, ਸਾਬਕਾ ਕੈਬਨਿਟ ਮੰਤਰੀ ਸ੍ਰੀ ਮਨੋਰੰਜਨ ਕਾਲੀਆ, ਵਿਧਾਇਕ ਸ੍ਰੀ ਅਰੁਣ ਨਾਰੰਗ ਅਤੇ ਸ੍ਰੀ ਤੀਕਸ਼ਣ ਸੂਦ ਸ਼ਾਮਿਲ ਸਨ।