ਮੁੱਖ ਮੰਤਰੀ ਨੇ ਕਿਹਾ ਕਿ ਮੇਘਾਲਿਆ ਸਰਕਾਰ ਇਸ ਮਸਲੇ ਦਾ ਭਾਈਚਾਰਕ ਹੱਲ ਕੱਢੇਗੀ
ਹਰਸਿਮਰਤ ਬਾਦਲ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸਿੱਖਾਂ ਨੂੰ ਜਬਰਦਸਤੀ ਸ਼ਿਲੌਗ ਵਿਖੇ ਪੰਜਾਬੀ ਲੇਨ ਤੋਂ ਉਜਾੜਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ
ਚੰਡੀਗੜ੍ਹ/16 ਜੂਨ:ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਅੱਜ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿਚ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਫ਼ਦ ਨੂੰ ਭਰੋਸਾ ਦਿਵਾਇਆ ਹੈ ਕਿ ਸ਼ਿਲੌਗ ਵਿਖੇ ਪੰਜਾਬੀ ਲੇਨ ਵਿਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰਾਜ ਸਰਕਾਰ ਸਾਰੇ ਜਰੂਰੀ ਕਦਮ ਚੁੱਕੇ ਜਾਣਗੇ।
ਅੱਜ ਇੱਥੇ ਮੇਘਾਲਿਆ ਦੇ ਮੁੱਖ ਮੰਤਰੀ ਨੂੰ ਮਿਲੇ ਵਫ਼ਦ ਨੂੰ ਇਹ ਵੀ ਭਰੋਸਾ ਦਿਵਾਇਆ ਗਿਆ ਕਿ ਸ਼ਿਲੌਂਗ ਵਿਚ ਸਿੱਖ ਭਾਈਚਾਰੇ ਨੂੰ ਦਰਪੇਸ਼ ਸਮੱਸਿਆ ਦਾ ਸਰਕਾਰ ਵੱਲੋਂ ਇੱਕ ਭਾਈਚਾਰਕ ਹੱਲ ਕੱਢਿਆ ਜਾਵੇਗਾ। ਦੱਸਣਯੋਗ ਹੈ ਕਿ ਸਥਾਨਕ ਲੋਕਾਂ ਅਤੇ ਇੱਕ ਗਰਮਖ਼ਿਆਲੀ ਜਥੇਬੰਦੀ ਐਚਐਨਐਲਸੀ ਵੱਲੋਂ ਸਿੱਖਾਂ ਨੂੰ ਉਹ ਇਲਾਕਾ ਛੱਡਣ ਦੀ ਧਮਕੀ ਦਿੱਤੀ ਹੈ, ਜਿੱਥੇ ਉਹ ਪਿਛਲੇ 200 ਸਾਲਾਂ ਤੋਂ ਰਹਿ ਰਹੇ ਹਨ।
ਕੇਂਦਰੀ ਮੰਤਰੀ ਬੀਬਾ ਹਰਸਿਮਰਤ ਬਾਦਲ ਨਾਲ ਹੋਈ ਵਿਚਾਰ ਚਰਚਾ ਦੌਰਾਨ ਮੇਘਾਲਿਆ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਡਿਪਟੀ ਮੁੱਖ ਮੰਤਰੀ ਦੀ ਅਗਵਾਈ ਵਿਚ ਇੱਕ ਕਮੇਟੀ ਬਣਾਈ ਹੈ, ਜਿਹੜੀ ਸਿੱਖਾਂ ਅਤੇ ਸਥਾਨਕ ਖਾਸੀਸ ਭਾਈਚਾਰੇ ਦੇ ਲੋਕਾਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਤਹਿ ਤਕ ਜਾਵੇਗੀ ਅਤੇ ਇਸ ਮਸਲੇ ਦਾ ਇੱਕ ਅਜਿਹਾ ਭਾਈਚਾਰਕ ਹੱਲ ਕੱਢੇਗੀ, ਜਿਹਨਾਂ ਦੋਵੇਂ ਧਿਰਾਂ ਨੂੰ ਮਨਜ਼ੂਰ ਹੋਵੇਗਾ। ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਕਿਹਾ ਕਿ ਇਸੇ ਦੌਰਾਨ ਉਹਨਾਂ ਨੇ ਪੰਜਾਬੀ ਲੇਨ ਵਿਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਲਈ ਸਖ਼ਤ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਮੁੱਖ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਬੀਬਾ ਬਾਦਲ ਨੇ ਦੱਸਿਆ ਕਿ ਸਿੱਖਾਂ ਨੂੰ ਹਟਾਏ ਜਾਣ ਦੀ ਤਜਵੀਜ਼ ਉੱਤੇ ਅਦਾਲਤੀ ਰੋਕ ਹੋਣ ਦੇ ਬਾਵਜੂਦ ਪੰਜਾਬੀ ਲੇਨ ਵਿਚ ਰਹਿੰਦੇ ਸਿੱਖਾਂ ਨੂੰ ਉਜਾੜਣ ਦੀਆਂ ਕੋਸ਼ਿæਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਕਹਿੰਦਿਆਂ ਕਿ 200 ਸਾਲ ਪਹਿਲਾਂ ਅੰਗਰੇਜ਼ਾਂ ਦੁਆਰਾ ਪੰਜਾਬੀ ਲੇਨ ਵਿਚ ਰਹਿੰਦੇ ਸਿੱਖਾਂ ਨੂੰ ਸ਼ਿਲੌਂਗ ਵਿਚ ਲਿਆਂਦਾ ਗਿਆ ਸੀ, ਬੀਬਾ ਬਾਦਲ ਨੇ ਕਿਹਾ ਕਿ ਪੁਰਾਣੇ ਖਾਸੀ ਭਾਈਚਾਰੇ, ਜਿਹਨਾਂ ਨੂੰ ਉਸ ਸਮੇਂ ਹਿਮਾ ਕਿਹਾ ਜਾਂਦਾ ਸੀ, ਦੀ ਸਹਿਮਤੀ ਮਗਰੋਂ ਸ਼ਿਲੌਂਗ ਮਿਉਂਸੀਪਲ ਬੋਰਡ ਵੱਲੋਂ 1954 ਵਿਚ ਸਿੱਖਾਂ ਨੂੰ ਇਸ ਇਲਾਕੇ ਵਿਚ ਜ਼ਮੀਨ ਦਿੱਤੀ ਗਈ ਸੀ। ਇਸ ਤੋਂ ਬਾਅਦ ਇੱਕ ਗੁਰਦੁਆਰਾ ਸਾਹਿਬ ਅਤੇ ਦੋ ਮੰਦਿਰਾਂ ਦੀ ਉਸਾਰੀ ਲਈ ਜ਼ਮੀਨ ਦੇ ਚਾਰ ਪੱਟੇ ਵਾਧੂ ਦਿੱਤੇ ਗਏ ਸਨ।
ਮੇਘਾਲਿਆ ਦੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਐਸਜੀਪੀਸੀ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਅਤੇ ਡੀਐਸਜੀਐਮਸੀ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਗਰਮਖ਼ਿਆਲੀ ਜਥੇਬੰਦੀ ਐਚਐਨਐਲਸੀ ਵੱਲੋਂ ਪੰਜਾਬੀ ਲੇਨ ਦੇ ਬਾਸ਼ਿੰਦਿਆਂ ਨੂੰ ਇਲਾਕਾ ਖਾਲੀ ਕਰਨ ਜਾਂ ਹਿੰਸਾ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਦਿੱਤੀ ਧਮਕੀ ਮਗਰੋਂ ਸਿੱਖ ਲਗਾਤਾਰ ਦਹਿਸ਼ਤ ਦੇ ਸਾਏ ਹੇਠ ਜੀਅ ਰਹੇ ਹਨ। ਇਸ ਮੌਕੇ ਉੱਤੇ ਮੌਜੂਦ ਸ਼ਿਲੌਂਗ ਸਿੱਖ ਹਰੀਜਨ ਕਲੋਨੀ ਪ੍ਰਧਾਨ ਗੁਰਜੀਤ ਸਿੰਘ ਨੇ ਕਿਹਾ ਕਿ ਸਿੱਖ ਇਸ ਇਲਾਕੇ ਦੇ ਪੱਕੇ ਨਾਗਰਿਕ ਹਨ ਅਤੇ ਉਹਨਾਂ ਕੋਲ ਇਹ ਸਾਬਿਤ ਕਰਨ ਲਈ ਲੋੜੀਂਦੇ ਦਸਤਾਵੇਜ਼ ਵੀ ਹਨ। ਉਹਨਾਂ ਕਿਹਾ ਕਿ ਇਸ ਦੇ ਬਾਵਜੂਦ ਕੁੱਝ ਸਿੱਖ ਪਰਿਵਾਰਾਂ ਨੂੰ ਨਿਕਾਲੇ ਦੇ ਨੋਟਿਸ ਜਾਰੀ ਕੀਤੇ ਗਏ ਹਨ।ਗੁਰਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਸਥਾਨਕ ਅਧਿਕਾਰੀ ਸਿੱਖਾਂ ਦੇ ਦਾਅਵੇ ਪ੍ਰਤੀ ਪੱਖਪਾਤੀ ਪਹੁੰਚ ਰੱਖਦੇ ਹਨ। ਜਦੋਂ ਹੇਠਲੀ ਅਦਾਲਤ ਨੇ ਸਿੱਖਾਂ ਦੇ ਦਾਅਵੇ ਨੂੰ ਸਹੀ ਠਹਿਰਾਇਆ ਸੀ ਤਾਂ ਇਹਨਾਂ ਅਧਿਕਾਰੀਆਂ ਨੇ ਇਸ ਫੈਸਲੇ ਦੀ ਨਜ਼ਰਸਾਨੀ ਅਪੀਲ ਕੀਤੀ ਸੀ।
ਮੇਘਾਲਿਆ ਦੇ ਮੁੱਖ ਮੰਤਰੀ ਨੇ ਸਿੱਖ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਸਲੇ ਦੀ ਡੂੰਘੀ ਪੜਚੋਲ ਕਰਨਗੇ ਅਤੇ ਵਿਸ਼ਵਾਸ਼ ਦਿਵਾਇਆ ਕਿ ਮੇਘਾਲਿਆ ਵਿਚ ਸਿੱਖਾਂ ਨਾਲ ਕੋਈ ਵਿਤਕਰਾ ਨਹੀਂ ਹੋਵੇਗਾ।