ਕਿਹਾ ਕਿ ਅਮਰਿੰਦਰ ਦੀ 'ਆਪਣੀ ਆਖਰੀ ਚੋਣ' ਬਾਰੇ ਟਿੱਪਣੀ ਉਸ ਦੀ ਪਾਰਟੀ ਲਈ ਵੀ ਸੱਚੀ ਸਾਬਿਤ ਹੋਵੇਗੀ
ਕਿਹਾ ਕਿ ਖਿੱਲਰੀ ਹੋਈ ਅਤੇ ਦੁਬਿਧਾ-ਮਾਰੀ ਕਾਂਗਰਸ ਦੇ ਪੰਜਾਬ ਵਿਚ ਕਿਤੇ ਪੈਰ ਨਹੀਂ ਲੱਗ ਰਹੇ
ਨਕੋਦਰ/08 ਅਪ੍ਰੈਲ:ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਸਹੁੰ ਖਾ ਕੇ ਬੋਲੇ ਚਿੱਟੇ ਝੂਠਾਂ ਦੇ ਅੰਜ਼ਾਮ ਬਾਰੇ ਸੋਚ ਕੇ ਹੁਣ ਪੰਜਾਬ 'ਚ ਕਾਂਗਰਸੀ ਆਗੂਆਂ ਦਾ ਚੈਨ ਉੱਡਣਾ ਸ਼ੁਰੂ ਹੋ ਗਿਆ ਹੈ।
ਸਰਦਾਰ ਬਾਦਲ ਨੇ ਇਹ ਟਿੱਪਣੀਆਂ ਅਕਾਲੀ-ਭਾਜਪਾ ਦੇ ਉਮੀਦਵਾਰ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿਚ ਸਮਰਥਨ ਜੁਟਾਉਣ ਵਾਸਤੇ ਨਕੋਦਰ ਵਿਖੇ ਆਪਣੀ ਚੋਣ ਪ੍ਰਚਾਰ ਰੈਲੀ ਦੌਰਾਨ ਕੀਤੀਆਂ। ਇਸ ਮੌਕੇ ਸਥਾਨਕ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਭਾਜਪਾ ਆਗੂ ਐਮਐਮ ਮਿੱਤਲ ਅਤੇ ਸਰਦਾਰ ਅਟਵਾਲ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।
ਉਹਨਾਂ ਕਿਹਾ ਕਿ ਜਦੋਂ ਅਮਰਿੰਦਰ ਨੇ ਦਸਮੇਸ਼ ਪਾਤਸ਼ਾਹ ਦੇ ਪਾਵਨ ਚਰਨਾਂ ਦੀ ਸਹੁੰ ਖਾਈ ਸੀ ਤਾਂ ਪੰਜਾਬ ਦੇ ਸਿਦਕਵਾਨ ਅਤੇ ਭਰੋਸਾ ਕਰਨ ਵਾਲੇ ਲੋਕਾਂ ਨੇ ਕਾਂਗਰਸ ਜਾਂ ਅਮਰਿੰਦਰ ਲਈ ਵੋਟ ਨਹੀਂ ਸੀ ਪਾਈ, ਸਗੋਂ ਮਹਾਨ ਗੁਰੂ ਸਾਹਿਬ ਦੇ ਚਰਨਾਂ ਵਿਚ ਆਪਣੀ ਵੋਟ ਰੱਖੀ ਸੀ, ਜਿਹਨਾਂ ਵਾਸਤੇ ਬੱਚਾ ਬੱਚਾ ਹਰ ਸਿੱਖ, ਪੰਜਾਬੀ ਅਤੇ ਭਾਰਤੀ ਆਪਣੀ ਜਾਨ ਨਿਛਾਵਰ ਕਰਨ ਲਈ ਤਿਆਰ ਹੈ। ਉਹਨਾਂ ਕਿਹਾ ਕਿ ਪਰ ਅਮਰਿੰਦਰ ਇਹ ਜਾਣਦਾ ਸੀ ਕਿ ਉਹ ਗੁਰੂ ਦੇ ਪੈਰੋਕਾਰਾਂ ਨੂੰ ਸਿਰਫ ਮੂਰਖ ਬਣਾ ਰਿਹਾ ਹੈ। ਅੱਜ ਹਰ ਸਿੱਖ ਅਤੇ ਹਰ ਧਰਮ ਵਿਚੋਂ ਗੁਰੂ ਦੇ ਪੈਰੋਕਾਰ ਖੁਦ ਨੂੰ ਠੱਗੇ ਮਹਿਸੂਸ ਕਰਦੇ ਹਨ, ਕਿਉਂਕਿ ਅਮਰਿੰਦਰ ਨੇ ਉਹਨਾਂ ਦੇ ਗੁਰੂ ਸਾਹਿਬਾਨ ਅੰਦਰਲੇ ਭਰੋਸੇ ਨਾਲ ਖਿਲਵਾੜ ਕੀਤਾ ਹੈ। ਕੋਈ ਵੀ ਇਸ ਗੱਲ ਦਾ ਯਕੀਨ ਨਹੀਂ ਕਰ ਸਕਦਾ ਕਿ ਇੱਕ ਸਿੱਖ ਆਗੂ ਜਾਂ ਕੋਈ ਵੀ ਆਗੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇੰਨੀ ਵੱਡੀ ਬੇਅਦਬੀ ਕਰ ਸਕਦਾ ਹੈ।
ਇੱਥੇ ਨੌਜਵਾਨਾਂ ਅਤੇ ਟਕਸਾਲੀ ਅਕਾਲੀ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਲੋਕਾਂ ਵਿਚ ਮੁੱਖ ਮੰਤਰੀ ਦੇ ਇਸ ਬੱਜਰ ਗੁਨਾਹ ਖ਼ਿਲਾਫ ਪਨਪੇ ਗੁੱਸੇ ਕਰਕੇ ਕਾਂਗਰਸ ਪਾਰਟੀ ਅੰਦਰ ਵੀ ਧੜੇਬਾਜ਼ੀ ਹੋ ਗਈ ਹੈ। ਹਰ ਕਾਂਗਰਸੀ ਆਗੂ ਦੂਜੇ ਉੱਤੇ ਦੋਸ਼ ਮੜ• ਰਿਹਾ ਹੈ ਅਤੇ ਅਕਾਲੀ-ਭਾਜਪਾ ਗਠਜੋੜ ਦੇ ਤਾਜ਼ਾ ਉਭਾਰ ਮਗਰੋਂ ਕੋਈ ਵੀ ਗੰਭੀਰ ਆਗੂ ਕਾਂਗਰਸੀ ਟਿਕਟ ਉੱਤੇ ਲੜਣ ਨੂੰ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਖਿੱਲਰੀ ਹੋਈ ਅਤੇ ਦੁਬਿਧਾ-ਮਾਰੀ ਕਾਂਗਰਸ ਦੇ ਪੰਜਾਬ ਵਿਚ ਕਿਤੇ ਵੀ ਪੈਰ ਨਹੀਂ ਲੱਗ ਰਹੇ। ਕਾਂਗਰਸੀਆਂ ਨੇ ਸਾਰੀਆਂ 13 ਸੀਟਾਂ ਜਿੱਤਣ ਦੀ ਫੜ• ਮਾਰੀ ਸੀ, ਪਰ ਇਹ 13 ਸੀਟਾਂ ਅਕਾਲੀ-ਭਾਜਪਾ ਨੂੰ ਆਉਣਗੀਆਂ ਅਤੇ 14ਵੀਂ ਚੰਡੀਗੜ• ਵਾਲੀ ਆਵੇਗੀ। ਕਾਂਗਰਸ ਦਾ ਇਹਨਾਂ ਚੋਣਾਂ ਵਿਚ ਪੂਰੀ ਤਰ•ਾਂ ਸਫਾਇਆ ਹੋ ਜਾਵੇਗਾ।
ਸਰਦਾਰ ਬਾਦਲ ਨੇ ਐਲਾਨ ਕੀਤਾ ਕਿ ਸੂਬੇ ਅੰਦਰ ਹੁਣ ਕਾਂਗਰਸ ਸਰਕਾਰ ਦੀ ਸਿਰਫ 47 ਦਿਨ ਦੀ ਹਸਤੀ ਹੈ। ਚੋਣ ਨਤੀਜਿਆਂ ਤੋਂ ਬਾਅਦ 25 ਮਈ ਨੂੰ ਅਮਰਿੰਦਰ ਸਿੰਘ ਦੀ ਇਹ ਸਰਕਾਰ ਹਵਾ ਹੋ ਜਾਵੇਗੀ। ਕੈਪਟਨ ਅਮਰਿੰਦਰ ਨੇ ਕਿਹਾ ਸੀ ਕਿ ਇਹ ਉਸ ਦੀ ਆਖਰੀ ਚੋਣ ਹੈ। ਉਸ ਦੀ ਇਹ ਟਿੱਪਣੀ ਕਾਂਗਰਸ ਪਾਰਟੀ ਲਈ ਵੀ ਸੱਚੀ ਸਾਬਿਤ ਹੋਵੇਗੀ।
ਸਰਦਾਰ ਬਾਦਲ ਨੇ ਕਿਹਾ ਕਿ ਦਲਿਤਾਂ, ਕਿਸਾਨਾਂ, ਨੌਜਵਾਨਾਂ, ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਸਮੇਤ ਸਮਾਜ ਦਾ ਹਰ ਵਰਗ ਕਾਂਗਰਸ ਸਰਕਾਰ ਵੱਲੋਂ ਕੀਤੇ ਵਿਸ਼ਵਾਸ਼ਘਾਤ ਦੀ ਸਜ਼ਾ ਭੁਗਤ ਰਿਹਾ ਹੈ।
ਅਮਰਿੰਦਰ ਸਰਕਾਰ ਨੂੰ 'ਬੰਦ ਸਰਕਾਰ' ਦਾ ਖ਼ਿਤਾਬ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਅਤੇ ਵਿਕਾਸ ਕਾਰਜਾਂ ਨੂੰ ਮੌਜੂਦਾ ਸਰਕਾਰ ਦੁਆਰਾ ਬੰਦ ਕਰ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਸ਼ਗਨ ਸਕੀਮ 'ਬੰਦ', ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ 'ਬੰਦ', ਸਰਕਾਰੀ ਨੌਕਰੀਆਂ ਬੰਦ, ਪੈਨਸ਼ਨ ਸਕੀਮ ਬੰਦ, ਟਿਊਬਵੈਲ ਕੁਨੈਕਸ਼ਨ ਬੰਦ, ਦਲਿਤਾਂ ਅਤੇ ਗਰੀਬਾਂ ਨੂੰ 200 ਯੂਨਿਟ ਅੰਸ਼ਿਕ ਮੁਫਤ ਬਿਜਲੀ ਦੀ ਸਹੂਲਤ ਬੰਦ। ਉਹਨਾਂ ਕਿਹਾ ਕਿ ਇਸੇ ਤਰ•ਾਂ ਲੋਕ ਭਲਾਈ ਅਤੇ ਲੋਕ ਹਿਤੈਸ਼ੀ ਸਕੀਮਾਂ ਜਿਵੇਂ 50 ਹਜ਼ਾਰ ਰੁਪਏ ਦਾ ਇਲਾਜ, ਕਿਸਾਨਾਂ, ਛੋਟੇ ਦੁਕਾਨਦਾਰਾਂ ਅਤੇ ਮਜ਼ਦੂਰਾਂ ਲਈ 5 ਲੱਖ ਰੁਪਏ ਤਕ ਦਾ ਜੀਵਨ ਬੀਮਾ ਆਦਿ ਨੂੰ ਬੰਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਸੂਬੇ ਵਿਚ ਕੈਂਸਰ ਦੇ ਹਰ ਮਰੀਜ਼ ਲਈ ਡੇਢ ਲੱਖ ਰੁਪਏ ਦੀ ਸਰਕਾਰੀ ਸਹਾਇਤਾ ਦਿੰਦੇ ਹੁੰਦੇ ਸੀ। ਇਸੇ ਤਰ•ਾਂ ਲੜਕੀਆਂ ਨੂੰ ਪੜਾਉਣ ਵਾਸਤੇ ਹੱਲਾਸ਼ੇਰੀ ਦੇਣ ਲਈ ਵਿਦਿਆਰਥਣਾਂ ਨੂੰ ਮੁਫਤ ਸਾਇਕਲ ਦਿੱਤੇ ਸਨ।ਅਮਰਿੰਦਰ ਸਰਕਾਰ ਨੇ ਇਹ ਸਭ ਕੁੱਝ ਬੰਦ ਕਰ ਦਿੱਤਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਬਣਾਏ ਜ਼ਿਆਦਾਤਰ ਸੇਵਾ ਅਤੇ ਸੁਵਿਧਾ ਕੇਦਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। 800 ਸਰਕਾਰੀ ਸਕੂਲ ਅਤੇ ਵੱਡੀ ਗਿਣਤੀ ਵਿਚ ਸਰਕਾਰੀ ਸਿਹਤ ਕੇਂਦਰ ਅਤੇ ਹਸਪਤਾਲ ਬੰਦ ਕਰ ਦਿੱਤੇ ਹਨ।ਗਰੀਬ ਹੋਣਹਾਰ ਬੱਚਿਆਂ ਵਾਸਤੇ ਬਣਾਏ ਮੈਰੀਟੋਰੀਅਸ ਸਕੂਲਾਂ ਨੂੰ ਵੀ ਤਾਲੇ ਜੜ• ਦਿੱਤੇ ਹਨ। ਉਹਨਾਂ ਨੇ ਤਾਂ ਖਿਡਾਰੀਆਂ ਨੂੰ ਨਹੀਂ ਛੱਡਿਆ ਹੈ। ਅਸੀਂ ਪੇਂਡੂ ਅਤੇ ਸ਼ਹਿਰੀ ਖਿਡਾਰੀਆਂ ਨੂੰ ਜਿਹੜੀਆਂ ਮੁਫਤ ਸਪੋਰਟ ਕਿੱਟਾਂ ਦਿੰਦੇ ਸੀ, ਉਹਨਾਂ ਨੇ ਉਹ ਵੀ ਬੰਦ ਕਰ ਦਿੱਤੀਆਂ।
ਸਰਦਾਰ ਬਾਦਲ ਨੇ ਕਿਹਾ ਕਿ ਦਸ਼ਮੇਸ਼ ਪਿਤਾ ਦੇ ਪਾਵਨ ਚਰਨਾਂ ਦੀ ਸਹੁੰ ਖਾਣ ਦੇ ਬਾਵਜੂਦ ਅਮਰਿੰਦਰ ਸਾਰੇ ਕਿਸਾਨਾਂ ਨਾਲ ਕੀਤੇ ਆਪਣੇ ਮੁਕੰਮਲ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਮੁਕਰ ਗਿਆ। ਉਹਨਾਂ ਕਿਹਾ ਕਿ ਅਮਰਿੰਦਰ ਨੇ ਕਿਹਾ ਸੀ ਕਿ ਉਹ ਮੁੱਖ ਮੰਤਰੀ ਵਜੋਂ ਸਾਰੇ ਕਿਸਾਨਾਂ ਦੇ ਕਰਜ਼ੇ ਚੁਕਾਏਗਾ ਅਤੇ ਕਿਸੇ ਕਿਸਾਨ ਨੂੰ ਇੱਕ ਪੈਸਾ ਵੀ ਦੇਣਾ ਨਹੀਂ ਪਵੇਗਾ। ਸਰਕਾਰ ਬਣਾਉਣ ਤੋਂ ਪਹਿਲਾਂ ਉਸ ਨੇ ਕਿਸਾਨਾਂ ਨੂੰ ਕਰਜ਼ੇ ਦੀਆਂ ਕਿਸ਼ਤਾਂ ਨਾ ਦੇਣ ਲਈ ਕਹਿ ਦਿੱਤਾ ਸੀ। ਇਸ ਬਾਰੇ ਉਹਨਾਂ ਨੇ ਹਲਫੀਆ ਬਿਆਨ ਦਿੱਤੇ ਸਨ ਅਤੇ ਕਿਸਾਨਾਂ ਕੋਲੋਂ ਉਹਨਾਂ ਕਾਗਜ਼ਾਂ ਉੱਤੇ ਦਸਤਖ਼ਤ ਕਰਵਾਏ ਸਨ। ਉਹਨਾਂ ਕਿਹਾ ਕਿ ਪਰੰਤੂ ਮੁੱਖ ਮੰਤਰੀ ਬਣਦੇ ਹੀ ਅਮਰਿੰਦਰ ਨੇ ਐਲਾਨ ਕਰ ਦਿੱਤਾ ਕਿ ਇਹ ਉਸਦੀ ਆਖਰੀ ਚੋਣ ਸੀ। ਇਹ ਅਮਰਿੰਦਰ ਵੱਲੋਂ ਲੋਕਾਂ ਨੂੰ ਦਿੱਤਾ ਸੰਕੇਤ ਸੀ ਕਿ ਜੇਕਰ ਉੁਹ ਕੀਤੇ ਵਾਅਦਿਆਂ ਤੋਂ ਮੁਕਰ ਗਿਆ ਫਿਰ ਵੀ ਲੋਕ ਉਸ ਦਾ ਕੋਈ ਨੁਕਸਾਨ ਨਹੀਂ ਕਰ ਸਕਦੇ। ਘਰ ਘਰ ਨੌਕਰੀ ਦੇਣ ਦੇ ਵਾਅਦੇ ਦਾ ਵੀ ਇਹੋ ਹਸ਼ਰ ਹੋਇਆ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਅਮਰਿੰਦਰ ਅਤੇ ਉਸ ਦੀ ਪਾਰਟੀ ਨੇ ਇਹ ਜਾਣਦੇ ਹੋਏ ਕਿ ਉਹ ਕੋਈ ਵਾਅਦਾ ਪੂਰਾ ਨਹੀਂ ਕਰ ਪਾਉਣਗੇ, ਲੋਕਾਂ ਕੋਲ ਝੂਠੇ ਵਾਅਦਿਆਂ ਦੀ ਝੜੀ ਲਾ ਦਿੱਤੀ। ਉਹਨਾਂ ਨੇ ਪੈਨਸ਼ਨ ਰਾਸ਼ੀ 500 ਤੋਂ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ, ਸ਼ਗਨ ਦੀ ਰਾਸ਼ੀ 15000 ਤੋਂ ਵਧਾ ਕੇ 51000 ਰੁਪਏ ਕਰਨ ਦੇ ਵਾਅਦੇ ਕੀਤੇ ਸਨ। ਇਸ ਤੋਂ ਇਲਾਵਾ ਨੌਜਵਾਨਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ, ਪਰ ਇਹਨਾਂ ਸਾਰੇ ਵਾਅਦਿਆਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।