ਕਿਹਾ ਕਿ ਪੂਰੇ ਦੇਸ਼ ਦੀ ਸਰਕਾਰ ਵੱਲੋਂ ਮਨਾਏ ਜਾ ਰਹੇ ਸਮਾਰੋਹ ਪ੍ਰਤੀ ਤੁਹਾਨੂੰ ਕੀ ਇਤਰਾਜ਼ ਸੀ?
ਬਠਿੰਡਾ/14 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਜਲ੍ਹਿਆਂਵਾਲਾ ਬਾਗ ਸਾਕੇ ਦੀ ਸ਼ਤਾਬਦੀ ਵਰਗੇ ਇੱਕ ਰਾਸ਼ਟਰੀ ਸਮਾਰੋਹ ਨੂੰ ਇੱਕ ਰਾਜ ਪੱਧਰੀ ਸਮਾਗਮ ਬਣਾਉਣ ਦੀਆਂ ਘਟੀਆਂ ਕੋਸ਼ਿਸ਼ਾਂ ਦੀ ਸਖ਼ਤ ਨਿਖੇਧੀ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਭਾਰਤ ਸਰਕਾਰ ਦੁਆਰਾ ਆਯੋਜਿਤ ਕੀਤੇ ਇੱਕ ਰਾਸ਼ਟਰੀ ਸਮਾਰੋਹ ਵਿਚ ਸ਼ਾਮਿਲ ਨਾ ਹੋ ਕੇ ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਮੁਲਕ ਨਾਲ ਰਲ ਕੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦੇਣ ਤੋਂ ਇਨਕਾਰ ਕੀਤਾ ਹੈ, ਜਿਹਨਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਵਾਰ ਸੁਤੰਤਰਤਾ ਅੰਦੋਲਨ ਇੱਕ ਨਵੀਂ ਜਾਨ ਪਾਈ ਸੀ। ਉਹਨਾਂ ਕਿਹਾ ਕਿ ਜਲ੍ਹਿਆਂਵਾਲਾ ਬਾਗ ਦੇ ਦੁਖਾਂਤ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸਦੀ ਸਿਰਫ ਕਿਸੇ ਇੱਕ ਰਾਜ ਜਾਂ ਸੂਬਾ ਸਰਕਾਰ ਦੇ ਸਮਾਗਮ ਨਾਲੋਂ ਕਿਤੇ ਵੱਡੀ ਅਹਿਮੀਅਤ ਹੈ। ਕੀ ਤੁਹਾਨੂੰ ਇਸ ਬਾਰੇ ਪਤਾ ਨਹੀਂ ਜਾਂ ਤੁਸੀਂ ਇਸ ਗੱਲ ਨੂੰ ਕੋਈ ਮਾਨਤਾ ਨਹੀ ਦਿੰਦੇ ਕਿ ਜਲ੍ਹਿਆਂਵਾਲਾ ਬਾਗ ਨੂੰ ਪੂਰੀ ਦੁਨੀਆਂ ਅੰਦਰ ਅਜ਼ਾਦੀ ਅੰਦੋਲਨਾਂ ਵਾਸਤੇ ਇੱਕ ਬਹੁਤ ਵੱਡਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਇਸ ਦੀ ਇਤਿਹਾਸਕ ਮਹੱਤਤਾ ਮਹਿਜ਼ ਇੱਕ ਸੂਬੇ ਦਾ ਮੁੱਦਾ ਹੋਣ ਨਾਲੋਂ ਕਿਤੇ ਵੱਡੀ ਹੈ। ਕੀ ਇਹ ਕਾਫੀ ਨਹੀਂ ਸੀ ਕਿ ਪੂਰੇ ਮੁਲਕ ਦੀ ਸਰਕਾਰ ਇਸ ਸਮਾਗਮ ਨੂੰ ਮਨਾ ਰਹੀ ਸੀ ਅਤੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਕਰਨ ਵਾਸਤੇ ਉੱਥੇ ਪਹੁੰਚ ਰਹੀ ਸੀ? ਕੀ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਨਹੀਂ ਸੀ ਕਿ ਸਾਰੇ ਦੇਸ਼ ਦੇ ਲੋਕ ਪੰਜਾਬੀਆਂ ਨਾਲ ਮਿਲ ਕੇ ਪੰਜਾਬ ਦੇ ਉਹਨਾਂ ਪੁੱਤਰਾਂ ਨੂੰ ਸਲਾਮ ਕਰ ਰਹੇ ਸਨ, ਜਿਹੜੇ ਇਸ ਲਈ ਸ਼ਹੀਦੀਆਂ ਪ੍ਰਾਪਤ ਕਰ ਗਏ ਤਾਂ ਕਿ ਦੇਸ਼ ਦੇ ਲੋਕ ਸੁਤੰਤਰ ਨਾਗਰਿਕਾਂ ਵਾਲੀ ਜ਼ਿੰਦਗੀ ਜੀਅ ਸਕਣ?
ਸਰਦਾਰ ਬਾਦਲ ਨੇ ਕਿਹਾ ਕਿ ਜਦੋਂ ਪੂਰਾ ਦੇਸ਼ ਅਤੇ ਦੇਸ਼ ਦੀ ਸਰਕਾਰ ਜਲ੍ਹਿਆਂਵਾਲਾ ਬਾਗ ਸਾਕੇ ਦੇ ਸਾਡੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਂਟ ਕਰ ਰਹੇ ਸਨ, ਤਾਂ ਪੰਜਾਬ ਦੇ ਇਸ ਗੌਰਵ ਦਾ ਹਿੱਸਾ ਬਣਨ ਦੀ ਬਜਾਇ ਕੈਪਟਨ ਅਮਰਿੰਦਰ ਨੇ ਸਿਆਸੀ ਲਾਹਾ ਲੈਣ ਵਾਸਤੇ ਇੱਕ ਵੱਖਰਾ ਸ਼ਰਧਾਂਜ਼ਲੀ ਸਮਾਰੋਹ ਕਰਨ ਦੀ ਘਟੀਆ ਹਰਕਤ ਕੀਤੀ ਹੈ। ਇਹ ਬਹੁਤ ਹੀ ਸ਼ਰਮਨਾਕ ਗੱਲ ਹੈ। ਜਾਂ ਫਿਰ ਉਸ ਨੂੰ ਪਤਾ ਹੀ ਨਹੀਂ ਸੀ ਕਿ ਭਾਰਤ ਸਰਕਾਰ ਇਸ ਦਿਹਾੜੇ ਨੂੰ ਇੱਕ ਰਾਸ਼ਟਰੀ ਸਮਾਰੋਹ ਵਜੋਂ ਮਨਾ ਰਹੀ ਹੈ?
ਮੁੱਖ ਮੰਤਰੀ ਨੂੰ ਇੱਕ ਤਿੱਖਾ ਸਵਾਲ ਕਰਦਿਆਂ ਸਰਦਾਰ ਬਾਦਲ ਨੇ ਪੁੱਛਿਆ ਕਿ ਪੂਰੇ ਦੇਸ਼ ਦੀ ਸਰਕਾਰ ਵੱਲੋਂ ਮਨਾਏ ਜਾ ਰਹੇ ਸਮਾਰੋਹ ਪ੍ਰਤੀ ਤੁਹਾਨੂੰ ਕੀ ਇਤਰਾਜ਼ ਸੀ? ਦੇਸ਼ ਦੀ ਸਰਕਾਰ ਵੱਲੋਂ ਇੱਕ ਰਾਸ਼ਟਰੀ ਸਮਾਰੋਹ ਵਜੋਂ ਮਨਾਏ ਜਾ ਰਹੇ ਸਮਾਗਮ ਦੇ ਮੁਕਾਬਲੇ ਇੱਕ ਛੋਟਾ ਸਮਾਗਮ ਆਯੋਜਿਤ ਕਰਕੇ ਸਿਵਾਇ ਸੌੜੀ ਸਿਆਸਤ ਕਰਨ ਤੋਂ ਇਲਾਵਾ ਹੋਰ ਤੁਹਾਡੀ ਕੀ ਦਲੀਲ ਸੀ? ਪੂਰੇ ਦੇਸ਼ ਦੀ ਅਗਵਾਈ ਵਾਲੀ ਭਾਰਤ ਸਰਕਾਰ ਵੱਲੋਂ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜ਼ਲੀ ਵਿਚ ਸ਼ਾਮਿਲ ਨਾ ਹੋਣ ਦੀ ਕੀ ਤੁਸੀਂ ਕੋਈ ਇੱਕ ਚੰਗੀ ਵਜ੍ਹਾ ਗਿਣਾ ਸਕਦੇ ਹੋ? ਉਹਨਾਂ ਕਿਹਾ ਕਿ ਜਦੋਂ ਅਮਰਿੰਦਰ ਜਾਣਦਾ ਸੀ ਕਿ ਭਾਰਤ ਸਰਕਾਰ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦੇਣ ਲਈ ਰਾਸ਼ਟਰੀ ਪੱਧਰ ਦਾ ਸਮਾਰੋਹ ਕਰ ਰਹੀ ਹੈ ਤਾਂ ਉਸ ਵੱਲੋਂ ਵੱਖਰਾ ਰਾਜ ਪੱਧਰੀ ਸਮਾਗਮ ਕਰਵਾਉਣ ਦੀ ਕੋਈ ਤੁਕ ਨਹੀਂ ਸੀ ਬਣਦੀ?
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਜਲ੍ਹਿਆਂਵਾਲਾ ਬਾਗ ਦਾ ਰਾਸ਼ਟਰੀ ਪੱਧਰ ਦਾ ਸਮਾਰੋਹ ਨਾ ਮਨਾਇਆ ਹੁੰਦਾ ਤਾਂ ਇਸੇ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੀ ਸਭ ਤੋਂ ਪਹਿਲਾਂ ਨਿਖੇਧੀ ਕਰਨੀ ਸੀ।