ਕਿਹਾ ਕਿ ਅਮਰਿੰਦਰ ਦਾ ਆਪਣਾ ਜਾਨਸ਼ੀਨ ਲੱਭ ਰਿਹਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਚੋਣਾਂ 'ਚ ਕਾਂਗਰਸ ਦੀ ਹਾਰ ਉਸ ਦਾ ਕਰੀਅਰ ਖ਼ਤਮ ਕਰ ਦੇਵੇਗੀ
ਚੰਡੀਗੜ੍ਹ/15ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਹਾਰ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨਹੀਂ ਰਹੇਗਾ। ਉਹਨਾਂ ਕਿਹਾ ਕਿ ਇਹ ਚੋਣਾਂ ਅਮਰਿੰਦਰ ਦੇ ਕਰੀਅਰ ਨੂੰ ਖ਼ਤਮ ਕਰ ਦੇਣਗੀਆਂ, ਉਹ ਇਹ ਗੱਲ ਜਾਣਦਾ ਹੈ। ਇਸੇ ਲਈ ਉਸ ਨੇ ਆਪਣੇ ਜਾਨਸ਼ੀਨ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਕਿ ਉਸ ਨੂੰ ਹਟਾਏ ਜਾਣ ਮਗਰੋਂ ਉਸ ਦੇ ਆਪਣੇ ਬੰਦੇ ਦੇ ਹੱਥ ਵਿਚ ਸੂਬੇ ਦੀ ਕਮਾਨ ਹੋਵੇ।
ਸਰਦਾਰ ਬਾਦਲ ਨੇ ਕਿਹਾ ਕਿ ਸੁਨੀਲ ਜਾਖੜ ਨੂੰ ਆਪਣਾ ਜਾਨਸ਼ੀਨ ਐਲਾਨ ਕੇ ਅਮਰਿੰਦਰ ਦੂਜਾ ਉਦੇਸ਼ ਇਹ ਪੂਰਾ ਕਰਨਾ ਚਾਹੁੰਦਾ ਹੈ ਕਿ ਉਹ ਪ੍ਰਤਾਪ ਸਿੰਘ ਬਾਜਵਾ ਵਰਗੇ ਸਥਾਨਕ ਕਾਂਗਰਸੀਆਂ ਹੱਥੋਂ ਜਾਖੜ ਨੂੰ ਹਰਾਉਣਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਕੈਪਟਨ ਸਾਹਿਬ ਨੂੰ ਕੋਈ ਅਜਿਹਾ ਬੰਦਾ ਚਾਹੀਦਾ ਹੈ ਜਿਹੜਾ ਕਾਮਯਾਬ ਹੋਣ ਲਈ ਉਹਨਾਂ ਉਤੇ ਨਿਰਭਰ ਰਹੇ। ਪਰ ਇਸ ਸਟੇਜ ਉੱਤੇ ਸਿਰਫ ਇੱਕ ਗੱਲ ਪੱਕੀ ਹੈ ਕਿ ਪੰਜਾਬ ਵਿਚ ਕਾਂਗਰਸ ਦੀ ਹਾਰ ਮਗਰੋਂ ਅਮਰਿੰਦਰ ਸੂਬੇ ਦਾ ਮੁੱਖ ਮੰਤਰੀ ਨਹੀਂ ਰਹੇਗਾ ਅਤੇ ਉਸ ਦਾ ਸਿਆਸੀ ਕਰੀਅਰ ਖ਼ਤਮ ਹੋ ਜਾਵੇਗਾ। ਇਸੇ ਛਟਪਟਾਹਟ ਵਿਚ ਉਹ ਅਕਾਲੀਆਂ ਨੂੰ ਗਾਲ੍ਹਾਂ ਕੱਢਦਾ ਹੈ।
ਸਰਦਾਰ ਬਾਦਲ ਨੇ ਅਮਰਿੰਦਰ ਨੂੰ ਚੁਣੋਤੀ ਦਿੰਦਿਆਂ ਕਿਹਾ ਕਿ ਉਹ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਅਤੇ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਦੀ ਪੂਰਤੀ ਨੂੰ ਲੋਕ ਸਭਾ ਚੋਣਾਂ ਵਿਚ ਆਪਣਾ ਮੁੱਖ ਮੁੱਦਾ ਬਣਾਵੇ। ਉਹਨਾਂ ਕਿਹਾ ਕਿ ਮੈਂ ਜਾਣਦਾ ਹਾਂ ਕਿ ਉਹ ਅਜਿਹਾ ਨਹੀਂ ਕਰੇਗਾ ਅਤੇ ਬਾਕੀ ਮੁੱਦਿਆਂ ਉਤੇ ਝੂਠੀ ਦੂਸ਼ਣਬਾਜ਼ੀ ਕਰਨ ਦੀ ਆੜ ਪਿੱਛੇ ਲੁਕਿਆ ਰਹੇਗਾ। ਪਰ ਹੁਣ ਉਸ ਦੀ ਖੇਡ ਮੁੱਕ ਚੱਲੀ ਹੈ।
ਬਠਿੰਡਾ, ਪਟਿਆਲਾ, ਆਨੰਦਪੁਰ ਸਾਹਿਬ ਅਤੇ ਫਿਰੋਜ਼ਪੁਰ ਹਲਕਿਆਂ ਵਿੱਚ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਮਰਿੰਦਰ ਇਹ ਗੱਲ ਜਾਣਦਾ ਹੈ ਕਿ ਉਸ ਦਾ ਪਹੁੰਚ ਤੋਂ ਬਾਹਰ ਹੋਣਾ, ਲੋਕਾਂ 'ਚ ਨਜ਼ਰ ਨਾ ਆਉਣਾ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰਾ ਨਾ ਕਰਨਾ ਆਦਿ ਸਾਰੀਆਂ ਗੱਲਾਂ ਰਲ ਕੇ ਪੰਜਾਬ ਵਿਚ ਕਾਂਗਰਸ ਦਾ ਬੇੜਾ ਡੋਬ ਰਹੀਆਂ ਹਨ। ਉਹਨਾਂ ਕਿਹਾ ਕਿ ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੀ ਪਾਵਨ ਸਹੁੰ ਖਾ ਕੇ ਲੋਕਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਇਸ ਲਈ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਲੋਕਾਂ ਦਾ ਫਤਵਾ ਮੰਗਣ ਤੋਂ ਉਹ ਡਰ ਗਿਆ ਹੈ।
ਬਾਅਦ ਵਿਚ ਇੱਕ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹਨਾਂ ਲੋਕ ਸਭਾ ਚੋਣਾਂ ਵਿਚ ਅਮਰਿੰਦਰ ਸਰਕਾਰ ਦੀਆਂ ਨਾਕਾਮੀਆਂ ਅਤੇ ਲੋਕਾਂ ਨਾਲ ਕੀਤਾ ਵਿਸ਼ਵਾਸ਼ਘਾਤ ਹੀ ਵੱਡੇ ਚੋਣ ਮੁੱਦੇ ਹਨ। ਉਹਨਾਂ ਕਿਹਾ ਕਿ ਅਮਰਿੰਦਰ ਆਪਣੀ ਸਰਕਾਰ ਦੀ ਦੋ ਸਾਲ ਦੀ ਮਾੜੀ ਕਾਰਗੁਜ਼ਾਰੀ ਉੱਤੇ ਲੋਕਾਂ ਦਾ ਸਾਹਮਣਾ ਕਰਨ ਤੋਂ ਭੱਜ ਰਿਹਾ ਹੈ। ਉਹ ਦੂਜੇ ਮੁੱਦਿਆਂ ਵੱਲ ਲੋਕਾਂ ਦਾ ਧਿਆਨ ਲਿਜਾਣ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਹੈ। ਪਰ ਉਸ ਨੂੰ ਹੁਣ ਦੋ ਸਾਲ ਤੱਕ ਲੋਕਾਂ ਦਾ ਅਪਮਾਨ ਕਰਨ ਅਤੇ ਉਹਨਾਂ ਨਾਲ ਅਣਮਨੁੱਖੀ ਵਿਵਹਾਰ ਕਰਨ ਵਾਸਤੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ।
ਸਰਦਾਰ ਬਾਦਲ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਪੰਜਾਬ ਦੇ ਇਤਿਹਾਸ ਵਿਚ ਸਭ ਤੋਂ ਨਿਕੰਮੀ ਅਤੇ ਨਖਿੱਧ ਸਰਕਾਰ ਹੈ। ਸ਼ਾਇਦ ਦੇਸ਼ ਅੰਦਰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਕੋਈ ਇੰਨੀ ਨਖਿੱਧ ਅਤੇ ਨਿਕੰਮੀ ਸੂਬਾ ਸਰਕਾਰ ਵੇਖੀ ਗਈ ਹੈ। ਉਹਨਾਂ ਕਿਹਾ ਕਿ ਅਮਰਿੰਦਰ ਵੱਲੋਂ ਲੋਕਾਂ ਨਾਲ ਕਰਕੇ ਤੋੜੇ ਵਾਅਦਿਆਂ ਦੀ ਸੂਚੀ ਬਹੁਤ ਲੰਬੀ ਹੈ। ਅਮਰਿੰਦਰ ਨੇ ਵਾਅਦੇ ਅਨੁਸਾਰ ਮੁਕੰਮਲ ਕਰਜ਼ਾ ਮੁਆਫੀ ਨਹੀਂ ਕੀਤੀ, ਪੈਨਸ਼ਨ ਦੀ ਰਾਸ਼ੀ 500 ਤੋਂ ਵਧਾ ਕੇ 2500 ਰੁਪਏ ਨਹੀਂ ਕੀਤੀ, ਸ਼ਗਨ ਦੀ ਰਾਸ਼ੀ 15 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਨਹੀਂ ਕੀਤੀ।ਨਾ ਉਸ ਨੇ ਹਰ ਘਰ ਵਿਚ ਰੁਜ਼ਗਾਰ ਦੇਣ ਅਤੇ ਬੇਰੁਜ਼ਗਾਰਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਪੂਰਾ ਕੀਤਾ ਹੈ।
ਇਸ ਦੇ ਉਲਟ ਉਸ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਸ਼ੁਰੂ ਕੀਤੇ ਸਾਰੇ ਵਿਕਾਸ ਕਾਰਜ ਅਤੇ ਲੋਕ ਭਲਾਈ ਸਕੀਮਾਂ ਨੂੰ ਬੰਦ ਕਰ ਦਿੱਤਾ ਹੈ।
ਇਸ ਦੇ ਉਲਟ ਉਸ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਸ਼ੁਰੂ ਕੀਤੇ ਸਾਰੇ ਵਿਕਾਸ ਕਾਰਜ ਅਤੇ ਲੋਕ ਭਲਾਈ ਸਕੀਮਾਂ ਨੂੰ ਬੰਦ ਕਰ ਦਿੱਤਾ ਹੈ।