ਬਿੱਲ ਵਿਖਾ ਕੇ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਕਿਵੇਂ ਸਰਕਾਰ ਵੱਲੋਂ ਤੈਅ ਕੋਰੋਨਾ ਨਿਯਮਾਂ ਦੇ ਖਿਲਾਫ ਜਾ ਕੇ ਮਰੀਜ਼ ਤੋਂ 20.5 ਲੱਖ ਰੁਪਏ ਵਸੂਲੇ ਗਏ
ਚੰਡੀਗੜ•, 18 ਅਗਸਤ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਕਾਂਗਰਸ ਸਰਕਾਰ ਅੰਮ੍ਰਿਤਸਰ ਵਿਚ ਅਮਨਦੀਪ ਮੈਡੀਸਿਟੀ ਵੱਲੋਂ ਕੋਰੋਨਾ ਮਰੀਜ਼ਾਂ ਦੀ ਕੀਤੀ ਜਾ ਰਹੀ ਲੁੱਟ ਖਸੁੱਟ ਦੀ ਨਿਰਪੱਖ ਜਾਂਚ ਕਰਵਾਏ ਕਿਉਂਕਿ ਉਸਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਪਰਿਵਾਰ ਤੋਂ 20.5 ਲੱਖ ਰੁਪਏ ਵਸੂਲ ਕੀਤੇ ਹਨ।
ਇਸ ਮਾਮਲੇ 'ਤੇ ਵਰਚੁਅਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਅਮਨਦੀਪ ਮੈਡੀਸਿਟੀ ਦਾ ਲਾਇਸੰਸ ਮੁਅੱਤਲ ਕੀਤਾ ਜਾਵੇ ਅਤੇ ਹਸਪਤਾਲ ਮੈਨੇਜਮੈਂਟ ਦੇ ਖਿਲਾਫ ਲਾਪਰਵਾਹੀ ਦਾ ਫੌਜਦਾਰੀ ਕੇਸ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਮਰੀਜ਼ ਸਵਿੰਦਰ ਸਿੰਘ ਨੂੰ ਜਦੋਂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਉੋਦੋਂ ਉਹ ਚੰਗਾ ਭਲਾ ਸੀ ਪਰ 48 ਦਿਨਾਂ ਬਾਅਦ ਉਸਦੀ ਮੌਤ ਹੋ ਗਈ।
ਵੇਰਵੇ ਸਾਂਝੇ ਕਰਦਿਆਂ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਅਮਨਦੀਪ ਮੈਡੀਕਸਸਿਟੀ, ਜਿਸ 'ਤੇ ਪਹਿਲਾਂ ਵੀ ਮੈਡੀਕਲ ਲਾਪਰਵਾਹੀ ਅਤੇ ਗਰੀਬ ਮਰੀਜ਼ ਤੋਂ 5.50 ਲੱਖ ਰੁਪਏ ਵਸੂਲਣ ਅਤੇ ਇਸਦੇ ਬਾਵਜੂਦ ਵੀ ਮਰੀਜ਼ ਦਾ ਹੱਥ ਵੱਢਣ ਦੇ ਦੋਸ਼ ਲੱਗੇ ਹਨ, ਨੇ ਹਸਪਤਾਲ ਵਿਚ 48 ਦਿਨ ਦੇ ਠਹਿਰਾਅ ਲਈ ਸਵਿੰਦਰ ਸਿੰਘ ਦੇ ਪਰਿਵਾਰ ਤੋਂ 20.5 ਲੱਖ ਰੁਪਏ ਵਸੂਲ ਕੇ ਸਾਰੀਆਂ ਹੱਦਾਂ ਟੱਪ ਦਿੱਤੀਆਂ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕੋਰੋਨਾ ਹਲਕੇ ਪੀੜਤ ਮਰੀਜ਼ ਤੋਂ ਰੋਜ਼ਾਨਾ 10 ਹਜ਼ਾਰ ਰੁਪਏ ਅਤੇ ਗੰਭੀਰ ਬਿਮਾਰ ਤੋਂ 15 ਹਜ਼ਾਰ ਰੁਪਏ ਵਸੂਲਣ ਦੇ ਤੈਅ ਨਿਯਮਾਂ ਦੇ ਬਾਵਜੂਦ ਅਮਨਦੀਪ ਮੈਡੀਸਿਟੀ ਨੇ 42500 ਰੁਪਏ ਰੋਜ਼ਾਨਾ ਦੀ ਦਰ ਤੋਂ ਬਿੱਲ ਵਸੂਲਿਆ ਹੈ। ਉਹਨਾਂ ਕਿਹ ਕਿ ਜੇਕਰ ਹਸਪਤਾਲ ਸਰਕਾਰ ਵੱਲੋਂ ਤੈਅ ਨਿਯਮਾਂ ਮੁਤਾਬਕ ਬਿੱਲ ਦੀ ਵਸੂਲੀ ਕਰਦਾ ਤਾਂ ਫਿਰ ਇਹ 6.70 ਲੱਖ ਰੁਪਏ ਹੋਣਾ ਸੀ।
ਅਕਾਲੀ ਆਗੂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਅਮਨਦੀਪ ਮੈਡੀਸਿਟੀ ਨੇ ਪਰਿਵਾਰ ਤੋਂ ਦਵਾਈਆਂ ਦਾ 5 ਲੱਖ ਰੁਪਏ ਅਤੇ ਪੀ ਪੀ ਈ ਕਿੱਟਾਂ ਦਾ 5 ਲੱਖ ਰੁਪਏ ਵਸੂਲ ਲਿਆ ਜਦਕਿ ਪਰਿਵਾਰ ਖੁਦ ਪੀ ਪੀ ਈ ਕਿੱਟਾਂ ਖਰੀਦਦਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹੀਆਂ ਵੀ ਰਿਪੋਰਟਾਂ ਹਨ ਕਿ ਕਈ ਹੋਰ ਮਰੀਜ਼ ਵੀ ਹਸਪਤਾਲ ਛੱਡ ਕੇ ਭੱਜ ਗਏ ਹਨ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਘੋਖ ਹੀ ਇਸਦੀ ਸੱਚਾਈ ਸਾਹਮਣੇ ਲਿਆ ਸਕੇਗੀ ਕਿ ਹਸਪਤਾਲ ਨੇ ਕਿੰਨੀ ਲਾਪਰਵਾਹੀ ਵਰਤੀ ਹੈ ਤੇ ਕਾਂਗਰਸ ਸਰਕਾਰ ਜਾਣ ਬੁੱਝ ਕੇ ਲੋਕਾਂ ਵੱਲੋਂ ਹਸਪਤਾਲ ਪ੍ਰਸ਼ਾਸਨ ਖਿਲਾਫ ਲਾਏ ਦੋਸ਼ਾਂ ਪ੍ਰਤੀ ਨਰਮੀ ਵਰਤ ਰਹੀ ਹੈ। ਉਹਨਾਂ ਕਿਹਾ ਕਿ ਸਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਵੀ ਦੱਸਿਆ ਹੈ ਕਿ ਕਿਵੇਂ ਹਸਪਤਾਲ ਪ੍ਰਸ਼ਾਸਨ ਨੇ ਉਹਨਾਂ ਨੂੰ ਲੁੱਟਿਆ ਹੈ।
ਸ੍ਰੀ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਸਾਰੇ ਲੋਕਾਂ ਨੂੰ ਸੱਦਾ ਦੇਵੇਗਾ ਜਿਹਨਾਂ ਦੀ ਪ੍ਰਾਈਵੇਟ ਹਸਪਤਾਲ ਮੈਨੇਜਮੈਂਟਾਂ ਨੇ ਲੁੱਟ ੀਸੁੱਟ ਕੀਤੀ ਤਾਂ ਕਿ ਉਹ ਇਹਨਾਂ ਹਸਪਤਾਲਾਂ ਖਿਲਾਫ ਦਰੁਸਤੀ ਭਰਿਆ ਕਦਮ ਚੁੱਕਿਆ ਜਾ ਸਕੇ। ਉਹਨਾਂ ਕਿਹਾ ਕਿ ਅਸੀਂ ਲੋਕਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਕਰੋਨਾ ਮਹਾਂਮਾਰੀ ਦੇ ਦੌਰ ਦੌਰਾਨ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਫਰੰਟਲਾਈਨ ਮੈਡੀਕਲ ਯੋਧਿਆਂ ਬਾਰੇ ਵੀ ਜਾਣਕਾਰੀ ਸਾਂਝੀ ਕਰਨ ਤਾਂ ਕਿ ਉਹਨਾਂ ਦਾ ਬਣਦਾ ਮਾਣ ਸਤਿਕਾਰ ਕੀਤਾ ਜਾ ਸਕੇ।