ਬਹਿਬਲ ਕਲਾਂ ਪੁਲਿਸ ਗੋਲੀਬਾਰੀ ਦੇ ਮੁੱਖ ਗਵਾਹ ਦੀ ਪਤਨੀ ਜਸਬੀਰ ਕੌਰ ਨੇ ਧਮਕੀ ਦਿੱਤੀ ਕਿ ਜੇਕਰ ਉਸ ਦੇ ਪਤੀ ਨੂੰ ਧਮਕਾਉਣ ਅਤੇ ਉਸ ਉੱਤੇ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ ਕੇਸ ਨਾ ਦਰਜ ਕੀਤਾ ਗਿਆ ਤਾਂ ਉਹ ਕੁਸ਼ਲਦੀਪ ਢਿੱਲੋਂ ਦੇ ਘਰ ਅੱਗੇ ਆਤਮਦਾਹ ਕਰ ਲਵੇਗੀ
ਚੰਡੀਗੜ੍ਹ/04 ਮਾਰਚ:ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਨੇ ਅੱਜ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਦੇ ਮੁੱਖ ਗਵਾਹ ਨੂੰ ਤੰਗ ਕਰਨ ਅਤੇ ਧਮਕਾਉਣ ਲਈ ਮੰਤਰੀ ਗੁਰਪ੍ਰੀਤ ਕਾਂਗੜ ਅਤੇ ਫਰੀਦਕੋਟ ਵਿਧਾਇਕ ਕੁਸ਼ਲਦੀਪ ਢਿੱਲੋਂ ਨੂੰ ਤੁਰੰਤ ਬਰਖਾਸਤ ਕਰਨ ਅਤੇ ਦੋਵਾਂ ਖ਼ਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਦਲ ਨੇ ਪੀੜਤ ਪਰਿਵਾਰ ਲਈ ਇਨਸਾਫ ਦੀ ਵੀ ਮੰਗ ਕੀਤੀ ਹੈ।
ਇਹ ਮਾਮਲਾ ਸਭ ਤੋਂ ਪਹਿਲਾਂ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਵਿਧਾਨ ਸਭਾ ਵਿਚ ਉਠਾਇਆ ਗਿਆ ਅਤੇ ਉਸ ਤੋਂ ਬਾਅਦ ਸਵਰਗੀ ਸਰਪੰਚ ਦੀ ਪਤਨੀ ਜਸਬੀਰ ਕੌਰ ਅਤੇ ਬੇਟੇ ਲਖਵਿੰਦਰ ਸਿੰਘ ਨੇ ਪ੍ਰੈਸ ਗੈਲਰੀ ਵਿਚ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿਚ ਜਸਬੀਰ ਨੇ ਕਿਹਾ ਕਿ ਜੇਕਰ ਉਸ ਨੂੰ ਇਸ ਮਾਮਲੇ ਵਿਚ ਇਨਸਾਫ ਨਾ ਮਿਲਿਆ ਤਾਂ ਉਹ ਕੁਸ਼ਲਦੀਪ ਢਿੱਲੋਂ ਦੇ ਘਰ ਦੇ ਸਾਹਮਣੇ ਆਤਮਦਾਹ ਕਰ ਲਵੇਗੀ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਜਸਬੀਰ ਕੌਰ ਨੇ ਕਿਹਾ ਕਿ ਬੇਸ਼ੱਕ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਉਹਨਾਂ ਸਾਰੇ ਦੋਸ਼ੀਆਂ ਖ਼ਿਲਾਫ ਕਾਰਵਾਈ ਦੀ ਮੰਗ ਕਰ ਚੁੱਕੀ ਹੈ, ਜਿਹਨਾਂ ਨੇ ਉਸ ਨੂੰ ਧਮਕਾਇਆ ਸੀ ਅਤੇ ਉਸ ਦੇ ਘਰ ਉੱਤੇ ਗੋਲੀਆਂ ਚਲਾਈਆਂ ਸਨ, ਪਰ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਹਨਾਂ ਨੇ ਕੁਸ਼ਲਦੀਪ ਢਿੱਲੋਂ ਅਤੇ ਮਨਜਿੰਦਰ ਬਿੱਟਾ ਦੀਆਂ ਫੋਟੋਆਂ ਵਿਖਾ ਕੇ ਢਿੱਲੋਂ ਦੇ ਅਜਿਹੇ ਦਾਅਵਿਆਂ ਦੀ ਵੀ ਪੋਲ੍ਹ ਖੋਲ੍ਹੀ ਕਿ ਉਸ ਜਸਬੀਰ ਕੌਰ ਦੇ ਘਰ ਉੱਤੇ ਦੋ ਵਾਰ ਗੋਲੀ ਚਲਾਉਣ ਵਾਲੇ ਮਨਜਿੰਦਰ ਸਿੰਘ ਬਿੱਟਾ ਨੂੰ ਨਹੀਂ ਜਾਣਦਾ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਉਸ ਨੇ ਜਿਹਨਾਂ ਖ਼ਿਲਾਫ ਐਫਆਈਆਰ ਦਰਜ ਕਰਵਾਈ ਹੈ, ਢਿੱਲੋ ਉਹਨਾਂ ਨੂੰ ਜ਼ਮਾਨਤ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਉਸ ਨੂੰ ਕੁੱਝ ਹੋ ਗਿਆ ਤਾਂ ਇਸ ਲਈ ਕਾਂਗੜ ਅਤੇ ਢਿੱਲੋਂ ਜ਼ਿੰਮੇਵਾਰ ਹੋਣਗੇ।
ਜਸਬੀਰ ਨੇ ਕਿਹਾ ਕਿ ਉਸ ਨੂੰ ਇਹ ਗੱਲ ਸਮਝ ਨਹੀਂ ਆਈ ਕਿ ਕਾਂਗਰਸ ਸਰਕਾਰ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ, ਜਿਹਨਾਂ ਨੇ ਨਿਰਦੋਸ਼ ਸਿੱਖਾਂ ਦਾ ਕਤਲ ਕੀਤਾ ਸੀ। ਉਹਨਾਂ ਕਿਹਾ ਕਿ ਉਹ ਵਿਧਾਨ ਸਭਾ ਵਿਚ ਕਾਂਗੜ ਅਤੇ ਢਿੱਲੋਂ ਦਾ ਪਰਦਾਫਾਸ਼ ਕਰਨ ਆਈ ਸੀ, ਪਰ ਪੁਲਿਸ ਨੇ ਉਸ ਨੂੰ ਮੀਡੀਆ ਨਾਲ ਗੱਲ ਕਰਨ ਤੋਂ ਵੀ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਮੇਰੇ ਨਾਲ ਇੱਕ ਅਪਰਾਧੀ ਵਰਗਾ ਸਲੂਕ ਕੀਤਾ ਜਾ ਰਿਹਾ ਹੈ ਜਦਕਿ ਅਸਲੀ ਅਪਰਾਧੀਆਂ ਨੂੰ ਕਾਂਗਰਸੀ ਆਗੂਆਂ ਦੁਆਰਾ ਬਚਾਇਆ ਜਾ ਰਿਹਾ ਹੈ।
ਕੇਸ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਪੁਲਿਸ ਗੋਲੀਬਾਰੀ ਕੇਸ ਦੇ ਮੁੱਖ ਗਵਾਹ ਨੂੰ ਮਾਨਸਿਕ ਤੌਰ ਤੇ ਇੰਨਾ ਪਰੇਸ਼ਾਨ ਕੀਤਾ ਗਿਆ ਕਿ ਉਸ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਰਾਹੀਂ ਸੁਰਜੀਤ ਦੇ ਘਰ ਉੱਤੇ ਛਾਪੇ ਮਰਵਾਏ ਅਤੇ ਪਿੰਡ ਵਿਚੋਂ ਆਪਣੇ ਨੇੜਲੇ ਬੰਦਿਆਂ ਰਾਹੀਂ ਉਸ ਨੂੰ ਧਮਕੀਆਂ ਵੀ ਦਿਵਾਈਆਂ। ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਦੀ ਇੰਨੀ ਤਾਕਤ ਹੈ ਕਿ ਸੁਰਜੀਤ ਦੇ ਘਰ ਉੱਤੇ ਗੋਲੀਆਂ ਚਲਾਉਣ ਵਾਲੇ ਮਨਜਿੰਦਰ ਬਿੱਟਾ ਖ਼ਿਲਾਫ ਐਫਆਈਆਰ ਦਰਜ ਹੋਣ ਦੇ ਬਾਵਜੂਦ ਅਜੇ ਤਕ ਉਸ ਨੂੰ ਗਿਰਫਤਾਰ ਨਹੀਂ ਕੀਤਾ ਗਿਆ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਲਈ ਪੂਰੀ ਵਾਹ ਲਾ ਰਹੀ ਹੈ,ਜਿਹਨਾਂ ਉੱਤੇ ਨਿਰਦੋਸ਼ ਸਿੱਖਾਂ ਉੱਪਰ ਗੋਲੀਆਂ ਚਲਾਉਣ ਲਈ ਕੇਸ ਦਰਜ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ 11 ਪੁਲਿਸ ਅਧਿਕਾਰੀਆਂ ਖ਼ਿਲਾਫ ਕੇਸ ਦਰਜ ਕੀਤੇ ਗਏ ਸਨ, ਜਿਹਨਾਂ ਵਿਚੋਂ 7 ਖਿਲਾਫ ਕੇਸ ਵਾਪਸ ਲੈ ਲਏ ਗਏ ਹਨ। ਉਹਨਾਂ ਕਿਹਾ ਕਿ ਇਹਨਾਂ ਅਧਿਕਾਰੀਆਂ ਵਿਚ ਐਸਪੀ ਪਰਮਜੀਤ ਸਿੰਘ ਪੰਨੂ ਅਤੇ ਡੀਐਸਪੀ ਹਰਜਿੰਦਰ ਗਿੱਲ ਸ਼ਾਮਿਲ ਹਨ, ਜੋ ਕਿ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਨਜ਼ਦੀਕੀ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਰਨਜੀਤ ਸਿੰਘ ਢਿੱਲੋਂ, ਪਵਨ ਟੀਨੂੰ, ਗੁਰਪ੍ਰਤਾਪ ਸਿੰਘ ਵਡਾਲਾ, ਰੋਜ਼ੀ ਬਰਕੰਦੀ, ਮਨਪ੍ਰੀਤ ਸਿੰਘ ਇਆਲੀ, ਹਰਿੰਦਰਪਾਲ ਸਿੰਘ ਚੰਦੂਮਾਜਰਾ,ਅਤੇ ਬਲਦੇਵ ਖਹਿਰਾ ਵੀ ਹਾਜ਼ਿਰ ਸਨ