ਕਿਹਾ ਕਿ ਅਦਿੱਖ ਮੁੱਖ ਮੰਤਰੀ ਕੋਲ ਕੌਮਾਂਤਰੀ ਨਗਰ ਕੀਰਤਨ ਅੱਗੇ ਮੱਥਾ ਟੇਕਣ ਦਾ ਵੀ ਸਮਾਂ ਨਹੀਂ ਹੈ
ਬਾਬਾ ਬਕਾਲਾ/ਅੰਮ੍ਰਿਤਸਰ)/15 ਅਗਸਤ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਅਕਾਲੀ-ਭਾਜਪਾ ਦਾ ਇੱਕ ਵਫ਼ਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਅਪੀਲ ਕਰੇਗਾ ਕਿ ਪਿਛਲੇ ਦਿਨੀ ਇੱਕ ਅਦਾਲਤੀ ਹੁਕਮ ਮਗਰੋਂ ਦਿੱਲੀ ਵਿਕਾਸ ਅਥਾਰਟੀ ਵੱਲੋਂ ਢਾਹੇ ਗਏ ਸ੍ਰੀ ਗੁਰੂ ਰਵੀਦਾਸ ਮੰਦਿਰ ਦੀ ਮੁੜ ਉਸਾਰੀ ਲਈ ਜ਼ਮੀਨ ਦਾ ਇੱਕ ਟੁਕੜਾ ਉਪਲੱਬਧ ਕਰਵਾਇਆ ਜਾਵੇ।
ਇੱਥੇ ਰੱਖੜ ਪੁੰਨਿਆਂ ਦੇ ਪਵਿੱਤਰ ਦਿਹਾੜੇ ਉੱਤੇ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇੱਕ ਪੂਜਾ ਅਸਥਾਨ ਨੂੰ ਢਾਹੇ ਜਾਣ ਦਾ ਦਰਦ ਸਿੱਖਾਂ ਤੋਂ ਵੱਧ ਹੋਰ ਕੋਈ ਨਹੀਂ ਸਮਝ ਸਕਦਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਹੱਥੋਂ ਅਸੀਂ ਅਜਿਹਾ ਦਰਦ ਝੱਲ ਚੁੱਕੇ ਹਾਂ। ਉਹਨਾਂ ਕਿਹਾ ਕਿ ਇੱਕ ਅਕਾਲੀ-ਭਾਜਪਾ ਵਫ਼ਦ ਜਲਦੀ ਹੀ ਪ੍ਰਧਾਨ ਮੰਤਰੀ ਨੂੰ ਮਿਲੇਗਾ ਅਤੇ ਉਹਨਾਂ ਨੂੰ ਦਿੱਲੀ ਤੁਗਲਕਾਬਾਦ ਵਿਖੇ ਢਾਹੇ ਗਏ ਗੁਰੂ ਰਵੀਦਾਸ ਮੰਦਿਰ ਦਾ ਢੁੱਕਵਾਂ ਹੱਲ ਲੱਭਣ ਅਤੇ ਦਲਿਤ ਭਾਈਚਾਰੇ ਦੀਆਂ ਜ਼ਖ਼ਮੀ ਭਾਵਨਾਵਾਂ ਉੱਤੇ ਫੰਬਾ ਰੱਖਣ ਲਈ ਆਖੇਗਾ। ਉਹਨਾਂ ਕਿਹਾ ਕਿ ਮੰਦਿਰ ਲਈ ਇੱਕ ਜ਼ਮੀਨ ਦੇ ਟੁਕੜੇ ਦਾ ਪ੍ਰਬੰਧ ਕਰਕੇ ਪ੍ਰਧਾਨ ਮੰਤਰੀ ਇਸ ਮਸਲੇ ਨੂੰ ਹੱਲ ਕਰ ਦੇਣਗੇ।
ਸਿੱਖਾਂ ਵਿਚ ਵੰਡੀਆਂ ਪਾਉਣ ਲਈ ਆਪਣੀ ਪੁਰਾਣੀ 'ਵੰਡੋ ਤੇ ਰਾਜ ਕਰੋ' ਦੀ ਨੀਤੀ ਉੱਤੇ ਚੱਲਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਉੱਤੇ ਨਿਸ਼ਾਨਾ ਸੇਧਦਿਆਂ ਅਕਾਲੀ ਪ੍ਰਧਾਨ ਨੇ ਕਿਹਾ ਕਿ ਕੀ ਇਹ ਕਾਂਗਰਸੀ ਸਿੱਖੀ ਜਾਂ ਕੌਮ ਦੀ ਗੱਲ ਕਰ ਸਕਦੇ ਹਨ?ਇਹਨਾਂ ਨੇ ਝੂਠ ਅਤੇ ਫਰੇਬ ਦੀ ਰਾਜਨੀਤੀ ਕਰਕੇ ਸਰਕਾਰ ਬਣਾਈ ਸੀ। ਮੁੱਖ ਮੰਤਰੀ ਨੇ ਸ੍ਰੀ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਮੁਕੰਮਲ ਕਰਜ਼ਾ ਮੁਆਫੀ, ਨੌਜਵਾਨਾਂ ਨੂੰ ਨੌਕਰੀਆਂ ਅਤੇ ਬੇਰੁਜ਼ਗਾਰੀ ਭੱਤਾ ਵਰਗੇ ਝੂਠੇ ਵਾਅਦੇ ਕੀਤੇ ਸਨ, ਜਿਹਨਾਂ ਤੋਂ ਉਹ ਬਾਅਦ ਵਿਚ ਮੁਕਰ ਗਿਆ। ਉਹਨਾਂ ਕਿਹਾ ਕਿ ਇਸ ਅਦਿੱਖ ਮੁੱਖ ਮੰਤਰੀ ਕੋਲ ਕੌਮਾਂਤਰੀ ਨਗਰ ਕੀਰਤਨ ਅੱਗੇ ਸਜਦਾ ਕਰਨ ਲਈ ਵੀ ਸਮਾਂ ਨਹੀਂ ਹੈ। ਇਸ ਤੋਂ ਹੀ ਉਸ ਦੀ ਸਿੱਖ ਧਰਮ ਪ੍ਰਤੀ ਸ਼ਰਧਾ ਦੀ ਝਲਕ ਮਿਲਦੀ ਹੈ।
ਸੱਤਾ 'ਚ ਆਉਣ ਮਗਰੋਂ ਚਾਰ ਹਫ਼ਤੇ ਅੰਦਰ ਨਸ਼ਾਂ ਖਤਮ ਕਰਨ ਦੇ ਕੀਤੇ ਵਾਅਦੇ ਦੇ ਬਾਵਜੂਦ ਨਸ਼ਿਆਂ ਨੂੰ ਨੱਥ ਪਾਉਣ ਵਿਚ ਨਾਕਾਮ ਰਹਿਣ ਲਈ ਕਾਂਗਰਸ ਸਰਕਾਰ ਦੀ ਨਿਖੇਧੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂ ਨਸ਼ਾ ਤਸਕਰਾਂ ਨਾਲ ਮਿਲ ਕੇ ਇਸ ਨਖਿੱਧ ਕਾਰੋਬਾਰ ਵਿਚੋਂ ਪੈਸੇ ਕਮਾਉਣ ਵਿਚ ਰੁੱਝੇ ਹੋਏ ਹਨ।
ਇਸ ਤੋਂ ਪਹਿਲਾਂ ਸਿੱਖ ਫੌਜੀਆਂ ਦੁਆਰਾ ਅਜ਼ਾਦੀ ਅੰਦੋਲਨ ਸਮੇਂ ਦਿੱਤੀਆਂ ਕੁਰਬਾਨੀਆਂ ਨੂੰ ਚੇਤੇ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਉਹ ਇਹ ਜਾਣ ਕੇ ਦੰਗ ਰਹਿ ਗਏ ਕਿ ਅਜ਼ਾਦੀ ਦੇ ਅੰਦੋਲਨ ਭਾਗ ਲੈਣ ਲਈ ਕਾਲਾ ਪਾਣੀ ਦੀ ਜੇਲ੍ਹ ਵਿਚ ਭੇਜੇ ਕੈਦੀਆਂ ਵਿਚ 97 ਫੀਸਦੀ ਸਿੱਖ ਸਨ। ਇਸੇ ਤਰ੍ਹਾਂ ਬਰਤਾਨੀਆਂ ਹਾਕਮਾਂ ਦੁਆਰਾ ਫਾਂਸੀ ਚੜ੍ਹਾਏ ਗਏ ਅਜ਼ਾਦੀ ਘੁਲਾਟੀਆਂ ਵਿਚੋਂ 95 ਫੀਸਦੀ ਤੋਂ ਵੱਧ ਸਿੱਖ ਸਨ। ਉਹਨਾਂ ਕਿਹਾ ਕਿ ਲੜਾਈ ਸਮੇਂ ਸਭ ਤੋਂ ਪਹਿਲਾਂ ਦੁਸ਼ਮਣ ਨਾਲ ਸਾਡਾ ਟਾਕਰਾ ਹੁੰਦਾ ਹੈ ਅਤੇ ਅਸੀਂ ਇਸ ਦੇਸ਼ ਦੀ ਇੱਜ਼ਤ ਅਤੇ ਅਣਖ ਲਈ ਲੜਦਿਆਂ ਵੱਡੀਆਂ ਕੁਰਬਾਨੀਆਂ ਦਿੰਦੇ ਹਾਂ।
ਇਸ ਮੌਕੇ ਉੱਪਰ ਸੰਬੋਧਨ ਕਰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਨੇ ਅਕਾਲੀ ਦਲ ਪ੍ਰਧਾਨ ਨੂੰ ਪੰਜਾਬ ਦੇ ਅਗਲੇ ਮੁੱਖ ਮੰਤਰੀ ਕਹਿ ਕੇ ਨਿਵਾਜਿਆ। ਉਹਨਾਂ ਨੇ ਕਰਤਾਰਪੁਰ ਸਾਹਿਬ ਲਾਂਘਾ ਤਿਆਰ ਕਰਕੇ ਸਿੱਖਾਂ ਦੀ ਪਾਕਿਸਤਾਨ ਦੇ ਨਾਰੋਵਾਲ ਵਿਖੇ ਪੈਂਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰ ਕਰਨ ਦੀ ਚਿਰੋਕਣੀ ਮੰਗ ਪੂਰੀ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਹਨਾਂ ਨੇ ਸੂਬੇ ਦੇ ਮੁੱਖ ਮਸਲੇ ਸੰਸਦ ਅੰਦਰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਲਈ ਅਕਾਲੀ ਦਲ ਪ੍ਰਧਾਨ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਸ਼ਲਾਘਾ ਕੀਤੀ। ਉਹਨਾਂ ਨੇ ਕੇਂਦਰ ਸਰਕਾਰ ਵੱਲੋਂ ਗਰੀਬਾਂ ਅਤੇ ਕਮਜ਼ੋਰ ਤਬਕਿਆਂ ਲਈ ਕੱਢੀ ਸਿਹਤ ਬੀਮਾ ਯੋਜਨਾ ਨੂੰ ਪੂਰੇ ਇੱਕ ਸਾਲ ਤਕ ਲਾਗੂ ਨਾ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿਖੇਧੀ ਕੀਤੀ।
ਇਸ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਉੱਤੇ ਸਿਆਸਤ ਕਰਨ ਲਈ ਕਾਂਗਰਸੀ ਆਗੂਆਂ ਉਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਉਤੇ ਸਿਆਸਤ ਕਰੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਦੋਖੀ ਹੋਵੇ, ਉਸ ਦਾ ਕੱਖ ਨਾ ਰਹੇ, ਉਹ ਚਾਹੇ ਕੋਈ ਵੀ ਹੋਵੇ। ਉਹਨਾਂ ਕਿਹਾ ਕਿ ਰਾਹੁਲ ਨੇ ਬੇਅਦਬੀ ਉੱਤੇ ਸਭ ਤੋਂ ਵੱਧ ਸਿਆਸਤ ਕੀਤੀ ਸੀ, ਉਹ ਅਮੇਠੀ ਹਾਰ ਗਿਆ। ਫਿਰ ਜਾਖੜ ਨੇ ਕੀਤੀ, ਉਹ ਵੀ ਘਰੇ ਬੈਠ ਗਿਆ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕਰਕੇ ਕੋਈ ਸਜ਼ਾ ਤੋਂ ਨਹੀਂ ਬਚ ਸਕਦਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਜਗੀਰ ਕੌਰ, ਗੁਲਜ਼ਾਰ ਸਿੰਘ ਰਣੀਕੇ, ਵਿਰਸਾ ਸਿੰਘ ਵਲਟੋਹਾ, ਅਤੇ ਵੀਰ ਸਿੰਘ ਲੋਪੋਕੇ ਵੀ ਹਾਜ਼ਿਰ ਸਨ।