ਚੰਡੀਗੜ•/15 ਨਵੰਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਸਰਕਾਰ ਦੁਆਰਾ ਏਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠ ਬਣਾਈ ਗਈ 'ਸਿਟ' ਦੇ ਮੈਂਬਰ ਵਜੋਂ ਪੰਜਾਬ ਪੁਲਿਸ ਦੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਤੁਰੰਤ ਹਟਾਏ ਜਾਣ ਦੀ ਮੰਗ ਕੀਤੀ ਹੈ।
ਇੱਥੇ ਪਾਰਟੀ ਦੇ ਮੁੱਖ ਦਫਤਰ ਵਿਚ ਮੀਡੀਆ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨਾਂ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਦੁਆਰਾ ਮੀਡੀਆ ਦੇ ਸਾਹਮਣੇ ਕੀਤੀਆਂ ਗੈਰ-ਪੇਸ਼ਾਵਰ ਅਤੇ ਪੱਖਪਾਤੀ ਟਿੱਪਣੀਆਂ ਨੇ ਇਸ ਅਧਿਕਾਰੀ ਅੰਦਰ ਕੁੱਟ ਕੁੱਟ ਕੇ ਭਰੇ ਪੱਖਪਾਤ ਅਤੇ ਖੁਣਸ ਦੀ ਭਾਵਨਾ ਨੂੰ ਨੰਗਾ ਕਰ ਦਿੱਤਾ ਹੈ, ਜਿਸ ਨਾਲ ਉਸ ਦੀ ਭਰੋਸੇਯੋਗਤਾ, ਪੇਸ਼ਾਵਰ ਕਾਬਲੀਅਤ ਅਤੇ ਨਿਰਪੱਖਤਾ ਉਤੇ ਸਵਾਲੀਆ ਚਿੰਨ• ਲੱਗ ਰਿਹਾ ਹੈ। ਉਹਨਾਂ ਕਿਹਾ ਕਿ ਉਸ ਦੇ ਸਿਟ ਵਿਚ ਬਣੇ ਰਹਿਣ ਨਾਲ ਆਜ਼ਾਦ ਅਤੇ ਨਿਰਪੱਖ ਜਾਂਚ ਦਾ ਮੰਤਵ ਹੀ ਖ਼ਤਮ ਹੋ ਜਾਵੇਗਾ। ਪੰਜਾਬ ਦੇ ਲੋਕਾਂ ਦਾ ਜਾਂਚ ਦੀ ਭਰੋਸੇਯੋਗਤਾ ਅਤੇ ਨਿਰਪੱਖਤਾ ਵਿਚ ਭਰੋਸਾ ਰੱਖਣ ਲਈ ਜਰੂਰੀ ਹੈ ਕਿ ਕੁੰਵਰ ਪ੍ਰਤਾਪ ਸਿੰਘ ਨੂੰ ਸਿਟ ਮੈਂਬਰ ਵਜੋਂ ਤੁਰੰਤ ਹਟਾਇਆ ਜਾਵੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਅਧਿਕਾਰੀ ਵੱਲੋਂ ਆਪਣੇ ਅਹੁਦੇ ਦੀ ਮਰਿਆਦਾ ਦਾ ਧਿਆਨ ਨਾ ਰੱਖਦਿਆਂ ਕੀਤੀਆਂ ਗਈਆਂ ਟਿੱਪਣੀਆਂ ਅਤੇ ਗਤੀਵਿਧੀਆਂ ਲਈ ਉਸ ਖ਼ਿਲਾਫ ਕਾਨੂੰਨ ਮੁਤਾਬਿਕ ਢੁੱਕਵੀਂ ਕਾਰਵਾਈ ਕੀਤੀ ਜਾਵੇ।
ਅਕਾਲੀ ਆਗੂਆਂ ਨੇ ਖੁਲਾਸਾ ਕੀਤਾ ਕਿ ਪੁਲਿਸ ਅਧਿਕਾਰੀ ਦੇ ਗੈਰ-ਪੇਸ਼ਾਵਰ ਵਤੀਰੇ ਬਾਰੇ ਪੰਜਾਬ ਦੇ ਮੁੱਖ ਸਕੱਤਰ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ।
ਇਸੇ ਦੌਰਾਨ ਅਕਾਲੀ ਆਗੂਆਂ ਨੇ ਇਸ ਗੱਲ ਨੂੰ ਖਾਸ ਤੌਰ ਤੇ ਦੁਹਰਾਇਆ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੋਵੇਂ ਹੀ ਸਿਟ ਵੱਲੋਂ ਕੀਤੀ ਜਾ ਰਹੀ ਜਾਂਚ ਵਿਚ ਪੂਰਨ ਸਹਿਯੋਗ ਦੇਣਗੇ। ਉਹਨਾਂ ਕਿਹਾ ਕਿ ਅਸੀਂ ਇਸ ਮਾਮਲੇ ਦੇ ਸੱਚ ਨੂੰ ਬਾਹਰ ਲਿਆਉਣ ਸਭ ਤੋਂ ਵੱਧ ਕਾਹਲੇ ਹਾਂ। ਸਰਦਾਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੋਵਾਂ ਨੇ ਹਮੇਸ਼ਾਂ ਹੀ ਕਾਨੂੰਨ ਦਾ ਸਤਿਕਾਰ ਕੀਤਾ ਹੈ ਅਤੇ ਉਹ ਇਸ ਦੀ ਪਾਲਣਾ ਨੂੰ ਲੈ ਕੇ ਪੂਰੀ ਤਰ•ਾਂ ਵਚਨਬੱਧ ਹਨ।
ਅਕਾਲੀ ਆਗੂਆਂ ਨੇ ਇਸ ਮੌਕੇ ਮੁੱਖ ਸਕੱਤਰ ਨੂੰ ਲਿਖੀ ਚਿੱਠੀ ਦੀਆਂ ਕਾਪੀਆਂ ਵੀ ਜਾਰੀ ਕੀਤੀਆਂ। ਇਸ ਦੀ ਇੱਕ ਕਾਪੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੀ ਗਈ ਹੈ ਅਤੇ ਉਹਨਾਂ ਨੂੰ ਅਕਾਲੀ ਦਲ ਦੀ ਮੰਗ ਉੱਤੇ ਤੁਰੰਤ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਦਖ਼ਲ ਦੇਣ ਲਈ ਕਿਹਾ ਗਿਆ ਹੈ।