ਚੰਡੀਗੜ੍ਹ/22 ਅਕਤੂਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣੀ ਪੁਰਾਣੀ ਪਾਰਟੀ ਛੱਡ ਕੇ ਨਵੀਂ ਪਾਰਟੀ ਬਣਾਉਣ ਅਤੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਲਈ ਸੁਖਪਾਲ ਸਿੰਘ ਖਹਿਰਾ ਅਤੇ ਆਪ ਦੇ ਤਿੰਨ ਵਿਧਾਇਕਾਂ ਨੂੰ ਤੁਰੰਤ ਅਯੋਗ ਠਹਿਰਾਉਣ ਦੀ ਮੰਗ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੁਖਪਾਲ ਖਹਿਰਾ ਵੱਲੋ ਵਿਧਾਨ ਸਭਾ ਸਪੀਕਰ ਕੋਲ ਪਹੁੰਚ ਕਰਕੇ ਆਪਣਾ ਅਸਤੀਫਾ ਵਾਪਸ ਲੈਣ ਦੀ ਕੋਸ਼ਿਸ਼ ਸੰਵਿਧਾਨ ਨਾਲ ਧੋਖਾ ਕਰਨ ਦੇ ਸਮਾਨ ਹੈ। ਉਹਨਾਂ ਕਿਹਾ ਕਿ ਸੰਵਿਧਾਨ ਮੁਤਾਬਿਕ ਆਪ ਦੇ ਸਾਰੇ ਵਿਧਾਇਕ ਆਪ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਲੋਕ ਪ੍ਰਤੀਨਿਧਤਾ ਐਕਟ ਦੀ ਉਲੰਘਣਾ ਕਰਨ ਲਈ ਅਯੋਗ ਠਹਿਰਾਏ ਜਾਣ ਦੇ ਹੱਕਦਾਰ ਹਨ। ਉਹ ਅਸਤੀਫਾ ਵਾਪਸ ਲੈਣ ਦਾ ਡਰਾਮਾ ਕਰਕੇ ਅਯੋਗ ਠਹਿਰਾਏ ਜਾਣ ਤੋਂ ਨਹੀਂ ਬਚ ਸਕਦੇ।
ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਸਰਕਾਰ ਹੁਣ ਹੋਰ ਜ਼ਿਮਨੀ ਚੋਣਾਂ ਦਾ ਸਾਹਮਣਾ ਕਰਨ ਤੋਂ ਭੱਜ ਰਹੀ ਹੈ, ਡਾਕਟਰ ਚੀਮਾ ਨੇ ਕਿਹਾ ਕਿ ਇਹੀ ਵਜ੍ਹਾ ਹੈ ਕਿ ਸੁਖਪਾਲ ਖਹਿਰਾ ਆਪਣਾ ਅਸਤੀਫਾ ਵਾਪਸ ਲੈਣ ਲਈ ਵਿਧਾਨ ਸਭਾ ਸਪੀਕਰ ਦੇ ਦਫ਼ਤਰ ਪੁੱਜਾ ਸੀ। ਇੱਥੋਂ ਤਕ ਕਿ ਬਲਦੇਵ ਸਿੰਘ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਦੁਬਾਰਾ ਆਪ ਵਿਚ ਸ਼ਾਮਿਲ ਹੋ ਰਿਹਾ ਹੈ। ਇਹ ਸਾਰੀ ਪਟਕਥਾ, ਪਿਛਲੇ ਅਸਤੀਫਿਆਂ ਵਾਂਗ ਕਾਂਗਰਸ ਪਾਰਟੀ ਦੇ ਕਹਿਣ ਤੇ ਲਿਖੀ ਗਈ ਹੈ ਅਤੇ ਸਾਡੀ ਇਸ ਦਲੀਲ ਨੂੰ ਸੱਚਸਾਬਿਤ ਕਰਦੀ ਹੈ ਕਿ ਆਪ ਵਿਧਾਇਕ ਕਾਂਗਰਸ ਦੇ ਏਜੰਟਾਂ ਵਜੋਂ ਕੰਮ ਕਰ ਰਹੇ ਹਨ ਅਤੇ ਉਹ ਕਾਂਗਰਸ ਦੀ ਬੀ ਟੀਮ ਹਨ। ਉਹਨਾਂ ਕਾਂਗਰਸ ਪਾਰਟੀ ਨੂੰ ਕਿਹਾ ਕਿ ਉਹ ਆਪ ਵਿਧਾਇਕਾਂ ਨਾਲ ਹੋਏ ਲੈਣ-ਦੇਣ ਦਾ ਖੁਲਾਸਾ ਕਰੇ। ਇਹ ਨਾਪਾਕ ਗਠਜੋੜ ਸੂਬੇ ਦੇ ਖਜ਼ਾਨੇ ਨੂੰ ਬਹੁਤ ਮਹਿੰਗਾ ਪੈ ਰਿਹਾ ਹੈ, ਕਿਉਂਕਿ ਇਹ ਸਾਰੇ ਅਯੋਗ ਵਿਧਾਇਕ ਬਾਕੀ ਵਿਧਾਇਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ, ਭੱਤੇ ਅਤੇ ਤਨਖਾਹਾਂ ਲੈ ਰਹੇ ਹਨ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਸੁਖਪਾਲ ਖਹਿਰਾ ਅਤੇ ਬਲਦੇਵ ਸਿੰਘ ਨੇ ਨਾ ਸਿਰਫ ਆਪ ਨੂੰ ਛੱਡਿਆ ਸੀ, ਸਗੋਂ ਪੰਜਾਬ ਏਕਤਾ ਪਾਰਟੀ ਨਾਂ ਦੀ ਇੱਕ ਨਵੀਂ ਪਾਰਟੀ ਵੀ ਬਣਾਈ ਸੀ ਅਤੇ ਨਵੇਂ ਚੋਣ ਨਿਸ਼ਾਨ ਉੱਤੇ ਸੰਸਦੀ ਚੋਣਾਂ ਵੀ ਲੜੀਆਂ ਸਨ। ਉਹਨਾਂ ਕਿਹਾ ਕਿ ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਅਮਰਜੀਤ ਸਿੰਘ ਸੰਦੋਆ ਆਪ ਤੋਂ ਅਸਤੀਫਾ ਦੇ ਚੁੱਕੇ ਹਨ ਅਤੇ ਕਾਂਗਰਸ ਵਿਚ ਸ਼ਾਮਿਲ ਹੋ ਚੁੱਕੇ ਹਨ।
ਡਾਕਟਰ ਚੀਮਾ ਨੇ ਕਿਹਾ ਕਿ ਸੰਵਿਧਾਨ ਦੀ 10ਵੀ ਅਨੁਸੂਚੀ 'ਚ ਅਯੋਗ ਠਹਿਰਾਉਣ ਸੰਬੰਧੀ ਬਿਲਕੁੱਲ ਸਪੱਸ਼ਟ ਲਿਖਿਆ ਹੈ ਕਿ ਜੇਕਰ ਕਿਸੇ ਵੀ ਸਿਆਸੀ ਪਾਰਟੀ ਦਾ ਸੰਬੰਧ ਰੱਖਣ ਵਾਲਾ ਸਦਨ ਦਾ ਕੋਈ ਮੈਂਬਰ ਆਪਣੀ ਮਰਜ਼ੀ ਨਾਲ ਆਪਣੀ ਸਿਆਸੀ ਪਾਰਟੀ ਦੀ ਮੈਂਬਰਸ਼ਿਪ ਤਿਆਗਦਾ ਹੈ ਤਾਂ ਉਸ ਨੂੰ ਸਦਨ ਦੇ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਜਦੋਂ ਦੀ ਇਹਨਾਂ ਚਾਰੇ ਵਿਧਾਇਕਾਂ ਆਪ ਦੀ ਮੁੱਢਲੀ ਮੈਂਬਰਸ਼ਿਪ ਤਿਆਗੀ ਹੈ, ਸੰਵਿਧਾਨ ਦੀ ਇਸ ਅਨੁਸੂਚੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਤਿੰਨੇ ਵਿਧਾਇਕਾਂ ਭੁਲੱਥ ਹਲਕੇ ਤੋਂ ਸੁਖਪਾਲ ਸਿੰਘ ਖਹਿਰਾ, ਮਾਨਸਾ ਤੋਂ ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਜੈਤੋਂ ਤੋਂ ਬਲਦੇਵ ਸਿੰਘ ਨੇ 9 ਮਹੀਨੇ ਪਹਿਲਾਂ ਜਨਵਰੀ 2019 ਵਿਚ ਅਸਤੀਫੇ ਦਿੱਤੇ ਸਨ ਅਤੇ ਅਮਰਜੀਤ ਸਿੰਘ ਸੰਦੋਆ ਨੇ ਮਈ 2019 ਵਿਚ ਅਸਤੀਫਾ ਦਿੱਤਾ ਸੀ। ਉਹਨਾਂ ਕਿਹਾ ਕਿ ਇਹਨਾਂ ਦੇ ਅਸਤੀਫਿਆਂ ਉੱਤੇ ਕਾਰਵਾਈ ਕਰਨ ਵਿਚ ਕੀਤੀ ਦੇਰੀ ਚਾਰੇ ਹਲਕਿਆਂ ਦੇ ਵੋਟਰਾਂ ਨਾਲ ਕੋਝਾ ਮਜ਼ਾਕ ਹੈ। ਉਹਨਾਂ ਮੰਗ ਕੀਤੀ ਕਿ ਚਾਰੇ ਸੀਟਾਂ ਨੂੰ ਤੁਰੰਤ ਖਾਲੀ ਐਲਾਨਿਆ ਜਾਵੇ।
ਡਾਕਟਰ ਚੀਮਾ ਨੇ ਇਹ ਵੀ ਕਿਹਾ ਕਿ ਇੱਕ ਹੀ ਮੁੱਦੇ ਉੱਤੇ ਦੋ ਤਰ੍ਹਾਂ ਨਿਯਮ ਨਹੀਂ ਹੋ ਸਕਦੇ। ਉਹਨਾਂ ਕਰਨਾਟਕ ਅਸੰਬਲੀ ਦੇ ਸਪੀਕਰ ਕੇ ਆਰ ਰਾਮੇਸ਼ ਦੀ ਮਿਸਾਲ ਦਿੱਤੀ ਜਿਹਨਾਂ ਨੇ ਪਾਰਟੀਆਂ ਬਦਲਣ ਵਾਲੇ 17 ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦਿੱਤਾ ਸੀ ਅਤੇ ਸਦਨ ਦੇ ਬਾਕੀ ਬਚਦੇ ਕਾਰਜਕਾਲ ਦੌਰਾਨ ਉਹਨਾਂ ਦੇ ਚੋਣ ਲੜਣ ਤੇ ਪਾਬੰਦੀ ਲਾ ਦਿੱਤੀ ਸੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਸਪੀਕਰ ਦੇ ਇਸ ਫੈਸਲੇ ਸ਼ਲਾਘਾ ਕੀਤੀ ਸੀ,ਜੋ ਕਿ ਖੁਦ ਵੀ ਇੱਕ ਕਾਂਗਰਸੀ ਸੀ। ਉਹਨਾਂ ਕਿਹਾ ਕਿ ਹਾਲ ਹੀ ਵਿਚ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕ੍ਰਿਸ਼ਨ ਪਾਲ ਗੁੱਜਰ ਨੇ ਵੀ ਮੁੱਢਲੀ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਿਲ ਹੋਣ ਵਾਲੇ 5 ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਸੀ।
ਸੁਖਪਾਲ ਖਹਿਰਾ ਦੇ ਜਨਤਕ ਅਕਸ ਬਾਰੇ ਟਿੱਪਣੀ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਇਹ ਵਿਅਕਤੀ ਸਿਰਫ ਰਾਜਨੀਤੀ ਅੰਦਰ ਮੌਕਾਪ੍ਰਸਤੀ ਅਤੇ ਦਲਾਲੀ ਵਰਗੇ ਮਾੜੇ ਰੁਝਾਣਾਂ ਨੂੰ ਹੱਲਾਸ਼ੇਰੀ ਦੇਣ ਲਈ ਹੀ ਨਹੀਂ ਜਾਣਿਆ ਜਾਂਦਾ, ਸਗੋਂ ਨਸ਼ਾ ਤਸਕਰੀ ਵਰਗੇ ਘਿਨੌਣੇ ਅਪਰਾਧਾਂ ਵਿਚ ਵੀ ਇਸ ਦਾ ਨਾਂ ਬੋਲਦਾ ਹੈ। ਉਹਨਾਂ ਕਿਹਾ ਕਿ ਅਜਿਹੇ ਦਾਗੀ ਸਿਆਸਤਦਾਨਾਂ ਦੀ ਪੁਸ਼ਤਪਨਾਹੀ ਕਰਕੇ ਕਾਂਗਰਸ ਪਾਰਟੀ ਆਪਣੀ ਪੰਜਾਬ ਵਿਰੋਧੀ ਮਾਨਸਿਕਤਾ ਦਾ ਇਜ਼ਹਾਰ ਕਰ ਰਹੀ ਹੈ।