ਚੰਡੀਗੜ੍ਹ, 30 ਅਗਸਤ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਵਾਰ ਵੱਲੋਂ ਪੰਚਾਇਤਾਂ ਵੱਲੋਂ ਪਾਸ ਕੀਤੇ ਮਤਿਆਂ, ਜਿਸ ਵਿਚ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਰੱਖਣ ਦੀ ਥਾਂ ਆਪਣੇ ਘਰਾਂ ਵਿਚ ਰੱਖਣ ਦੀ ਗੱਲ ਕਹੀ ਗਈ, ਵਿਚ ਬਹੁਤ ਵੱਡੀ ਬੇਵਿਸਾਹੀ ਹੈ ਅਤੇ ਪਾਰਟੀ ਨੇ ਸਰਕਾਰ ਵੱਲੋਂ ਮਹਾਮਾਰੀ ਦੇ ਦੌਰਾਨ ਸਿਹਤ ਸੇਵਾਵਾਂ ਦੀਆਂ ਫੀਸਾਂ ਵਿਚ ਚੋਖਾ ਵਾਧਾ ਕਰ ਕੇ ਮੁਨਾਫਾ ਕਮਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਜਿਹੀਆਂ ਰਿਪੋਰਟਾਂ ਪ੍ਰਾਪਤ ਹੋ ਰਹੀਆਂ ਹਨ ਕਿ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਸ ਕੀਤੇ ਹਨ ਅਤੇ ਸਿਹਤ ਵਿਭਾਗ ਦੇ ਅਮਲੇ ਨੂੰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਲਿਜਾਣ ਤੋਂ ਵੀ ਰੋਕਿਆ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਲੋਕਾਂ ਦਾ ਸਰਕਾਰੀ ਹਸਪਤਾਲਾਂ ਵਿਚ ਵਿਸ਼ਵਾਸ ਇੰਨਾ ਜ਼ਿਆਦਾ ਘੱਟ ਗਿਆ ਹੈ ਕਿ ਉਹ ਆਪਣੇ ਘਰੇਲੂ ਮੈਂਬਰਾਂ ਨੂੰ ਘਰਾਂ ਵਿਚ ਰੱਖਣ ਲਈ ਤਿਆਰ ਹਨ ਬਜਾਏ ਕਿ ਸਰਕਾਰੀ ਸੰਸਥਾਵਾਂ ਵਿਚ ਉਹਨਾਂ ਨੂੰ ਖੱਜਲ ਖੁਆਰ ਕੀਤਾ ਜਾਵੇ। ਉਹਨਾਂ ਕਿਹਾ ਕਿ ਮਿਸ਼ਨ ਫਤਿਹ ਅਸਲ ਵਿਚ ਪੂਰੀ ਤਰ੍ਹਾਂ ਮਿਸ਼ਨ ਬੇਵਿਸਾਹੀ ਵਿਚ ਬਦਲ ਗਿਆ ਹੈ।
ਸਿਹਤ ਸੇਵਾਵਾਂ ਨੂੰ ਤੁਰੰਤ ਤਰਜੀਹ ਦੇਣ ਅਤੇ ਇਹਨਾਂ ਵਿਚ ਸੁਧਾਰ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੋਰੋਨਾ ਕੇਂਦਰਾਂ ਵਿਚ ਹਾਲਾਤਾਂ ਬਾਰੇ ਰਿਪੋਰਟਾਂ ਨੇ ਅਜਿਹੇ ਹਾਲਾਤ ਬਣਾ ਦਿੱਤੇ ਹਨ ਕਿ ਲੋਕ ਕਿਸੇ ਵੀ ਕੀਮਤ ’ਤੇ ਇਹਨਾਂ ਤੋਂ ਦੂਰ ਰਹਿਣ ਨੂੰ ਤਰਜੀਹ ਦੇਣ ਲੱਗ ਪਏ ਹਨ। ਉਹਨਾਂ ਕਿਹਾ ਕਿ ਲੋਕ ਦੱਸ ਰਹੇ ਹਨ ਕਿ ਜਿਹੜੇ ਮਰੀਜ਼ਾਂ ਨੂੰ ਕੋਈ ਲੱਛਣ ਵੀ ਨਹੀਂ ਹਨ, ਉਹਨਾਂ ਨੂੰ ਵੀ ਅਜਿਹੇ ਕੇਂਦਰਾਂ ਵਿਚ ਰਹਿਣ ਮਗਰੋਂ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਰਪੇਸ਼ ਹੋ ਗਈਆਂ ਤੇ ਇਥੇ ਮਰੀਜ਼ਾਂ ਨੂੰ ਰੋਟੀ ਤੇ ਪਾਣੀ ਵੀ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਸਰਕਾਰ ਨੂੰ ਇਹਨਾਂ ਕੇਂਦਰਾਂ ਵਿਚ ਐਮਰਜੰਸੀ ਹਾਲਾਤਾਂ ਦੇ ਆਧਾਰ ’ਤੇ ਸੇਵਾਵਾਂ ਵਿਚ ਸੁਧਾਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰਾਂ ਨੂੰ ਅਜਿਹੇ ਦੋਸ਼ ਲੱਗ ਰਹੇ ਹਨ ਕਿ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿਚ ਮ੍ਰਿਤਕ ਦੇ ਸਰੀਰ ਵਿਚੋਂ ਕਈ ਅੰਗ ਕੱਢ ਲਏ ਜਾਂਦੇ ਹਨ ਅਤੇ ਇਹਨਾਂ ਗੰਭੀਰ ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਕ ਹੋਰ ਮੰਦਭਾਗੀ ਘਟਨਾ ਵਿਚ ਅਜਿਹਾ ਸਾਹਮਣੇ ਆਇਆ ਹੈ ਕਿ ਕਾਂਗਰਸ ਸਰਕਾਰ ਲੋਕਾਂ ਦੀ ਹਾਲਾਤ ਤੋਂ ਮੁਨਾਫਾ ਕਮਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਮਹਾਮਾਰੀ ਦੇ ਦੌਰਾਨ ਬਜਾਏ ਸਿਹਤ ਸੇਵਾਵਾਂ ਨੂੰ ਹੋਰ ਵਧੇਰੇ ਲਾਭਕਾਰੀ ਬਣਾਉਣ ਦੇ ਅਤੇ ਗਰੀਬਾਂ ਨੂੰ ਮੁਫਤ ਇਲਾਜ ਮੁਹੱਈਆ ਕਰਵਾਉਣ ਦੇ ਕਾਂਗਰਸ ਸਰਕਾਰ ਨੇ ਸਾਰੀਆਂ ਸਿਹਤ ਸੇਵਾਵਾਂ ਦੀਆਂ ਦਰਾਂ ਵਿਚ ਵਾਧਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸੇਵਾਵਾਂ ਦੀਆਂ ਦਰਾਂ ਵਿਚ ਤਿੰਨ ਗੁਣਾ ਵਾਧਾ ਕੀਤਾ ਗਿਆ ਹੈ ਤੇ ਜਿਹੜੀ ਐਂਬੂਲੈਂਸ ਪਹਿਲਾਂ 5 ਰੁਪਏ ਪ੍ਰਤੀ ਕਿਲੋਮੀਟਰ ਵਿਚ ਮਿਲ ਰਹੀ ਸੀ, ਉਹ ਹੁਣ 15 ਰੁਪਏ ਪ੍ਰਤੀ ਕਿਲੋਮੀਟਰ ਵਿਚ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਕੋਰੋਨਾ ਮਰੀਜ਼ਾਂ ਨੂੰ ਹਸਪਤਾਲਾਂ ਤੱਕ ਪਹੁੰਚਾਉਣ ਦੀ ਬਹੁਤ ਜ਼ਰੂਰਤ ਹੈ ਤੇ ਇਹ ਰਿਆਇਤੀ ਦਰਾਂ ’ਤੇ ਸੇਵਾ ਮਿਲਣੀ ਚਾਹੀਦੀ ਹੈ। ਉਹਨਾਂ ਕਿਹਾ ਕਿਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਇਹ ਸੇਵਾ ਮਰੀਜ਼ਾਂ ਨੂੰ ਤਿੰਨ ਗੁਣਾ ਦਰਾਂ ’ਤੇ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਨਾਲ ਲੋਕ ਆਪਣੇ ਨਿੱਜੀ ਵਾਹਨਾਂ ਰਾਹੀਂ ਹੀ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਲਈ ਮਜਬੂਰ ਹੋਣਗੇ।
ਡਾ. ਚੀਮਾ ਨੇ ਕਿਹਾ ਕਿ ਹੋਰ ਸੇਵਾਵਾਂ ਜਿਹਨਾਂ ਵਿਚ ਪ੍ਰਾਈਵੇਟ ਵਾਰਡ ਵਿਚ ਰਹਿਣ ਦੀਆਂ ਦਰਾਂ ਵੀ 500 ਰੁਪਏ ਤੋਂ ਵਧਾ ਕੇ 1000 ਰੁਪਏ ਪ੍ਰਤੀ ਦਿਨ ਕਰ ਦਿੱਤੀਆਂ ਗਈਆਂ ਹਨ ਅਤੇ ਐਕਸ ਰੇਅ, ਅਲਟਰਾ ਸਾਊਂਡ, ਈ ਸੀ ਜੀ ਤੇ ਅਪਰੇਸ਼ਨ ਦਰਾਂ ਵਿਚ ਵੀ 15 ਤੋਂ 20 ਫੀਸਦੀ ਵਾਧਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਵਾਧੇ ਤੁਰੰਤ ਵਾਪਸ ਲਏ ਜਾਣੇ ਚਾਹੀਦੇ ਹਨ ਤੇ ਸਰਕਾਰ ਨੂੰ ਮਨੁੱਖਤਾ ਦੇ ਆਧਾਰ ’ਤੇ ਦਰਾਂ ਵਿਚ ਕਟੌਤੀ ਕਰਨੀ ਚਾਹੀਦੀ ਹੈ ਨਾ ਕਿ ਇਹਨਾਂ ਤੋਂ ਮੁਨਾਫਾ ਕਮਾਉਣਾ ਚਾਹੀਦਾ ਹੈ।