ਬਿਕਰਮ ਮਜੀਠੀਆ ਨੇ ਪੁੱਛਿਆ ਕਿ ਉਹ ਪਿਛਲੇ ਦੋ ਸਾਲਾਂ ਦੌਰਾਨ ਇੱਕ ਵੀ ਖੁਦਕੁਸ਼ੀ ਪੀੜਤ ਪਰਿਵਾਰ ਦੇ ਘਰ ਕਿਉਂ ਨਹੀਂ ਗਿਆ?
ਕਿਹਾ ਕਿ ਰਾਹੁਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੁੱਦੇ ਉੱਤੇ ਝੂਠ ਬੋਲ ਰਿਹਾ ਹੈ, ਪੰਜਾਬ ਵਿੱਚ ਨੌਕਰੀਆਂ ਦਿੱਤੀਆਂ ਨਹੀ, ਉਲਟਾ ਖੋਹੀਆਂ ਜਾ ਰਹੀਆਂ ਹਨ
ਕਾਂਗਰਸ ਦੇ ਪੀਆਰ ਸ਼ੋਅ ਬਾਰੇ ਫੰਡਾਂ ਦੀ ਬਰਬਾਦੀ ਦੀ ਨਿਖੇਧੀ ਕੀਤੀ
ਚੰਡੀਗੜ•/07 ਮਾਰਚ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਪੰਜਾਬ ਵਿਚ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਸੰਬੰਧੀ ਸ਼ਰੇਆਮ ਝੂਠ ਬੋਲ ਕੇ 900 ਖੁਦਕੁਸ਼ੀ ਪੀੜਤਾਂ ਦੀ ਰੂਹ ਦਾ ਅਪਮਾਨ ਕਰਨ ਲਈ ਸਖ਼ਤ ਨਿਖੇਧੀ ਕੀਤੀ ਹੈ। ਪਾਰਟੀ ਨੇ ਇਹ ਵੀ ਕਿਹਾ ਹੈ ਕਿ ਰਾਹੁਲ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਬਾਰੇ ਵੀ ਵੱਡੇ ਵੱਡੇ ਗੱਪ ਮਾਰੇ ਹਨ ਜਦਕਿ ਕਾਂਗਰਸ ਸਰਕਾਰ ਨੌਕਰੀਆਂ ਦੇਣ ਦੀ ਉਲਟਾ ਨੌਜਵਾਨਾਂ ਕੋਲੋਂ ਨੌਕਰੀਆਂ ਖੋਹ ਰਹੀ ਹੈ।
ਇੱਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਰਾਹੁਲ ਗਾਂਧੀ ਨੇ ਇਹ ਕਹਿੰਦਿਆਂ ਕਿ ਕਾਂਗਰਸ ਸਰਕਾਰ ਦੁਆਰਾ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾ ਚੁੱਕਿਆ ਹੈ, ਬਹੁਤ ਵੱਡਾ ਝੂਠ ਬੋਲਿਆ ਹੈ ਅਤੇ ਪੰਜਾਬੀਆਂ ਤੇ ਪੂਰੇ ਦੇਸ਼ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਵੱਡਾ ਝੂਠ ਹੈ। ਕਾਂਗਰਸ ਸਰਕਾਰ ਵਾਅਦੇ ਮੁਤਾਬਿਕ ਰਾਸ਼ਟਰੀ, ਸਹਿਕਾਰੀ ਬੈਕਾਂ ਅਤੇ ਆੜ•ਤੀਆਂ ਸਮੇਤ ਮੁਕੰਮਲ 90 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰਨ ਵਿਚ ਬੁਰੀ ਤਰ•ਾਂ ਨਾਕਾਮ ਸਾਬਿਤ ਹੋਈ ਹੈ। ਉਹਨਾਂ ਕਿਹਾ ਕਿ ਇਸ ਨੇ ਇੱਕ ਅੰਸ਼ਿਕ ਫਸਲੀ ਕਰਜ਼ਾ ਯੋਜਨਾ ਲਿਆਂਦੀ ਹੈ, ਜਿਸ ਨੇ ਸਥਿਤੀ ਹੋਰ ਖਰਾਬ ਕਰ ਦਿੱਤੀ ਹੈ ਅਤੇ 900 ਕਿਸਾਨਾਂ ਨੂੰ ਖੁਦਕੁਸ਼ੀ ਵੱਲ ਧੱਕ ਦਿੱਤਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਚੋਣ ਦੀ ਰੁੱਤ ਵਿਚ ਕਿਸਾਨਾਂ ਨੂੰ ਯਾਦ ਕਰਨ ਦਾ ਸ਼ੌਂਕ ਹੈ। ਉਹਨਾਂ ਕਿਹਾ ਕਿ ਇਹੀ ਵਜ•ਾ ਹੈ ਜਿਸ ਕਰਕੇ ਉਹ ਅੱਜ ਮੋਗਾ ਵਿਚ ਕਿਸਾਨਾਂ ਬਾਰੇ ਬੋਲਿਆ ਹੈ। ਪਰੰਤੂ ਉਸ ਨੇ ਪਿਛਲੇ ਦੋ ਸਾਲ ਦੌਰਾਨ ਉਹਨਾਂ 900 ਖੁਦਕੁਸ਼ੀ ਪੀੜਤ ਪਰਿਵਾਰਾਂ ਨਾਲ ਹਮਦਰਦੀ ਕਰਨ ਲਈ ਇੱਕ ਦਿਨ ਵੀ ਨਹੀਂ ਕੱਢਿਆ, ਜਿਹਨਾਂ ਦੇ ਸਕੇ-ਸੰਬੰਧੀ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਮੁਕਰਨ ਮਗਰੋਂ ਦੁਖੀ ਹੋ ਕੇ ਖੁਦਕੁਸ਼ੀਆਂ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਮੱਧ ਪ੍ਰਦੇਸ਼ ਵਿਚ ਖੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਨਾਲ ਹਮਦਰਦੀ ਕਰਨ ਲਈ ਸਾਲ ਵਿਚ ਦੋ ਵਾਰ ਜਾਣ ਵਾਸਤੇ ਸਮਾਂ ਇਸ ਲਈ ਮਿਲ ਗਿਆ ਕਿਉਂਕਿ ਉੱਥੇ ਅਸੰਬਲੀ ਚੋਣਾਂ ਹੋਣੀਆਂ ਸਨ। ਇਸ ਗੱਲ ਤੋਂ ਕਾਂਗਰਸ ਪ੍ਰਧਾਨ ਦੇ ਦੋਗਲੇਪਣ ਦਾ ਪਰਦਾਫਾਸ਼ ਹੋ ਜਾਂਦਾ ਹੈ ਅਤੇ ਸਾਬਿਤ ਹੋ ਜਾਂਦਾ ਹੈ ਕਿ ਉਸ ਨੇ ਪੰਜਾਬ ਦੇ ਦੁਖੀ ਕਿਸਾਨਾਂ ਨਾਲ ਕਿੰਨੀ ਕੁ ਹਮਦਰਦੀ ਹੈ?
ਸਾਬਕਾ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੁੱਦੇ ਉੱਤੇ ਵੀ ਕੋਰਾ ਝੂਠ ਬੋਲਿਆ ਹੈ। ਉੁਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਜਦਕਿ ਹੋ ਇਸ ਤੋਂ ਬਿਲਕੁੱਲ ਉਲਟ ਰਿਹਾ ਹੈ।
ਉਹਨਾਂ ਕਿਹਾ ਕਿ ਇੱਥੇ ਨੌਕਰੀਆਂ ਖੋਹੀਆਂ ਜਾ ਰਹੀਆਂ ਹਨ। ਅਕਾਲੀ ਭਾਜਪਾ ਦੁਆਰਾ ਇਸ ਸੰਬੰਧੀ ਐਕਟ ਪਾਸ ਕੀਤੇ ਜਾਣ ਦੇ ਬਾਵਜੂਦ ਠੇਕੇ ਤੇ ਭਰਤੀ ਕੀਤੇ 25 ਹਜ਼ਾਰ ਨੂੰ ਪੱਕੇ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਕਾਗਰਸ ਨੇ ਸਾਲ ਵਿਚ 60 ਲੱਖ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਕੀਤਾ ਸੀ, ਜਿਸ ਮੁਤਾਬਿਕ ਹਰ ਮਹੀਨੇ ਇੱਕ ਲੱਖ ਨੌਕਰੀਆਂ ਬਣਦੀਆਂ ਸਨ। ਪਰੰਤੂ ਇਸ ਨੇ ਇੱਕ ਵੀ ਨੌਕਰੀ ਨਹੀਂ ਦਿੱਤੀ ਹੈ। ਕਾਂਗਰਸ ਸਰਕਾਰ ਨੌਜਵਾਨਾਂ ਨੂੰ ਵਾਅਦੇ ਅਨੁਸਾਰ 2 ਹਜ਼ਾਰ ਰੁਪਏ ਬੇਰੁਜ਼ਗਾਰੀ ਭੱਤਾ ਦੇਣ ਵਿਚ ਵੀ ਨਾਕਾਮ ਰਹੀ ਹੈ। ਇਸ ਵੱਲੋਂ ਤਕਰੀਬਨ 150 ਨੌਜਵਾਨਾਂ ਨੂੰ ਮਹਿਜ਼ 150ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇ ਕੇ ਉਹਨਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ।
ਰਾਹੁਲ ਗਾਂਧੀ ਨੂੰ ਝੂਠ ਬੋਲਣ ਤੋਂ ਵਰਜਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਅਸਲੀ ਤਸਵੀਰ ਇਹ ਹੈ ਕਿ ਕਿਸਾਨ ਆਪਣੇ ਗੰਨੇ ਦੇ ਬਕਾਏ ਲੈਣ ਲਈ ਰੇਲਵੇ ਲਾਇਨਾਂ ਉੱਤੇ ਬੈਠੇ ਹਨ। ਕਰਮਚਾਰੀ ਨਵਾਂ ਤਨਖਾਹ ਕਮਿਸ਼ਨ ਲਾਗੂ ਕਰਵਾਉਣ ਅਤੇ ਡੀਏ ਦੀਆਂ ਕਿਸ਼ਤਾਂ ਸਮੇਤ ਬਕਾਏ ਲੈਣ ਅਤੇ ਪੱਕੇ ਕੀਤੇ ਜਾਣ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ। ਉਹਨਾਂ ਕਿਹਾ ਇਹਨਾਂ ਸਾਰਿਆਂ ਦੀਆਂ ਮੰਗਾਂ ਲਾਠੀਚਾਰਜ ਕਰਕੇ ਦਬਾਇਆ ਜਾ ਰਿਹਾ ਹੈ ਅਤੇ ਔਰਤਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਤੁਸੀਂ ਵੀ ਸਰਕਾਰੀ ਖਰਚੇ ਉੱਤੇ ਹੋਏ ਕਾਂਗਰਸ ਪਾਰਟੀ ਦੇ ਇੱਕ ਪੀਆਰ ਸ਼ੋਅ ਦੀ ਪ੍ਰਧਾਨਗੀ ਕਰ ਰਹੇ ਹੋ।
ਅਕਾਲੀ ਦਲ ਨੇ ਕੁੱਝ ਕਿਸਾਨਾਂ ਨੂੰ ਚੈੱਕ ਦੇਣ ਦੇ ਨਾਂ ਉੱਤੇ ਕੀਤੀ ਇਸ ਚੋਣ ਰੈਲੀ ਉਤੇ ਜਨਤਾ ਦੇ ਪੈਸੇ ਨੂੰ ਵਹਾਉਣ ਲਈ ਕਾਂਗਰਸ ਸਰਕਾਰ ਦੀ ਨਿਖੇਧੀ ਕੀਤੀ। ਉੁਹਨਾਂ ਕਿਹਾ ਕਿ ਇਸ ਰੈਲੀ ਦੇ ਪ੍ਰਬੰਧ ਅਤੇ ਲੋਕਾਂ ਦੀ ਢੋਅ ਢੁਆਈ ਉੱਤੇ ਖਰਚੇ ਗਏ ਪੈਸੇ ਨੂੰ ਸਕੂਲੀ ਵਿਦਿਆਰਥੀਆਂ ਨੂੰ ਵਰਦੀਆਂ ਦੇਣ ਲਈ ਇਸਤੇਮਾਲ ਕੀਤਾ ਜਾ ਸਕਦਾ ਸੀ ਜਾਂ ਪੰਜਾਬ ਦੇ ਇਤਿਹਾਸ ਵਿਚ ਸਭ ਤੋਂ ਨਿਰਦਈ ਸਰਕਾਰ ਖਿਲਾਫ ਪ੍ਰਦਰਸ਼ਨ ਦੌਰਾਨ ਇਮਾਰਤ ਤੋਂ ਛਾਲ ਮਾਰ ਕੇ ਜ਼ਖ਼ਮੀ ਹੋਈਆਂ ਨਰਸਾਂ ਨੂੰ ਮੁਆਵਜ਼ੇ ਵਜੋਂ ਦਿੱਤਾ ਜਾ ਸਕਦਾ ਸੀ।